Ludhiana coronavirus cases: ਸੂਬੇ ਵਿੱਚ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ। ਜਿਸਦੇ ਮੱਦੇਨਜ਼ਰ ਐਤਵਾਰ ਨੂੰ ਵੀ ਲੁਧਿਆਣਾ ਜ਼ਿਲ੍ਹੇ ਦੀ ਸਕਾਰਾਤਮਕਤਾ ਦਰ ਵਿੱਚ ਉਛਾਲ ਆਇਆ ਹੈ। ਸਕਾਰਾਤਮਕਤਾ ਦਰ 7.10 ਪ੍ਰਤੀਸ਼ਤ ਤੱਕ ਪਹੁੰਚ ਗਈ, ਜੋ ਕੁਝ ਦਿਨ ਪਹਿਲਾਂ ਵੀ ਦੋ ਤੋਂ ਹੇਠਾਂ ਚੱਲ ਰਹੀ ਸੀ। ਇਸਦਾ ਮਤਲਬ ਹੈ ਕਿ ਹੁਣ 100 ਨਮੂਨਿਆਂ ਦੀ ਜਾਂਚ ਵਿੱਚ ਹੀ ਸੱਤ ਦੀ ਰਿਪੋਰਟ ਪਾਜ਼ੀਟਿਵ ਆ ਰਹੀ ਹੈ। ਹੈਰਾਨੀ ਦੀ ਗੱਲ ਹੈ ਇਹ ਹੈ ਕਿ ਲੋਕ ਅਜੇ ਵੀ ਬਿਨ੍ਹਾਂ ਕਿਸੇ ਪਰਵਾਹ ਦੇ ਘੁੰਮ ਰਹੇ ਹਨ। ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਜੇ ਕਿਸੇ ਪਰਿਵਾਰ ਵਿੱਚ ਬਹੁਤ ਸਾਰੇ ਲੋਕ ਪਾਜ਼ੀਟਿਵ ਆ ਰਹੇ ਹਨ ਤਾਂ ਇਸਦਾ ਅਰਥ ਇਹ ਹੈ ਕਿ ਜਦੋਂ ਇੱਕ ਮੈਂਬਰ ਨੂੰ ਕੋਰੋਨਾ ਦੇ ਲੱਛਣ ਸਾਹਮਣੇ ਆਏ ਸਨ ਤਾਂ ਉਸਨੇ ਖੁਦ ਨੂੰ ਆਈਸੋਲੇਟ ਨਹੀਂ ਕੀਤਾ ਸੀ।
ਇਸ ਸਬੰਧੀ ਸਿਵਲ ਸਰਜਨ ਡਾ: ਸੁਖਜੀਵਨ ਕੱਕੜ ਦਾ ਕਹਿਣਾ ਹੈ ਕਿ ਜ਼ਿਲ੍ਹੇ ਦੇ ਲੋਕ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰ ਰਹੇ ਹਨ । ਮਾਰਕੀਟ ਵਿੱਚ ਸਵੇਰੇ ਅਤੇ ਸ਼ਾਮ ਭੀੜ ਵੱਧ ਰਹੀ ਹੈ। ਕਿਤੇ ਵੀ ਸਰੀਰਕ ਦੂਰੀ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ। ਜ਼ਿਆਦਾਤਰ ਲੋਕ ਬਜ਼ਾਰਾਂ, ਸੜਕਾਂ, ਸਰਕਾਰੀ ਅਤੇ ਗੈਰ-ਸਰਕਾਰੀ ਥਾਵਾਂ ‘ਤੇ ਬਿਨ੍ਹਾਂ ਮਾਸਕ ਦੇ ਦਿਖਾਈ ਦੇ ਰਹੇ ਹਨ। ਜਿਸ ਤੋਂ ਇਹ ਸਪੱਸ਼ਟ ਹੈ ਕਿ ਕੋਰੋਨਾ ਨੂੰ ਇਸ ਤਰੀਕੇ ਨਾਲ ਹਰਾਉਣਾ ਮੁਸ਼ਕਿਲ ਹੋਵੇਗਾ।
ਦੱਸ ਦੇਈਏ ਕਿ ਕੋਰੋਨਾ ਦੀ ਲਾਗ ਦੇ ਤੇਜ਼ੀ ਨਾਲ ਵਾਧੇ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਫਰਵਰੀ ਦੇ ਪਹਿਲੇ ਦੋ ਹਫ਼ਤਿਆਂ ਵਿੱਚ ਕੁੱਲ 554 ਕੋਰੋਨਾ ਪੀੜਤ ਲੋਕ ਮਿਲੇ ਸਨ । ਜਿਸ ਤੋਂ ਸਥਿਤੀ ਇੰਨੀ ਜ਼ਿਆਦਾ ਵਿਗੜ ਗਈ ਹੈ ਕਿ ਮਾਰਚ ਦੇ ਦੋ ਹਫ਼ਤਿਆਂ ਦੇ ਅੰਦਰ ਹੀ 1767 ਮਾਮਲੇ ਸਾਹਮਣੇ ਆ ਚੁੱਕੇ ਹਨ। ਇਹ ਅੰਕੜਾ ਪਿਛਲੇ ਮਹੀਨੇ ਨਾਲੋਂ ਤਿੰਨ ਗੁਣਾ ਜ਼ਿਆਦਾ ਹੈ। ਸਿਹਤ ਮਾਹਿਰਾਂ ਨੇ ਪਹਿਲਾਂ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕੋਰੋਨਾ ਦੀ ਲਾਗ ਬਹੁਤ ਤੇਜ਼ੀ ਨਾਲ ਫੈਲ ਜਾਵੇਗੀ।