The Great Martyrs : ਸਿੱਖ ਕੌਮ ਵਿੱਚ ਅਜਿਹੇ ਅਨਗਿਣਤ ਹੀ ਸਿਰਲੱਥ, ਸੂਰਬੀਰ, ਅਣਥੱਕ ਤੇ ਬਹਾਦਰ ਜੋਧੇ ਹੋਏ ਹਨ ਜਿਨ੍ਹਾਂ ਨੇ ਆਪਣੇ ਘਰ ਪਰਿਵਾਰ ਅਤੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਹੀ ਆਪਣੀ ਜ਼ਿੰਦਗੀ ਦੀ ਅਹੂਤੀ ਦਿੱਤੀ ਹੈ । ਸਰਦਾਰ ਸੁਬੇਗ ਸਿੰਘ ਅਤੇ ਸ਼ਾਹਬਾਜ਼ ਸਿੰਘ ਅਜਿਹੇ ਹੀ ਪਿਉ ਪੁੱਤਰ ਹੋਏ ਹਨ। ਸ਼ਾਹਬਾਜ਼ ਸਿੰਘ ਬੜਾ ਸੋਹਣਾ ਜਵਾਨ ਤੇ ਹੋਣਹਾਰ ਗੱਭਰੂ ਸੀ। ਉਹ ਇੱਕ ਮਦਰੱਸੇ ਵਿੱਚ ਕਾਜ਼ੀ ਪਾਸੋਂ ਫ਼ਾਰਸੀ ਪੜ੍ਹਿਆ ਕਰਦਾ ਸੀ। ਕਾਜ਼ੀ ਨੇ ਉਸ ਦੀ ਸਮਝ, ਲਿਆਕਤ ਤੇ ਡੀਲ-ਡੌਲ ਵੇਖ ਕੇ ਉਸ ਨੂੰ ਮੁਸਲਮਾਨ ਬਣਾਉਣਾ ਚਾਹਿਆ। ਲੜਕੇ ਨੇ ਨਾਂਹ ਕਰ ਦਿੱਤੀ। ਕਾਜ਼ੀ ਨੇ ਲਾਹੌਰ ਸ਼ਿਕਾਇਤ ਕਰ ਭੇਜੀ ਕਿ ਸ਼ਾਹਬਾਜ਼ ਸਿੰਘ ਨੇ ਦੀਨ-ਏ-ਇਸਲਾਮ ਦੀ ਨਿਰਾਦਰੀ ਕੀਤੀ ਹੈ ਤੇ ਹਜ਼ਰਤ ਸਾਹਿਬ ਦੇ ਵਿਰੁੱਧ ਨਜਾਇਜ਼ ਲਫਜ਼ ਕਹੇ ਹਨ। ਇਸ ਝੂਠੇ ਦੋਸ਼ ਦੇ ਆਧਾਰ ‘ਤੇ ਸ਼ਾਹਬਾਜ਼ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਲਾਹੌਰ ਹਾਜ਼ਰ ਕੀਤਾ ਗਿਆ। ਪੁੱਤਰ ਦੇ ਨਾਲ ਹੀ ਪਿਉ (ਸਰਦਾਰ ਸੁਬੇਗ ਸਿੰਘ) ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਵਿਰੁੱਧ ਦੋਸ਼ ਇਹ ਸੀ ਕਿ ਇਹ ਸਰਕਾਰ ਦੇ ਵੈਰੀ ਹਨ। ਇਨ੍ਹਾਂ ਦੋਹਾਂ ਦੇ ਫੜੇ ਜਾਣ ਮਗਰੋਂ ਛੇਤੀ ਹੀ ਸੰਨ 1745 ਈ. ਵਿੱਚ ਜ਼ਕਰੀਆ ਖ਼ਾਂ ਮਰ ਗਿਆ। ਉਨ੍ਹਾਂ ਦੋਹਾਂ ਨੂੰ ਕੁੱਝ ਨਾ ਕਿਹਾ ਗਿਆ। ਜ਼ਕਰੀਆ ਖ਼ਾਂ ਦਾ ਪੁੱਤਰ, ਯਹੀਆ ਖ਼ਾਂ ਪਿਉ ਨਾਲੋਂ ਵੀ ਵਧੇਰੇ ਕੱਟੜ ਸੀ। ਉਸ ਨੇ ਸਰਦਾਰ ਸੁਬੇਗ ਸਿੰਘ ਹੋਰਾਂ ਦੇ ਮਾਮਲੇ ਨੂੰ ਹੱਥ ਪਾਇਆ ਤੇ ਤੋੜ ਤੀਕ ਪਹੁੰਚਾਇਆ।
ਸਰਦਾਰ ਸੁਬੇਗ ਸਿੰਘ ਨੂੰ ਕਿਹਾ ਕਿ ਮੁਸਲਮਾਨ ਹੋ ਜਾਓ, ਨਹੀਂ ਤਾਂ ਮਾਰੇ ਜਾਉਗੇ। ਉਨ੍ਹਾਂ ਨੇ ਧਰਮ ਛੱਡਣੋਂ ਨਾਂਹ ਕਰ ਦਿੱਤੀ। ਨੇੜਿਲਆਂ ਨੇ ਸ. ਸੁਬੇਗ ਸਿੰਘ ਜੀ ਨੂੰ ਕਿਹਾ, ਹੋਰ ਨਹੀਂ ਤਾਂ ਆਪਣੇ ਬੱਚੇ ਨੂੰ ਬਚਾਅ ਕੇ ਕੁਲ ਦਾ ਨਿਸ਼ਾਨ ਤਾਂ ਕਾਇਮ ਰੱਖ ਲਓ। ਤਾਂ ਭਾਈ ਸਾਹਿਬ ਨੇ ਡੱਟ ਕੇ ਜੁਆਬ ਦਿੱਤਾ, “ਸਿੱਖਨ ਕਾਜ ਸੁ ਗੁਰੂ ਹਮਾਰੇ। ਸੀਸ ਦੀਓ ਨਿਜ ਸਣ ਪਰਵਾਰੇ। ਹਮ ਕਾਰਨ ਗੁਰ ਕੁਲਹਿ ਗਵਾਈ। ਹਮ ਕੁਲ ਰਾਖੈਂ ਕੌਣ ਬਡਾਈ” ਭਾਵ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਜੀਉਂਦਾ ਰੱਖਣ ਹਿੱਤ ਆਪਣਾ ਸਾਰਾ ਪ੍ਰਵਾਰ ਕੁਰਬਾਨ ਕਰ ਦਿੱਤਾ ਤੇ ਮੈਂ ਆਪਣੀ ਕੁਲ ਦਾ ਨਿਸ਼ਾਨ ਬਚਾਉਣ ਲਈ ਪੁੱਤਰ ਨੂੰ ਧਰਮ ਤਿਆਗਣ ਲਈ ਕਹਾਂ, ਇਸ ਵਿੱਚ ਕੀ ਵਡਿਆਈ ਹੈ ? ਪਰ ਦੂਜੇ ਪਾਸੇ ਸ਼ਾਹਬਾਜ਼ ਸਿੰਘ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਅਨੇਕਾਂ ਤਰ੍ਹਾਂ ਦੇ ਤਸੀਹੇ ਦਿੱਤੇ ਜਾ ਰਹੇ ਹਨ। ਛੋਟੀ ਉਮਰ ਹੋਣ ਕਰਕੇ ਅਤੇ ਬਹੁਤ ਕੁੱਟਮਾਰ ਤੇ ਉਨ੍ਹਾਂ ਜ਼ੁਲਮੀਆਂ ਵੱਲੋਂ ਮਿਲਦੇ ਭੋਜਨ ਦੇ ਅਸਰ ਨੇ ਆਖਰ ਸ਼ਾਹਬਾਜ਼ ਸਿੰਘ ਨੂੰ ਡੁਲਾ ਦਿੱਤਾ। ਤੇ ਸ਼ਾਹਬਾਜ਼ ਸਿੰਘ ਇਸਲਾਮ ਧਰਮ ਕਬੂਲ ਕਰਨ ਵਾਸਤੇ ਮੰਨ ਗਿਆ। ਹੁਣ ਸਿਪਾਹੀਆਂ ਨੇ ਸੋਚਿਆ ਪੁੱਤਰ ਮੰਨ ਗਿਆ ਇਹ ਗੱਲ ਸੁਬੇਗ ਸਿੰਘ ਨੂੰ ਦੱਸੀਏ, ਸ਼ਾਇਦ ਉਹ ਵੀ ਮੰਨ ਜਾਵੇ। ਜਿਸ ਵੇਲੇ ਇਹ ਗੱਲ ਜਾ ਕੇ ਦੱਸੀ ਤਾਂ ਸੁਬੇਗ ਸਿੰਘ ਦਾ ਮਨ ਭਰ ਆਇਆ, ਇਹ ਕੀ ਕਾਰਾ ਵਰਤ ਗਿਆ, ਮੇਰਾ ਪੁੱਤਰ ਡੋਲ ਗਿਆ ਹੈ। ਉਸ ਨੇ ਨੀਤੀ ਵਰਤੀ ਤੇ ਸਿਪਾਹੀਆਂ ਨੂੰ ਕਿਹਾ, ”ਮੈਂ ਵੀ ਇਸਲਾਮ ਧਰਮ ਕਬੂਲ ਕਰ ਲਵਾਂਗਾ ਪਰ ਮੇਰੀ ਸ਼ਰਤ ਕੁਝ ਘੰਟਿਆਂ ਲਈ ਪਹਿਲਾਂ ਮੇਰੇ ਪੁੱਤਰ ਨੂੰ ਮੇਰੇ ਨਾਲ ਮਿਲਾ ਦਿਓ, ਮੈਂ ਪੁੱਤਰ ਨੂੰ ਮਿਲਣਾ ਚਾਹੁੰਦਾ ਹਾਂ।” ਸਿਪਾਹੀਆਂ ਨੇ ਆਪਸ ਵਿੱਚ ਸਲਾਹ ਕਰਕੇ ਇਨ੍ਹਾਂ ਦੋਹਾਂ ਨੂੰ ਬੰਦ ਕਮਰੇ ਵਿੱਚ ਮਿਲਣ ਦਾ ਸਮਾਂ ਦੇ ਦਿੱਤਾ।
ਪਿਤਾ ਨੇ ਪੁੱਤਰ ਨੂੰ ਕੁਝ ਨਾ ਪੁੱਛਿਆ ਕਿ ਪੁੱਤਰ ਤੂੰ ਇਸਲਾਮ ਕਬੂਲ ਕਰ ਰਿਹਾ ਹੈਂ, ਸਿਰਫ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰ ਕੇ ਚੌਕੜਾ ਮਾਰ ਅੱਖਾਂ ਵਿੱਚ ਅੱਖਾਂ ਪਾ ਕੇ ਦੋਨੇਂ ਹੱਥ ਸੁਬੇਗ ਸਿੰਘ ਨੇ ਸ਼ਾਹਬਾਜ਼ ਸਿੰਘ ਦੇ ਸਿਰ ‘ਤੇ ਰੱਖ ਕੇ ਜਪੁਜੀ ਸਾਹਿਬ ਦਾ ਪਾਠ ਆਰੰਭ ਕੀਤਾ ਤੇ ਪਾਠ ਸਦਕਾ ਉਸ ਦੀ ਮੱਤ ‘ਤੇ ਸਿੱਖੀ ਛੱਡਣ ਦਾ ਜੋ ਪੜਦਾ ਪਿਆ ਉਹ ਹੱਟ ਗਿਆ। ਜਿਉਂ ਹੀ ਪਾਠ ਸਮਾਪਤ ਹੋਇਆ ਸੁਬੇਗ ਸਿੰਘ ਹੁਣ ਪੁੱਛਦਾ, ”ਪੁੱਤਰ ਨੂੰ ਇਸਲਾਮ ਧਰਮ ਕਬੂਲ ਕਰ ਰਿਹਾ ਹੈਂ?” ਬਾਣੀ ਦੀ ਕਿਰਪਾ ਸ਼ਾਹਬਾਜ਼ ਸਿੰਘ ਬੋਲਿਆ, ”ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਮੈਨੂੰ ਜਿਤਨੇ ਮਰਜ਼ੀ ਤਸੀਹੇ ਦਿੱਤੇ ਜਾਣ ਮੈਂ ਝੱਲਣ ਲਈ ਤਿਆਰ ਹਾਂ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ੀ ਸਿੱਖੀ ਨਹੀਂ ਤਿਆਗ ਸਕਦਾ।”ਜਿਸ ਵੇਲੇ ਸਿਪਾਹੀਆਂ ਨੇ ਆ ਕੇ ਪੁੱਛਿਆ, ”ਸੁਬੇਗ ਸਿੰਘ ਮਿਲ ਲਿਆ ਪੁੱਤਰ ਨੂੰ, ਚਲੋ ਆਓ ਤੇ ਕਰੋ ਇਸਲਾਮ ਧਰਮ ਕਬੂਲ।” ਤਾਂ ਸੁਬੇਗ ਸਿੰਘ ਜੀ ਕਹਿੰਦੇ ਪਹਿਲੇ ਮੇਰੇ ਪੁੱਤਰ ਦਾ ਜੁਆਬ ਸੁਣ ਲਵੋ। ਸਿਪਾਹੀਆਂ ਨੂੰ ਇਸਲਾਮ ਕਬੂਲ ਕਰਨ ਤੋਂ ਸ਼ਾਹਬਾਜ਼ ਸਿੰਘ ਨੇ ਨਾਂਹ ਕਰ ਦਿੱਤੀ। ਸ੍ਰ. ਸੁਬੇਗ ਸਿੰਘ ਅਤੇ ਸ੍ਰ. ਸ਼ਾਹਬਜ਼ ਸਿੰਘ ਦੇ ਮੂਹੋ ਕੋਰਾ ਉੱਤਰ ਸੁਣ ਕੇ ਉਨ੍ਹਾਂ ਨੂੰ ਚਰਖੜੀ ‘ਤੇ ਚਾੜ੍ਹ ਕੇ ਸ਼ਹੀਦ ਕਰਨ ਦਾ ਹੁਕਮ ਸੁਣਾ ਦਿੱਤਾ ਗਿਆ। ਉਨ੍ਹਾਂ ਨੂੰ ਚਰਖੜੀ ਉੱਤੇ ਚਾੜ੍ਹਿਆ ਗਿਆ ਤੇ ਚਰਖੜੀ ਨੂੰ ਗੇੜਿਆ ਗਿਆ। ਅੱਤ ਦਾ ਦੁੱਖ ਹੋਇਆ, ਪਰ ਸੁਬੇਗ ਸਿੰਘ ਸ਼ਾਹਬਾਜ਼ ਸਿੰਘ ਨੇ ਸਿਦਕ ਨਾ ਹਾਰਿਆ, “ਚਰਖੜੀ ਚਾੜ੍ਹ ਫਿਰ ਬਹੁਤ ਘੁਮਾਇਆ। ਵਾਹਿਗੁਰੂ ਤਿਨ ਨਾਂਹਿ ਭੁਲਾਯਾ।” ਗੁਰੂ ਦੇ ਸਿੱਖ ਕਸ਼ਟ ਝੱਲਦੇ ਤੇ ਵਾਹਿਗੁਰੂ-ਵਾਹਿਗੁਰੂ ਕਹਿੰਦੇ ਰਹੇ। ਕੁਝ ਚਿਰ ਮਗਰੋਂ ਚਰਖੜੀਆਂ ਖਲਿਹਾਰ ਕੇ ਉਨ੍ਹਾਂ ਪਾਸੋਂ ਪੁੱਛਿਆ ਜਾਂਦਾ ਸੀ ਕਿ “ਕਿ ਤੁਸੀਂ ਇਸਲਾਮ ਕਬੂਲ ਕਰਨ ਨੂੰ ਤਿਆਰ ਹੋ?”‘ ਉਹ ਦੋਵੇਂ ਡਟ ਕੇ ‘ਨਹੀਂ’ ਕਹਿੰਦੇ ਰਹੇ। ਚੋਖਾ ਚਿਰ ਇਉਂ ਹੁੰਦਾ ਰਿਹਾ। ਚਰਖੜੀਆਂ ਉਦਾਲੇ ਤਿੱਖੀਆਂ ਛੁਰੀਆਂ ਲੱਗੀਆਂ ਹੋਈਆਂ ਸਨ। ਉਹ ਗਿੜਦੀਆਂ ਗਈਆਂ, ਵਾਹਿਗੁਰੂ-ਵਾਹਿਗੁਰੂ ਦੀਆਂ ਆਵਾਜ਼ਾਂ ਸਹਿਜੇ-ਸਹਿਜੇ ਬੰਦ ਹੋ ਗਈਆਂ। ਦੋਵੇਂ ਪਿਉ ਪੁੱਤ ਸ੍ਰੀ ਕਲਗੀਧਰ ਪਿਤਾ ਦੀ ਗੋਦ ਵਿੱਚ ਜਾ ਬਿਰਾਜੇ।