shaheed udham singh: 13 ਮਾਰਚ ਨੂੰ ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਇਤਿਹਾਸ ਦਾ ਬਹੁਤ ਮਹੱਤਵਪੂਰਨ ਦਿਨ ਮੰਨਿਆ ਜਾਂਦਾ ਹੈ। 1940 ਵਿੱਚ ਭਾਰਤੀ ਕ੍ਰਾਂਤੀਕਾਰੀ ਊਧਮ ਸਿੰਘ ਨੇ 21 ਸਾਲ ਪਹਿਲਾਂ ਹੋਏ ਜਲ੍ਹਿਆਂਵਾਲਾ ਬਾਗ ਹੱਤਿਆਕਾਂਡ ਦਾ ਬਦਲਾ ਲੈਣ ਵਿੱਚ ਸਫਲਤਾ ਹਾਸਲ ਕੀਤੀ ਸੀ। ਇਸ ਦਾ ਦੇਸ਼ ਭਰ ਵਿੱਚ ਅੰਗਰੇਜ਼ੀ ਹਕੂਮਤ ਦੇ ਖਿਲਾਫ ਰੋਸ਼ ਭਰ ਗਿਆ ਸੀ ਅਤੇ ਊਧਮ ਸਿੰਘ ਨੇ ਇਸਦਾ ਬਦਲਾ ਲੈਣ ਦੀ ਕਸਮ ਖਾਈ ਸੀ। ਦੱਸਣਯੋਗ ਹੈ ਕਿ 13 ਅਪ੍ਰੈਲ 1919 ਨੂੰ ਵਿਸਾਖੀ ਦੇ ਦਿਨ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਵਿੱਚ ਅੰਗਰੇਜ਼ੀ ਹਕੂਮਤ ਦੇ ਰੋਲੇਟ ਐਕਟ ਦੇ ਵਿਰੋਧ ਵਿੱਚ ਇੱਕ ਸਭਾ ਹੋ ਰਹੀ ਸੀ।
ਇਸ ਸਭਾ ਨੂੰ ਰੋਕਣ ਲਈ ਬ੍ਰਿਟਿਸ਼ ਅਧਿਕਾਰੀ ਜਨਰਲ ਡਾਇਰ ਨੇ ਅੰਨ੍ਹੇਵਾਹ ਗੋਲੀਆਂ ਚਲਾਵਾ ਦਿੱਤੀਆਂ ਜਿਸਦੀ ਵਜ੍ਹਾ ਨਾਲ ਸਭਾ ਵਿੱਚ ਮੌਜੂਦ ਸਾਰੇ ਲੋਕ ਜਾਂ ਤਾਂ ਜਖ਼ਮੀ ਹੋ ਗਏ ਜਾਂ ਫਿਰ ਉਨ੍ਹਾਂ ਦੀ ਮੌਤ ਹੋ ਗਈ। ਇਸ ਘਟਨਾ ਦੇ ਦੌਰਾਨ ਬਹੁਤ ਸਾਰੇ ਲੋਕਾਂ ਨੇ ਗੋਲੀਆਂ ਤੋਂ ਬਚਣ ਲਈ ਬਾਗ ਦੇ ਖੂਹ ਵਿੱਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਸੀ। ਜਨਰਲ ਡਾਇਰ ਨੇ ਬਿਨ੍ਹਾਂ ਚਿਤਾਵਨੀ ਗੋਲੀਆਂ ਚਲਾਈਆਂ ਅਤੇ ਔਰਤਾਂ ਦੇ ਨਾਲ-ਨਾਲ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ। 10 ਮਿੰਟ ਵਿੱਚ ਕੁੱਲ 1650 ਰਾਊਂਡ ਗੋਲੀਆਂ ਚਲਾਈਆਂ ਗਈਆਂ। ਕਿਹਾ ਜਾਂਦਾ ਹੈ ਕਿ 1000 ਤੋਂ ਵੱਧ ਲੋਕ ਮਾਰੇ ਗਏ ਅਤੇ 2000 ਤੋਂ ਵੱਧ ਲੋਕ ਜਖ਼ਮੀ ਹੋਏ ਸਨ।
ਇਹ ਸਭ ਕੁੱਝ ਜਨਰਲ ਡਾਇਰ ਦੇ ਕਹਿਣ ਤੇ ਹੋਇਆ ਸੀ। ਉਸ ਸਮੇਂ ਪੰਜਾਬ ਦੇ ਗਵਰਨਰ ਮਾਈਕਲ ਓ ਡਾਇਰ ਸਨ। ਇਸ ਤੋਂ ਬਾਅਦ ਊਧਮ ਸਿੰਘ ਦੇ ਮਨ ‘ਚ ਗੁੱਸਾ ਦੀ ਜਵਾਲਾ ਭੜਕੀ ਅਤੇ ਉਸਨੇ ਆਪਣੇ ਸਾਥੀਆਂ ਨਾਲ ਮਿਲਕੇ ਜਰਨਲ ਡਾਇਰ ਨੂੰ ਮਾਰਨ ਦੀ ਯੋਜਨਾ ਬਣਾਈ। ਰਾਇਲ ਸੈਂਟਰਲ ਏਸ਼ੀਅਨ ਸੁਸਾਇਟੀ ਦੀ 13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਹਾਲ ‘ਚ ਬੈਠਕ ਸੀ ਜਿਸ ‘ਚ ਪੰਜਾਬ ਦੇ ਗਵਰਨਰ ਜਨਰਲ ਮਾਈਕਲ ਓ ਡਾਇਰ ਨੇ ਵੀ ਸ਼ਾਮਿਲ ਹੋਣਾ ਸੀ। ਕੈਕਸਟਨ ਹਾਲ ‘ਚ ਬੈਠਕ ‘ਚ ਊਧਮ ਸਿੰਘ ਵੀ ਪਹੁੰਚੇ ਸੀ। ਜਿਵੇਂ ਹੀ ਡਾਇਰ ਭਾਸ਼ਣ ਤੋਂ ਬਾਅਦ ਆਪਣੀ ਕੁਰਸੀ ਵੱਲ ਚੱਲਿਆ ਤਾਂ ਊਧਮ ਸਿੰਘ ਨੇ ਕਿਤਾਬ ‘ਚ ਲੁਕੋ ਕੇ ਰੱਖੀ ਰਿਵਾਲਵਰ ਕੱਢੀ ਤੇ ਗੋਲੀਆਂ ਚਲਾ ਦਿੱਤੀਆਂ।
ਇਸ ਦੌਰਾਨ ਡਾਇਰ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ। ਹੱਤਿਆ ਕਰਨ ਤੋਂ ਬਾਅਦ ਊਧਮ ਸਿੰਘ ਉਥੋਂ ਭੱਜੇ ਨਹੀਂ ਅਤੇ ਉਨ੍ਹਾਂ ਨੇ ਆਪਣੀ ਗ੍ਰਿਫਤਾਰੀ ਕਰਵਾਈ ਅਤੇ ਉਨ੍ਹਾਂ ਤੇ ਮੁਕੱਦਮਾ ਚੱਲਿਆ। ਕੋਰਟ ‘ਚ ਜਦੋਂ ਊਧਮ ਸਿੰਘ ਨੂੰ ਜੱਜ ਨੇ ਇਹ ਸਵਾਲ ਕੀਤਾ ਕਿ ਉਹ ਡਾਇਰ ਦੇ ਸਾਥੀਆਂ ਨੂੰ ਵੀ ਮਾਰ ਸਕਦੇ ਸਨ ਪਰ ਉਨ੍ਹਾਂ ਨੇ ਅਜਿਹਾ ਕਿਉਂ ਨਹੀਂ ਕੀਤਾ। ਇਸ ਤੇ ਊਧਮ ਸਿੰਘ ਨੇ ਜਵਾਬ ਦਿੱਤਾ ਕਿ ਉੱਥੇ ਕਈ ਔਰਤਾਂ ਵੀ ਸਨ ਅਤੇ ਭਾਰਤੀ ਸੰਸਕ੍ਰਿਤੀ ਵਿੱਚ ਔਰਤਾਂ ਤੇ ਹਮਲਾ ਕਰਨਾ ਪਾਪ ਹੈ। ਇਸ ਤੋਂ ਬਾਅਦ 31 ਜੁਲਾਈ 1940 ਨੂੰ ਉਨ੍ਹਾਂ ਨੂੰ ਫ਼ਾਂਸੀ ਦਿੱਤੀ ਗਈ।