A doctor was : ਜਿਲ੍ਹਾ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਖੇ ਉਸ ਸਮੇਂ ਤੜਥੱਲੀ ਮਚ ਗਈ ਜਦੋਂ ਕਿਸੇ ਮਾਮੂਲੀ ਵਿਵਾਦ ਨੂੰ ਲੈ ਕੇ ਦੋ ਧੜਿਆਂ ਦਰਮਿਆਨ ਝਗੜਾ ਇੰਨਾ ਵਧ ਗਿਆ ਕਿ ਗੋਲੀ ਚੱਲ ਗਈ। ਗੋਲੀ ਹਸਪਤਾਲ ‘ਚ ਤਾਇਨਾਤ ਮੈਡੀਕਲ ਅਫਸਰ ਭਵਨੀਤ ਸਿੰਘ ਨੂੰ ਲੱਗੀ। ਉਨ੍ਹਾਂ ਨੂੰ ਤੁਰੰਤ ਪ੍ਰਾਈਵਟ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।ਸਿਵਲ ਹਸਪਤਾਲ ਦੇ SMO ਡਾ. ਚੰਦਰ ਮੋਹਨ ਵੀ ਮੌਕੇ ‘ਤੇ ਪੁੱਜੇ ਤੇ ਉੁਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ।
ਪੂਰੀ ਘਟਨਾ ਦੀ ਜਾਣਕਾਰੀ ਡੀ. ਸੀ. ਪੀ. ਪਰਮਿੰਦਰ ਸਿੰਘ ਨੂੰ ਦਿੱਤੀ ਗਈ ਤੇ ਉਹ ਮੌਕੇ ‘ਤੇ ਪੁੱਜੇ। ਪਤਾ ਲੱਗਾ ਹੈ ਕਿ ਲਵਕੁਸ਼ ਨਗਰ ‘ਚ ਮਾਮੂਲੀ ਗੱਲ ਨੂੰ ਲੈ ਕੇ ਲੜਾਈ ਝਗੜਾ ਹੋ ਗਿਆ ਸੀ। ਝਗੜੇ ਨੇ ਗੰਭੀਰ ਰੂਪ ਲੈ ਲਿਆ ਤੇ ਦੋਵੇਂ ਧੜਿਆਂ ਨੇ ਇੱਕ ਦੂਜੇ ਨਾਲ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ। ਇਸ ਝਗੜੇ ‘ਚ ਦਰਜਨ ਤੋਂ ਵੀ ਵੱਧ ਲੋਕ ਆਪਸ ‘ਚ ਭਿੜ ਗਏ। ਇਸ ਤੋਂ ਬਾਅਦ ਦੋਵੇਂ ਧਿਰਾਂ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਮੈਡੀਕੋ ਲੀਗਲ ਰਿਪੋਰਟ ਲੈਣ ਪੁੱਜੀਆਂ ਤੇ ਉਥੇ ਵੀ ਇਨ੍ਹਾਂ ਧਿਰਾਂ ਦਾ ਆਪਸ ‘ਚ ਝਗੜਾ ਹੋ ਗਿਆ ਤੇ ਗੋਲੀ ਚੱਲ ਗਈ। ਗੋਲੀ ‘ਚ ਡਾਕਟਰ ਭਵਨੀਤ ਸਿੰਘ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ ਤੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਪਰ ਪੁਲਿਸ ਦਾ ਦਾਅਵਾ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਐਮਰਜੈਂਸੀ ਮੈਡੀਕਲ ਅਫਸਰ ਭਵਨੀਤ ਸਿੰਘ ਦੇ ਪੱਟ ‘ਚ ਗੋਲੀ ਲੱਗੀ। ਇਸ ਤੋਂ ਪਹਿਲਾਂ ਫਰਵਰੀ ਵਿਚ ਦੋ ਅਣਪਛਾਤੇ ਨੌਜਵਾਨ ਪਿਸਤੌਲ ਦਿਖਾਉਂਦੇ ਹੋਏ ਅਤੇ ਲੈਬ ਟੈਕਨੀਸ਼ੀਅਨ ਮਨਜਿੰਦਰ ਸੰਧੂ ਤੋਂ 20 ਲੱਖ ਦੀ ਮੰਗ ਕਰਦਿਆਂ ਉਸੇ ਹਸਪਤਾਲ ਵਿਚ ਦਾਖਲ ਹੋਏ ਸਨ। ਸ਼ਿਕਾਇਤ ਦੇ ਬਾਵਜੂਦ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਮੈਡੀਕੋ ਲੀਗਲ ਲਈ ਕੰਮ ਕਰਨਾ ਬੰਦ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਉਦੋਂ ਤੱਕ ਪੁਲਿਸ ਨਾਲ ਸਬੰਧਤ ਕੋਈ ਕੰਮ ਨਹੀਂ ਕਰਨਗੇ ਜਦੋਂ ਤੱਕ ਉਨ੍ਹਾਂ ਨੂੰ ਸੁਰੱਖਿਆ ਨਹੀਂ ਦਿੱਤੀ ਜਾਂਦੀ। ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ। ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ.ਕੇ.ਡੀ. ਸਿੰਘ ਅਤੇ ਸੈਕਟਰੀ ਡਾ.ਆਰ.ਐੱਸ ਸੇਠੀ ਨੇ ਕਿਹਾ ਕਿ ਪੁਲਿਸ ਦੀ ਢਿੱਲੀ ਕਾਰਵਾਈ ਕਾਰਨ ਡਾਕਟਰਾਂ ‘ਤੇ ਹਮਲੇ ਹੋ ਰਹੇ ਹਨ। ਐਸੋਸੀਏਸ਼ਨ ਇਸ ਦੀ ਸਖਤ ਨਿੰਦਾ ਕਰਦੀ ਹੈ। ਜੇ ਮੁਲਜ਼ਮਾਂ ਨੂੰ ਜਲਦੀ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਐਸੋਸੀਏਸ਼ਨ ਸਿਹਤ ਸੇਵਾਵਾਂ ਨੂੰ ਵੀ ਰੋਕ ਦੇਵੇਗੀ।