Negative report from : ਜ਼ਿਲ੍ਹਾ ਰੂਪਨਗਰ ‘ਚ ਹਰ ਸਾਲ ਹੋਲੇ ਮਹੱਲੇ ਦਾ ਤਿਓਹਾਰ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਇਹ ਕੌਮੀ ਤਿਉਹਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਲੱਗਦਾ ਹੈ। ਇਸ ਵਾਰ ਹੋਲੇ ਮਹੱਲੇ ‘ਤੇ ਆਉਣ ਵਾਲੇ ਸਿਰਫ ਅੰਤਰਰਾਸ਼ਟਰੀ ਸ਼ਰਧਾਲੂਆਂ ਨੂੰ ਆਪਣੇ ਨਾਲ covid ਦੀ ਨੈਗੇਟਿਵ ਰਿਪੋਰਟ ਲਿਆਉਣੀ ਲਾਜ਼ਮੀ ਹੋਵੇਗੀ ਤਾਂ ਹੀ ਸ਼ਰਧਾਲੂਆਂ ਨੂੰ ਹੌਲਾ ਮਹੱਲਾ ਵਿੱਚ ਐਂਟਰੀ ਦੀ ਆਗਿਆ ਹੋਵੇਗੀ। ਇਹ ਐਲਾਨ ਡੀ. ਸੀ. ਰੋਪੜ ਸੋਨਾਲੀ ਗਿਰੀ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ‘ਚ ਵਧਦੇ ਕੋਰੋਨਾ ਮਾਮਲਿਆਂ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ।
ਡੀ. ਸੀ. ਨੇ ਸਪੱਸ਼ਟ ਕੀਤਾ ਕਿ ਅੰਤਰਰਾਸ਼ਟਰੀ ਸ਼ਰਧਾਲੂਆਂ ਨੂੰ ਆਪਣੇ ਨਾਲ 72 ਘੰਟੇ ਵਾਲੀ ਕੋਰੋਨਾ ਦੀ ਨੈਗੇਟਿਵ ਰਿਪੋਰਟ ਲੈ ਕੇ ਆਉਣਾ ਹੋਵੇਗਾ ਤਾਂ ਜੋ ਉਹ ਉਥੇ ਮੱਥਾ ਟੇਕ ਸਕਣ। ਜ਼ਿਲੇ ਰੂਪਨਗਰ ਵਿੱਚ ਹੋਲਾ ਮਹੱਲਾ 24 ਮਾਰਚ ਤੋਂ 26 ਮਾਰਚ ਤੱਕ ਕੀਰਤਪੁਰ ਸਾਹਿਬ ਵਿਖੇ ਅਤੇ 27 ਮਾਰਚ ਤੋਂ 29 ਮਾਰਚ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਰੋਪੜ ਜ਼ਿਲ੍ਹੇ ਵਿੱਚ ਵੀ ਕੋਰੋਨਾ ਦੇ ਕੇਸ ਲਗਾਤਾਰ ਵਧ ਰਹੇ ਹਨ ਅਤੇ ਜਿਲ੍ਹੇ ਵਿੱਚ ਕੋਰੋਨਾ ਦਾ ਰਿਕਵਰੀ ਰੇਟ ਵੀ ਘੱਟ ਕੇ 86 ਫਿਸਦੀ ਰਹਿ ਗਿਆ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਵਿੱਚ ਪਹਿਲਾਂ ਹੀ ਰਾਤ ਦਾ ਕਰਫਿਊ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਲਗਾਇਆ ਹੋਇਆ ਹੈ। ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਕੋਈ ਵੀ ਗੈਰ-ਜ਼ਰੂਰੀ ਗਤੀਵਿਧੀਆਂ ਨਾ ਕੀਤੀਆਂ ਜਾਣ ਤਾਂ ਜੋ ਇਸ ਬੀਮਾਰੀ ਦੀ ਲਾਗ ਤੋਂ ਬਚਿਆ ਜਾ ਸਕੇ।
ਸੋਨਾਲੀ ਗਿਰੀ ਨੇ ਸ਼ਰਧਾਲੂਆਂ ਨੂੰ ਹਦਾਇਤ ਦਿੱਤੀ ਕਿ ਉਹ ਇਸ ਪਵਿੱਤਰ ਤਿਓਹਾਰ ਮੌਕੇ ਪ੍ਰਸ਼ਾਸਨ ਵੱਲੋਂ ਜਾਰੀ ਕੀਤੀਆਂ ਗਾਈਡਲਾਈਨਜ਼ ਦੀਆਂ ਪੂਰੀ ਤਰ੍ਹਾਂ ਪਾਲਣਾ ਕਰਨ। ਮਾਸ ਪਹਿਨ ਕੇ ਰੱਖਣ, ਸੋਸ਼ਲ ਡਿਸਟੈਂਸਿੰਗ ਦਾ ਵੀ ਪਾਲਣ ਕਰਨ ਅਤੇ ਸਮੇਂ-ਸਮੇਂ ‘ਤੇ ਹੱਥਾਂ ਨੂੰ ਸੈਨੇਟਾਈਜ਼ ਕਰਦੇ ਰਹਿਣ ਤਾਂ ਜੋ ਉਨ੍ਹਾਂ ਦੇ ਨਾਲ-ਨਾਲ ਹੋਰਨਾਂ ਦੀ ਜ਼ਿੰਦਗੀ ਨੂੰ ਵੀ ਸੁਰੱਖਿਅਤ ਰੱਖਿਆ ਜਾ ਸਕੇ। ਸੋਨਾਲੀ ਗਿਰੀ ਨੇ ਲੋਕਾਂ ਨੂੰ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕਰਨ ਦੀ ਅਪੀਲ ਕੀਤੀ ਤਾਂ ਜੋ ਵਧਦੇ ਕੋਰੋਨਾ ਦੇ ਕੇਸਾਂ ਨੂੰ ਠੱਲ੍ਹ ਪਾਈ ਜਾ ਸਕੇ।