Vigilance launches probe : ਆਯੁਸ਼ਮਾਨ ਯੋਜਨਾ ‘ਚ ਪਿਛਲੇ ਕੁਝ ਸਮੇਂ ਤੋਂ ਵੱਡੀ ਘਪਲੇਬਾਜ਼ੀ ਸਾਹਮਣੇ ਆਈ ਹੈ। ਵਿਜੀਲੈਂਸ ਨੇ ਆਯੁਸ਼ਮਾਨ ਯੋਜਨਾ ਦੇ ਵੱਡੇ ਧੋਖਾਧੜੀ ਬਾਰੇ ਆਪਣੀ ਜਾਂਚ ਤੇਜ਼ ਕਰ ਦਿੱਤੀ ਹੈ। ਸ਼ੁੱਕਰਵਾਰ ਨੂੰ ਵਿਜੀਲੈਂਸ ਨੇ ਜਲੰਧਰ ਦੇ 7 ਵੱਡੇ ਹਸਪਤਾਲਾਂ ਵਿੱਚ ਜਾਂਚ ਕੀਤੀ। ਇਥੋਂ ਵਿਜੀਲੈਂਸ ਨੇ ਇਸ ਸਕੀਮ ਅਧੀਨ ਇਲਾਜ ਕਰਵਾ ਰਹੇ ਮਰੀਜ਼ਾਂ ਦਾ ਰਿਕਾਰਡ ਆਪਣੇ ਕਬਜ਼ੇ ਵਿਚ ਕਰ ਲਿਆ ਹੈ। ਰਿਕਾਰਡ ਇੰਨਾ ਜ਼ਿਆਦਾ ਹੈ ਕਿ ਵਿਜੀਲੈਂਸ ਨੇ ਹਸਪਤਾਲ ਦੇ ਰਿਕਾਰਡ ਕਮਰੇ ਨੂੰ ਸੀਲ ਕਰ ਦਿੱਤਾ ਹੈ। ਇਥੇ ਫਿਰ ਸ਼ਨੀਵਾਰ ਨੂੰ ਜਾਂਚ ਸ਼ੁਰੂ ਕੀਤੀ ਜਾਵੇਗੀ। ਇੰਨਾ ਹੀ ਨਹੀਂ ਵਿਜੀਲੈਂਸ ਦੀ ਇਕ ਹੋਰ ਟੀਮ ਨੇ ਸੁਲਤਾਨਪੁਰ ਲੋਧੀ (ਕਪੂਰਥਲਾ) ਦੇ ਅਮਨਪ੍ਰੀਤ ਹਸਪਤਾਲ ਵਿਖੇ ਜਾਂਚ ਕੀਤੀ। ਇਥੇ ਰਾਤ ਤੱਕ ਜਾਂਚ ਚੱਲ ਰਹੀ ਹੈ। ਇਸ ਯੋਜਨਾ ਤਹਿਤ ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਵਿੱਚ ਕੁੱਲ 77 ਹਸਪਤਾਲ ਅਤੇ 33 ਸਰਕਾਰੀ ਹਸਪਤਾਲ ਪੜਤਾਲ ਦੇ ਘੇਰੇ ਵਿੱਚ ਆਏ ਹਨ। ਹੁਣ ਇਹ ਮੁਢਲੀ ਜਾਂਚ ਹੈ, ਜੇ ਜਾਂਚ ‘ਚ ਧਾਂਦਲੀ ਨਿਕਲਦੀ ਹੈ ਤਾਂ ਹਸਪਤਾਲ ਕਾਨੂੰਨ ਦੇ ਦਾਇਰੇ ਵਿੱਚ ਆ ਜਾਣਗੇ।
ਦੂਜੇ ਪਾਸੇ ਐਸਐਸਪੀ (ਵਿਜੀਲੈਂਸ) ਦਲਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਫਿਲਹਾਲ ਇਹ ਮੁੱਢਲੀ ਜਾਂਚ ਹੈ। ਇਸ ਲਈ, ਅਸੀਂ ਕਿਸੇ ਵੀ ਹਸਪਤਾਲ ਬਾਰੇ ਜਾਣਕਾਰੀ ਜਨਤਕ ਨਹੀਂ ਕਰ ਰਹੇ ਹਾਂ। ਵਿਜੀਲੈਂਸ ਬਿਊਰੋ ਦੇ ਚੀਫ ਡਾਇਰੈਕਟਰ, ਡੀਜੀਪੀ ਬੀ ਕੇ ਉੱਪਲ ਨੂੰ ਮਿਲਣ ਤੋਂ ਬਾਅਦ, ਵਿਜੀਲੈਂਸ ਦੀ 5 ਮੈਂਬਰੀ ਟੀਮ ਨੇ ਇਕੋ ਸਮੇਂ ਸਵੇਰੇ 10 ਵਜੇ 7 ਥਾਵਾਂ ਦੀ ਜਾਂਚ ਕੀਤੀ। ਇਨ੍ਹਾਂ ਵਿੱਚ ਕੈਪੀਟਲ ਹਸਪਤਾਲ, ਮਨ ਮੈਡੀਸਿਟੀ ਹਸਪਤਾਲ, ਆਕਸਫੋਰਡ ਹਸਪਤਾਲ, ਫੁੱਟਬਾਲ ਚੌਕ ਨੇੜੇ ਸਥਿਤ ਅਰਮਾਨ ਹਸਪਤਾਲ, ਗੰਗਾ ਆਰਥੋ ਕੇਅਰ ਹਸਪਤਾਲ, ਲਿੰਕ ਰੋਡ ਵਿਖੇ ਨਵਾਂ ਰੂਬੀ ਹਸਪਤਾਲ ਅਤੇ ਬੀਐਸਐਫ ਚੌਕ ਨੇੜੇ ਸਰਵੋਦਿਆ ਹਸਪਤਾਲ ਸ਼ਾਮਲ ਹਨ। ਟੀਮ ਸਿੱਧੇ ਰਿਕਾਰਡ ਰੂਮ ਵਿਚ ਗਈ ਅਤੇ ਜਾਂਚ ਸ਼ੁਰੂ ਕੀਤੀ।
ਵਿਜੀਲੈਂਸ ਕੋਲ ਇੱਕ ਲੰਬੀ ਸੂਚੀ ਹੈ, ਜੋ ਸਕੀਮ ਦੇ ਅਧੀਨ ਇਲਾਜ ਕਰਵਾ ਰਹੇ ਮਰੀਜ਼ਾਂ ਦਾ ਵੇਰਵਾ ਦਿੰਦੀ ਹੈ। ਵਿਜੀਲੈਂਸ ਟੀਮ ਜਾਂਚ ਕਰ ਰਹੀ ਹੈ ਕਿ ਸ਼ੱਕੀ ਵਿਅਕਤੀ ਦਾ ਰਿਕਾਰਡ ਕੀ ਹੈ। ਦੇਰ ਸ਼ਾਮ 7.30 ਵਜੇ ਟੀਮ ਦੀ ਜਾਂਚ ਪੂਰੀ ਨਹੀਂ ਹੋ ਸਕੀ। ਇਸ ਲਈ ਸਾਰਾ ਮਾਮਲਾ ਚੰਡੀਗੜ੍ਹ ਹੈੱਡਕੁਆਰਟਰ ਦੇ ਧਿਆਨ ਵਿੱਚ ਲਿਆਂਦਾ ਗਿਆ। ਡੀਜੀਪੀ ਬੀ ਕੇ ਉੱਪਲ ਦੇ ਆਦੇਸ਼ਾਂ ‘ਤੇ, ਵਿਜੀਲੈਂਸ ਨੇ ਰਿਕਾਰਡ ਰੂਮ ਨੂੰ ਸੀਲ ਕਰ ਦਿੱਤਾ ਹੈ ਤਾਂ ਕਿ ਉਹ ਸ਼ਨੀਵਾਰ ਨੂੰ ਵੀ ਆਪਣੀ ਜਾਂਚ ਸ਼ੁਰੂ ਕਰ ਸਕੇ। ਇਹ ਜਾਂਚ ਲੰਬੇ ਸਮੇਂ ਤੱਕ ਚੱਲੇਗੀ, ਕਿਉਂਕਿ ਵਿਜੀਲੈਂਸ ਹਰ ਫਾਈਲ ਦੇ ਅੰਦਰ ਲੁਕੀਆਂ ਖਾਮੀਆਂ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਵਿਜੀਲੈਂਸ ਡਾਕਟਰਾਂ ਦੀ ਆਪਣੀ ਟੀਮ ਦੀ ਮਦਦ ਵੀ ਲੈ ਰਹੀ ਹੈ।