Mata Ganga Ji : ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਤਨੀ ਅਤੇ ਸ੍ਰੀ ਗੁਰੂ ਹਰਿਗੋਬਿੰਦ ਜੀ ਦੀ ਮਾਤਾ ਗੰਗਾ ਜੀ ਦਾ ਜਨਮ ਫਿਲੌਰ ਨੇੜੇ ਮਉ ਨਾਂ ਦੇ ਪਿੰਡ ‘ਚ ਭਾਈ ਕਿਸ਼ਨ ਚੰਦ ਖੱਤਰੀ ਦੇ ਘਰ ਹੋਇਆ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਹਿਲੀ ਸ਼ਾਦੀ ਬੀਬੀ ਰਾਮਦੇਈ ਨਾਲ ਸੰਨ 1575ਈ. ਵਿਚ ਹੋਈ ਤੇ ਦੂਜੀ ਸ਼ਾਦੀ ਮਾਤਾ ਗੰਗਾ ਜੀ ਨਾਲ ਸੰਨ 1589ਈ. ਵਿਚ ਹੋਈ। ਮਾਤਾ ਜੀ ਲੰਗਰ ਦੀ ਸੇਵਾ ਸੰਭਾਲ ਤੇ ਸਾਧ ਸੰਗਤ ਦੀਆਂ ਸੁਵਿਧਾਵਾਂ ਦਾ ਖਿਆਲ ਰੱਖਦੇ। ਆਪ ਜੀ ਨੇ ਕਰਤਾਰਪੁਰ ‘ਚ ਲੋਕ ਹਿੱਤ ਲਈ ਸੰਨ 1600ਈ. ‘ਚ ਖੂਹ ਲਗਵਾਇਆ ਜੋ ਗੰਗਾਸਰ ਦੇ ਨਾਂ ਨਾਲ ਪ੍ਰਸਿੱਧ ਹੋਇਆ। ਮਾਤਾ ਗੰਗਾ ਜੀ ਦੀ ਵੀ ਜਦੋਂ ਔਲਾਦ ਨਾ ਹੋਈ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਲਾਹ ਨਾਲ ਬਾਬਾ ਬੁੱਢਾ ਜੀ ਪਾਸ ਗਏ।ਬਾਬਾ ਬੁੱਢਾ ਜੀ ਉਸ ਸਮੇਂ ਝਬਾਲ ਦੀ ਬੀੜ ‘ਚ ਪਸ਼ੂਆਂ ਦੀ ਸੰਭਾਲ ਕਰਦੇ ਸਨ।
ਇੱਕ ਦਿਨ ਬਹੁਤ ਚੰਗੇ ਪਕਵਾਨ ਬਣਾ ਕੇ ਤੇ ਰਥ ਵਿਚ ਸਵਾਰ ਹੋ, ਹੋਰ ਟਹਿਲਣਾ ਸਮੇਤ ਮਾਤਾ ਜੀ ਬਾਬਾ ਜੀ ਵੱਲ ਗਏ ਪਰ ਬਾਬਾ ਜੀ ਦੇ ਇਹ ਬਚਨ ਸੁਣ ਕੇ ਕਿ ‘ਗਿਰ ਕਿਆਂ ਨੂੰ ਕੀ ਭਾਜੜ ਪੈ ਗਈ ਹੈ’ ਮਾਤਾ ਜੀ ਨਿਰਾਸ਼ ਹੋ ਗਈ। ਗੁਰੂ ਜੀ ਨੇ ਸਾਰਾ ਪ੍ਰਸੰਗ ਸੁਣ ਕੇ ਨਿਮਰਤਾ ਸਹਿਤ ਜਾਣ ਲਈ ਕਿਹਾ ਕਿ ਇੱਕ ਦਿਨ ਮਾਤਾ ਜੀ ਮਿੱਸੇ ਪ੍ਰਸ਼ਾਦੇ ਗੰਢੇ ਤੇ ਲੱਸੀ ਲੈ ਕੇ ਪੈਦਲ ਚੱਲ ਕੇ ਬਾਬਾ ਬੁੱਢਾ ਜੀ ਪਾਸ ਗਏ। ਪ੍ਰਸਾਦਾ ਛੱਕ ਰਹੇ ਬਾਬਾ ਜੀ ਜਦ ਹੱਥ ਨਾਲ ਗੰਢਾ ਭੰਨਦੇ ਸਨ ਤਾਂ ਵਰ ਦਿੰਦੇ ਸਨ ਕਿ ਆਪ ਦੇ ਘਰ ਜੋ ਪੁੱਤਰ ਜਨਮੇਗਾ ਉਹ ਇਸ ਤਰ੍ਹਾਂ ਜ਼ਾਲਮਾਂ ਦੇ ਸਿਰ ਭੰਨੇਗਾ। ਮਾਤਾ ਜੀ ਬਾਬਾ ਬੁੱਢਾ ਪਾਸ ਗਏ ਤੇ ਪੁੱਤਰ ਰਤਨ ਦਾ ਵਰਦਾਨ ਪ੍ਰਾਪਤ ਹੋਇਆ।
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਬਹੁਤ ਦ੍ਰਿੜ ਹਿਰਦੇ ਨਾਲ ਜਰਿਆ ਅਤੇ 11 ਸਾਲ ਦੇ ਬਾਲ ਹਰਿਗੋਬਿੰਦ ਅੰਦਰ ਆਤਮਿਕ ਬਲ ਪੈਦਾ ਕੀਤਾ। ਉਨ੍ਹਾਂ ਵੱਲੋਂ ਜੋ ਵੀ ਕਾਰਜ ਕੀਤਾ ਗਿਆ ਜਿਵੇਂ ਅਕਾਲ ਤਖਤ ਦੀ ਉਸਾਰੀ, ਸਿੱਖਾਂ ਨੂੰ ਸੈਨਿਕ ਸਿਖਲਾਈ ਕਰਾਉਣੀ, ਸ਼ਿਕਾਰ ਆਦਿ ‘ਚ ਰੁਚੀ ਲੈਣਾ ਆਦਿ ਉਸ ‘ਚ ਪੂਰਾ ਸਹਿਯੋਗ ਤੇ ਉਤਸ਼ਾਹ ਦਿੱਤਾ। ਸੰਨ 1628ਈ. ‘ਚ ਬਕਾਲੇ ਦੇ ਇੱਕ ਸੇਵਕ ਭਾਈ ਮੇਹਰਾ ਦੇ ਬੇਨਤੀ ਕਰਨ ‘ਤੇ ਆਪ ਉਥੇ ਗਏ। ਧਰਮ ਪ੍ਰਚਾਰ ਦਾ ਖੂਬ ਰੰਗ ਚੜ੍ਹਿਆ ਪਰ ਇਸੇ ਦੌਰਾਨ ਸੰਨ 1628ਈ. ‘ਚ ਆਪ ਨੇ ਪ੍ਰਾਣ ਤਿਆਕ ਦਿੱਤ। ਇਸ ਤਰ੍ਹਾਂ ਗੁਰੂ ਅਰਜਨ ਦੇਵ ਦੀ ਸ਼ਹਾਦਤ ਤੋਂ 22 ਸਾਲ ਬਾਅਦ ਆਪ ਦਾ ਦੇਹਾਂਤ ਹੋਇਆ। ਇਨ੍ਹਾਂ 22 ਸਾਲਾਂ ਦੌਰਾਨ ਸਿੱਖ ਸਮਾਜ ‘ਚ ਜੋ ਆਤਮ ਰੱਖਿਆ ਲਈ ਬਲ ਦਾ ਸੰਚਾਰ ਹੋ ਰਿਹਾ ਸੀ ਉਸ ਨੂੰ ਵਿਕਸਿਤ ਕਰਨ ‘ਚ ਤੁਸੀਂ ਬਹੁਤ ਯੋਗਦਾਨ ਪਾਇਆ।