Health department’s gross : ਸਿਹਤ ਵਿਭਾਗ ਵੱਲੋਂ ਲਾਪ੍ਰਵਾਹੀ ਦੇ ਮਾਮਲੇ ਨਿਤ ਦਿਨ ਨਵੇਂ ਕਾਰਨਾਮੇ ਸਾਹਮਣੇ ਆਉਂਦੇ ਰਹਿੰਦੇ ਹਨ, ਜਿਸ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕਾਰਨ ਸੂਬੇ ‘ਚ ਬਹੁਤ ਤੇਜ਼ੀ ਨਾਲ ਟੈਸਟ ਕੀਤੇ ਜਾ ਰਹੇ ਹਨ ਪਰ ਰਿਪੋਰਟ ‘ਚ ਹੋਣ ਵਾਲੀਆਂ ਗਲਤੀਆਂ ਦਾ ਹਰਜ਼ਾਨਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਅਜਿਹਾ ਹੀ ਇਕ ਕੇਸ ਅੱਜ ਜਿਲ੍ਹਾ ਜਲੰਧਰ ਵਿਖੇ ਦੇਖਣ ਨੂੰ ਮਿਲਿਆ ਜਦੋਂ ਕਾਂਗਰਸੀ ਕੌਂਸਲਰ ਬਲਰਾਜ ਠਾਕੁਰ ਦੀ ਕੋਰੋਨਾ ਰਿਪੋਰਟ ਤਾਂ ਪਾਜੀਟਿਵ ਆਈ ਪਰ ਉਨ੍ਹਾਂ ਨੂੰ ਮੈਸੇਜ ਨੈਗੇਟਿਵ ਹੋਣ ਦਾ ਆਇਆ ਜਿਸ ਕਾਰਨ ਉਹ ਦੋ ਦਿਨਾਂ ਤੱਕ ਆਪਣੇ ਆਪ ਨੂੰ ਕੋਰੋਨਾ ਨੈਗੇਟਿਵ ਸਮਝਦੇ ਰਹੇ ਤੇ ਉਹ ਪਰਿਵਾਰਕ ਮੈਂਬਰਾਂ ਦੇ ਆਮ ਲੋਕਾਂ ਦੇ ਸੰਪਰਕ ‘ਚ ਲਗਾਤਾਰ ਰਹੇ।
ਕੌਂਸਲਰ ਬਲਰਾਜ ਠਾਕੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਤਬੀਅਤ ਪਿਛਲੇ ਕੁਝ ਦਿਨਾਂ ਤੋਂ ਠੀਕ ਨਹੀਂ ਸੀ ਜਿਸ ਲਈ ਉਨ੍ਹਾਂ ਨੇ ਸਿਵਲ ਹਸਪਤਾਲ ਤੋਂ ਸੋਮਵਾਰ ਨੂੰ ਕੋਰੋਨਾ ਟੈਸਟ ਕਰਵਾਇਆ। ਸਿਹਤ ਵਿਭਾਗ ਵੱਲੋਂ ਉਨ੍ਹਾਂ ਨੂੰ ਮੰਗਲਵਾਰ ਤੱਕ ਕੋਰੋਨਾ ਟੈਸਟ ਦੀ ਰਿਪੋਰਟ ਦੇਣ ਬਾਰੇ ਕਿਹਾ ਗਿਆ ਤੇ ਮੰਗਲਵਾਰ ਸ਼ਾਮ ਤੱਕ ਉਨ੍ਹਾਂ ਦੇ ਫੋਨ ‘ਤੇ ਮੈਸੇਜ ਆਇਆ ਕਿ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਿਸ ਤੋਂ ਕੌਂਸਲਰ ਬਲਰਾਜ ਠਾਕੁਰ ਬੇਫਿਕਰ ਹੋ ਗਏ ਤੇ ਉਨ੍ਹਾਂ ਨੇ ਆਮ ਲੋਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਬਣਾਈ ਰੱਖਣਾ ਜਾਰੀ ਰੱਖਿਆ।
ਵੀਰਵਾਰ ਨੂੰ ਜਦੋਂ ਕੌਂਸਲਰ ਬਲਰਾਜ ਠਾਕੁਰ ਨੂੰ ਮੀਡੀਆ ਰਾਹੀਂ ਪਤਾ ਲੱਗਾ ਕਿ ਉਨ੍ਹਾਂ ਦੀ ਰਿਪੋਰਟ ਤਾਂ ਪਾਜੀਟਿਵ ਆਈ ਹੈ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਨ੍ਹਾਂ ਨੇ ਸਿਵਲ ਹਸਪਤਾਲ ਦੇ ਇੱਕ ਡਾਕਟਰ ਨੂੰ ਫੋਨ ਕੀਤਾ ਤੇ ਰਿਪੋਰਟ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਤਾਂ ਪਤਾ ਲੱਗਾ ਕਿ ਮੈਸੇਜ ਤਾਂ ਉਨ੍ਹਾਂ ਨੂੰ ਨੈਗੇਟਿਵ ਦਾ ਭੇਜਿਆ ਗਿਆ ਸੀ ਜਦ ਕਿ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜੀਟਿਵ ਪਾਈ ਗਈ ਹੈ। ਸਿਹਤ ਵਿਭਾਗ ਵੱਲੋਂ ਕੀਤੀ ਲਾਪ੍ਰਵਾਹੀ ਦਾ ਜ਼ਿੰਮੇਵਾਰ ਕੌਣ ਹੈ? ਕੌਂਸਲਰ ਬਲਰਾਜ ਠਾਕੁਰ ਨੇ ਤੁਰੰਤ ਇਸ ਪੂਰੇ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਹੈ।