Night Curfew also : ਕੋਰੋਨਾ ਦੇ ਵਧਦੇ ਪ੍ਰਭਾਵ ਨੂੰ ਰੋਕਣ ਲਈ ਅਤੇ ਲੋਕ ਹਿੱਤ ਨੂੰ ਧਿਆਨ ‘ਚ ਰੱਖਦੇ ਹੋਏ ਜਿਲ੍ਹਾ ਫਤਿਹਗੜ੍ਹ ਸਾਹਿਬ ‘ਚ ਵੀ ਅੱਜ ਤੋਂ ਨਾਈਟ ਕਰਫਿਊ ਲਗਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਕਰਫਿਊ ਰਾਤ 11 ਵਜੇ ਤੋਂ ਸਵੇਰੇ 5 ਵਜੇ ਤਕ ਲਗਾਇਆ ਗਿਆ ਹੈ। ਜਾਣਕਾਰੀ ਦਿੰਦਿਆਂ ਆਈ. ਏ. ਐੱਸ. ਅੰਮ੍ਰਿਤ ਕੌਰ ਗਿੱਲ ਨੇ ਦੱਸਿਆ ਕਿ ਪੰਜਾਬ ‘ਚ ਵਧਦੇ ਕੋਰੋਨਾ ਕੇਸਾਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ ਤੇ ਅੱਜ ਤੋਂ ਅਗਲੇ ਹੁਕਮਾਂ ਤੱਕ ਰਾਤ ਨੂੰ 11 ਵਜੇ ਤੋਂ ਸਵੇਰੇ 5 ਵਜੇ ਤਕ ਕਰਫਿਊ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਜਾਣਕਾਰੀ ਦਿੰਦਿਆਂ ਆਈ. ਏ. ਐੱਸ. ਅਧਿਕਾਰੀ ਨੇ ਦੱਸਿਆ ਕਿ ਇਹ ਹੁਕਮ ਜ਼ਰੂਰੀ ਸੇਾਵਾਂ ਜਿਵੇਂ ਹਸਪਤਾਲ, ਲੈਬਾਰਟਰੀਆਂ, ਦਵਾਈਆਂ ਦੀਆਂ ਦੁਕਾਨਾਂ, ਮੈਡੀਕਲ ਐਮਰਜੈਂਸੀ, ਡਿਊਟੀ ‘ਤੇ ਤਾਇਨਾਤ ਪੁਲਿਸ ਮੁਲਾ਼ਜ਼ਮਾਂ, ਸਰਕਾਰੀ ਅਫਸਰਾਂ ਤੇ ਹੋਰ ਕੋਈ ਐਮਰਜੈਂਸੀ ਜਿਸ ਨਾਲ ਜਾਨ ਮਾਲ ਨੂੰ ਖਤਰਾ ਹੋਵੇ ‘ਤੇ ਲਾਗੂ ਨਹੀਂ ਹੋਵੇਗਾ। ਫੈਕਟਰੀਆਂ ‘ਚ ਉਤਪਾਦਨ ਦੀ ਆਗਿਆ ਦਿੱਤੀ ਗਈ ਹੈ ਤੇ ਇਸ ਦੇ ਨਾਲ ਹੀ ਨੈਸ਼ਨਲ ਤੇ ਸਟੇਟ ਹਾਈਵੇ ‘ਤੇ ਕਰਾਸ ਕਰ ਰਹੇ ਟ੍ਰੈਫਿਕ ਨੂੰ ਵੀ ਜਾਣ ਦੀ ਇਜਾਜ਼ਤ ਹੋਵੇਗੀ।
ਦੱਸਣਯੋਗ ਹੈ ਕਿ ਇੱਕ ਵਾਰ ਫਿਰ ਰਾਜ ਵਿਚ ਕੋਰੋਨਾ ਦੇ ਸਰਗਰਮ ਮਾਮਲੇ 10 ਹਜ਼ਾਰ ਨੂੰ ਪਾਰ ਕਰ ਗਏ ਹਨ। ਇਸ ਤੋਂ ਪਹਿਲਾਂ ਪੰਜਾਬ ਦੇ ਲੁਧਿਆਣਾ, ਪਟਿਆਲਾ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਵਿਚ ਰਾਤ ਦਾ ਕਰਫਿਊ ਲਗਾਇਆ ਗਿਆ ਹੈ। ਰੋਜ਼ਾਨਾ ਵਧਦੇ ਕੋਰੋਨਾ ਕੇਸਾਂ ਨੂੰ ਦੇਖਦੇ ਹੋਏ ਜਿਲ੍ਹਾ ਪੱਧਰ ‘ਤੇ ਇਹ ਐਲਾਨ ਕੀਤੇ ਜਾ ਰਹੇ ਹਨ।