Learn about the : ਸ੍ਰੀ ਗੁਰੂ ਰਾਮ ਦਾਸ ਸਿੱਖਾਂ ਦੇ ਚੌਥੇ ਗੁਰੂ ਸਹਿਬਾਨ ਜਿਨ੍ਹਾਂ ਨੇ ਸਿੱਖਾਂ ਨੂੰ ਅੰਮ੍ਰਿਤਸਰ ਵਰਗੀ ਪਵਿਤਰ ਧਰਤੀ ‘ਤੇ ਰਾਮਦਾਸ ਸਰੋਵਰ ਬਖਸ਼ਿਆ ਜਿਥੇ ਹਰ ਰੋਜ਼ ਹਜ਼ਾਰਾਂ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਆਉਂਦੀਆਂ , ਦਰਸ਼ਨ ਕਰਕੇ ਆਪਣੇ ਤਨ ਮਨ ਦੀ ਠੰਡਕ ਤੇ ਸ਼ਾਂਤੀ ਲੈ ਕੇ ਪਰਤਦੀਆਂ ।ਇਸ ਵਿਚ ਹੀ ਪਾਵਨ ਹਰਮੰਦਿਰ ਸਾਹਿਬ ਦੀ ਸਾਜਨਾ ਤੇ ਗੁਰੂ ਗ੍ਰੰਥ ਸਾਹਿਬ – ਸਿਖਾਂ ਦੇ ਗਿਆਰਵੇਂ ਗੁਰੂ ਅਸਥਾਨ ਦੀ ਸਥਾਪਨਾ ਕਰਕੇ ਇਸ ਧਰਤੀ ਨੂੰ ਸਵਰਗ ਬਣਾ ਦਿਤਾ ਤੇ ਅੰਮ੍ਰਿਤਸਰ ਸਿਫਤੀ ਦਾ ਘਰ ਬਣ ਗਿਆ। ਗੁਰਦੁਆਰਾ ਟਾਹਲੀ ਸਾਹਿਬ ਸੰਤੋਖਸਰ ਨਾਲ ਜੁੜਿਆ ਹੋਇਆ ਹੈ ਜੋ ਪੁਰਾਣੇ ਸ਼ਹਿਰ ਦੇ ਬਿਲਕੁਲ ਵਿਚਕਾਰ ਟਾਊਨ ਹਾਲ ਦੇ ਨੇੜੇ ਹੈ।
ਸ੍ਰੀ ਗੁਰੂ ਰਾਮਦਾਸ ਜੀ ਨੇ ਗੋਇੰਦਵਾਲ ਤੋਂ ਆ ਕੇ ਪਹਿਲਾਂ ਇਸ ਅੰਮ੍ਰਿਤ ਸਰੋਵਰ ਦੀ ਖੁਦਾਈ ਦਾ ਕੰਮ ਆਰੰਭ ਕੀਤਾ। ਇਸ ਤਰ੍ਹਾਂ ਇਸ ਸਰੋਵਰ ਨੂੰ ਇਤਿਹਾਸ ਦੇ ਪਹਿਲੇ ਸਰੋਵਰ ਹੋਣ ਦਾ ਮਾਣ ਪ੍ਰਾਪਤ ਹੈ | ਫ਼ਿਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੇਵਾ ਆਰੰਭ ਕਰਵਾਈ ਅਤੇ ਸੈਂਕੜੇ ਹੀ ਸਿੱਖ ਸੇਵਾ ਕਰਨ ਲਗੇ । ਗੁਰ ਸਿੱਖ ਉਤਸ਼ਾਹ ਨਾਲ ਸਰੋਵਰ ਦੀ ਖੁਦਾਈ ਕਰਕੇ ਮਿੱਟੀ ਬਾਹਰ ਢੋਈ ਜਾਂਦੇ ਅਤੇ ਸਰੋਵਰ ਦੀ ਖੁਦਾਈ ਹੇਠੋਂ ਇੱਕ ਮਠ ਇਕ ਤਰ੍ਹਾਂ ਦੀ ਗੁਫ਼ਾ ਨਿਕਲੀ।
ਗੁਰੂ ਸਾਹਿਬ ਦੇ ਹੁਕਮ ‘ਤੇ ਮਠ ਖੋਜਣ ‘ਤੇ ਉਸ ਵਿਚ ਇੱਕ ਜੋਗੀ ਸਮਾਧੀ ਲਾਈ ਬੈਠਾ ਸੀ ਉਸਦਾ ਮਥਾ ਸਿਤਾਰੇ ਵਾਂਗ ਚਮਕ ਰਿਹਾ ਸੀ ਜਦ ਜੋਗੀ ਨੇ ਨੇਤਰ ਖੋਲੇ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਹੋਏ ਤਾਂ ਉਸਨੇ ਗੁਰੂ ਸਾਹਿਬ ਦੇ ਚਰਨਾਂ ‘ਤੇ ਸਿਰ ਰਖ ਦਿੱਤਾ ਅਤੇ ਬੇਨਤੀ ਕੀਤੀ ਮੈਂ ਆਪਣੇ ਗੁਰੂ ਦੇ ਹੁਕਮ ਨਾਲ ਕਾਫ਼ੀ ਸਮੇਂ ਤੋਂ ਇਥੇ ਬੈਠਾਂ ਹਾਂ।ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਗਿਆਨ ਦੇ ਕੇ ਉਸ ਦਾ ਉਧਾਰ ਕੀਤਾ ਅਤੇ ਉਸ ਨੂੰ ਸੰਤੋਖ ਬਖਸ਼ਿਆ। ਗੁਰੂ ਸਾਹਿਬ ਟਾਹਲੀ ਹੇਠ ਬੈਠਿਆ ਕਰਦੇ ਸਨ । ਇਸ ਕਰਕੇ ਇਸ ਸਥਾਨ ਦਾ ਨਾਂ ਟਾਹਲੀ ਸਾਹਿਬ ਪੈ ਗਿਆ।