pakistan imposed lockdown 7: ਕੋਰੋਨਾ ਇਕ ਵਾਰ ਫਿਰ ਪਾਕਿਸਤਾਨ ਵਿਚ ਜ਼ੋਰ ਫੜ ਰਿਹਾ ਹੈ। ਦੇਸ਼ ਵਿਚ ਕੋਵਿਡ -19 ਮਹਾਂਮਾਰੀ ਦੀ ਤੀਜੀ ਲਹਿਰ ਦੇ ਵਿਚਕਾਰ ਪੰਜਾਬ ਸੂਬੇ ਦੇ ਸੱਤ ਸ਼ਹਿਰਾਂ ਨੂੰ ਲੌਕਡਾਊਨ ਕਰਨ ਦਾ ਫੈਸਲਾ ਲਿਆ ਗਿਆ ਹੈ। ਲੋਕਾਂ ਦੀ ਆਵਾਜਾਈ ਸਮੇਤ ਕਈ ਪਾਬੰਦੀਆਂ ਸੋਮਵਾਰ ਤੋਂ ਸਾਰੇ ਸੱਤ ਸ਼ਹਿਰਾਂ ਵਿਚ ਲਾਗੂ ਕਰ ਦਿੱਤੀਆਂ ਜਾਣਗੀਆਂ। ਪਿਛਲੇ ਸਾਲ ਕੋਰੋਨਾ ਵਾਇਰਸ ਕਾਰਨ ਹੋਏ ਲੌਕਡਾਊਨ ਤੋਂ ਤਕਰੀਬਨ ਇਕ ਸਾਲ ਬਾਅਦ ਪਾਕਿਸਤਾਨ ਵਿਚ ਇਕ ਵਾਰ ਫਿਰ ਲੌਕਡਾਊਨ ਲਗਾਇਆ ਜਾ ਰਿਹਾ ਹੈ। ਲਾਹੌਰ, ਰਾਵਲਪਿੰਡੀ, ਸਰਗੋਧਾ, ਫੈਸਲਾਬਾਦ, ਮੁਲਤਾਨ, ਗੁਜਰਾਂਵਾਲਾ ਅਤੇ ਗੁਜਰਾਤ ਸ਼ਹਿਰਾਂ ਵਿਚ ਦੋ ਹਫ਼ਤਿਆਂ ਲਈ ਲੌਕਡਾਊਨ ਲਾਗੂ ਰਹੇਗਾ।
ਸ਼ਨੀਵਾਰ ਨੂੰ ਪੰਜਾਬ ਸੂਬਾਈ ਸਰਕਾਰ ਵੱਲੋਂ ਜਾਰੀ ਬਿਆਨ ਅਨੁਸਾਰ ਲੌਕਡਾਊਨ ਲੋਕਾਂ ਦੀ ਆਵਾਜਾਈ ਨੂੰ ਸੀਮਤ ਕਰੇਗੀ। ਕਿਸੇ ਵੀ ਜਗ੍ਹਾ, ਜਨਤਕ ਜਾਂ ਨਿਜੀ, ਸਮਾਜਿਕ, ਧਾਰਮਿਕ ਜਾਂ ਹੋਰ ਉਦੇਸ਼ਾਂ ਲਈ ਹਰ ਕਿਸਮ ਦੇ ਸਮਾਗਮਾਂ ‘ਤੇ ਪੂਰਨ ਪਾਬੰਦੀ ਹੋਵੇਗੀ। ਇਸ ਸਮੇਂ ਦੌਰਾਨ, ਵਿਆਹ-ਪਾਰਟੀ ਹਾਲ ਅਤੇ ਕਮਿਉਨਿਟੀ ਸੈਂਟਰ ਵੀ ਬੰਦ ਰਹਿਣਗੇ। ਇਨਡੋਰ ਅਤੇ ਆਉਟਡੋਰ ਭੋਜਨ ‘ਤੇ ਵੀ ਪੂਰਨ ਪਾਬੰਦੀ ਹੋਵੇਗੀ। ਹਾਲਾਂਕਿ, ਸਿਰਫ ਟੇਕਵੇਅ ਅਤੇ ਹੋਮ ਡਿਲਿਵਰੀ ਦੀ ਆਗਿਆ ਹੋਵੇਗੀ।
ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪੂਰੇ ਸੂਬੇ ਵਿੱਚ ਹਰ ਤਰਾਂ ਦੀਆਂ ਖੇਡਾਂ, ਸਭਿਆਚਾਰਕ ਅਤੇ ਹੋਰ ਗਤੀਵਿਧੀਆਂ ਅਤੇ ਪ੍ਰੋਗਰਾਮਾਂ ‘ਤੇ ਪੂਰਨ ਪਾਬੰਦੀ ਹੋਵੇਗੀ। ਸ਼ਨੀਵਾਰ ਨੂੰ ਵੀ ਪੰਜਾਬ ਸਰਕਾਰ ਨੇ ਲਾਹੌਰ ਸਣੇ ਤਿੰਨ ਸ਼ਹਿਰਾਂ ਦੇ 36 ਹੋਰ ਇਲਾਕਿਆਂ ਵਿਚ ਸਮਾਰਟ ਲੌਕਡਾਉਨ ਲਾਗੂ ਕੀਤਾ ਹੈ। ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਵਿਚਕਾਰ, ਪਾਕਿਸਤਾਨ ਨੇ ਉਡਾਣਾਂ ‘ਤੇ ਲਗਾਈਆਂ ਗਈਆਂ ਪਾਬੰਦੀਆਂ ਦੀ ਮਿਆਦ ਵੀ ਵਧਾ ਦਿੱਤੀ ਹੈ। ਸਿਵਲ ਏਵੀਏਸ਼ਨ ਅਥਾਰਟੀ (ਸੀਏਏ) ਨੇ ਸ਼ਨੀਵਾਰ ਨੂੰ ਇਕ ਨੋਟੀਫਿਕੇਸ਼ਨ ਵਿੱਚ ਕਿਹਾ ਕਿ ਪਾਬੰਦੀਆਂ ਨੂੰ 18 ਮਾਰਚ ਤੱਕ ਵਧਾ ਦਿੱਤਾ ਗਿਆ ਹੈ।