ਖੁਸ਼ਵੰਤ ਸਿੰਘ ਮਸ਼ਹੂਰ ਹਿੰਦੁਸਤਾਨੀ ਲੇਖਕ, ਵਕੀਲ, ਰਾਜਦੂਤ, ਪੱਤਰਕਾਰ ਅਤੇ ਸਿਆਸਤਦਾਨ ਸਨ। 1947 ਦੇ ਬਟਵਾਰੇ ਨੇ ਉਨ੍ਹਾਂ ਨੂੰ ‘ਟ੍ਰੇਨ ਟੂ ਪਾਕਿਸਤਾਨ’ (ਜਿਸ ਤੇ ਫਿਲਮ ਵੀ ਬਣੀ) ਲਿਖਣ ਲਈ ਪ੍ਰੇਰਿਤ ਕੀਤਾ ਜਿਹੜਾ ਬਾਅਦ ‘ਚ ਇੱਕ ਪ੍ਰਸਿੱਧ ਨਾਵਲ ਸਾਬਿਤ ਹੋਇਆ। ਆਪਣੇ ਕਾਲਮ ‘ਵਿਦ ਮੈਲਿਸ ਟੁਵਰਡਸ ਵਨ ਐਂਡ ਆਲ’ ਨਾਲ ਖੁਸ਼ਵੰਤ ਸਿੰਘ ਨੂੰ ਬਹੁਤ ਲੋਕਪ੍ਰਿਯਤਾ ਹਾਸਲ ਹੋਈ। ਆਪਣੀ ਨਿਰਪੱਖਤਾ, ਤਿੱਖੇ ਹਾਸ-ਵਿਅੰਗ ਅਤੇ ਕਵਿਤਾ-ਪ੍ਰੇਮ ਲਈ ਮੰਨੇ ਹੋਏ ਇਸ ਵਿਵਾਦਗ੍ਰਸਤ ਲੇਖਕ ਨੇ 1974 ‘ਚ ਮਿਲੇ ‘ਪਦਮ ਭੂਸ਼ਣ’ ਸਨਮਾਨ ਨੂੰ ਓਪਰੇਸ਼ਨ ਬਲੂ ਸਟਾਰ ਦੇ ਵਿਰੋਧ ਵਜੋਂ ਇਨਕਾਰ ਕਰ ਦਿੱਤਾ ਸੀ । 2007 ਵਿੱਚ ਇੰਨਾ ਨੂੰ ਫਿਰ ‘ਪਦਮ ਵਿਭੂਸ਼ਣ’ ਦੇ ਖਿਤਾਬ ਨਾਲ ਨਵਾਜ਼ਿਆ ਗਿਆ।
ਉਨ੍ਹਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਦੁਨੀਆਂ ਦੀਆਂ ਹੋਰ ਬੋਲੀਆਂ ਵਿੱਚ ਅਨੁਵਾਦ ਕੀਤੀਆਂ ਗਈਆਂ ਹਨ। ਮਸ਼ਹੂਰ ਪੱਤਰਕਾਰ ਖੁਸ਼ਵੰਤ ਸਿੰਘ ਦਾ ਜਨਮ 2 ਫਰਵਰੀ 1915 ‘ਚ ਹੋਇਆ ਸੀ। ਖੁਸ਼ਵੰਤ ਸਿੰਘ ਦੇ ਪਿਤਾ ਦਾ ਨਾਮ ਸੋਭਾ ਸਿੰਘ ਸੀ ਜੋ ਆਪਣੇ ਸਮੇਂ ਦੇ ਪ੍ਰਸਿੱਧ ਠੇਕੇਦਾਰ ਸਨ। ਉਸ ਸਮੇਂ ਸੋਭਾ ਸਿੰਘ ਨੂੰ ਅੱਧੀ ਦਿੱਲੀ ਦਾ ਮਾਲਿਕ ਕਿਹਾ ਜਾਂਦਾ ਸੀ। ਖੁਸ਼ਵੰਤ ਸਿੰਘ ਜੀ ਨੇ ਗਵਰਨਮੈਂਟ ਕਾਲਜ ਲਾਹੌਰ ਅਤੇ ਕੈਮਬ੍ਰਿਜ ਯੂਨੀਵਰਸਿਟੀ ਸਿੱਖਿਆ ਮਿਲੀ ਸੀ। ਇਸਦੇ ਬਾਅਦ ਲੰਦਨ ਤੋਂ ਹੀ ਉਨ੍ਹਾਂ ਨੇ ਕਾਨੂੰਨ ਦੀ ਡਿਗਰੀ ਲਈ ਸੀ। ਉਸਦੇ ਬਾਅਦ ਉਹ ਲਾਹੌਰ ਵਿੱਚ ਵਕਾਲਤ ਕਰਦੇ ਰਹੇ ਅਤੇ ਖੁਸ਼ਵੰਤ ਸਿੰਘ ਜੀ ਦਾ ਵਿਆਹ ਕੰਵਲ ਮਲਿਕ ਨਾਲ ਹੋਇਆ। ਇਨ੍ਹਾਂ ਦੇ ਪੁੱਤ ਦਾ ਨਾਮ ਰਾਹੁਲ ਸਿੰਘ ਅਤੇ ਧੀ ਦਾ ਨਾਮ ਮਾਲਾ ਹੈ। ਖੁਸ਼ਵੰਤ ਸਿੰਘ ਜੀ ਨੇ 20 ਮਾਰਚ 2014 ‘ਚ ਆਖਰੀ ਸਾਹ ਲਏ ਸਨ ਅਤੇ ਜਦੋਂ ਉਹਨਾਂ ਦਾ ਦੇਹਾਂਤ ਹੋਇਆ ਸੀ ਉਸ ਸਮੇਂ ਉਹ 99 ਸਾਲਾਂ ਦੇ ਸਨ।