ਵਿਰਾਟ ਕੋਹਲੀ ਅਤੇ ਸਚਿਨ ਤੇਂਦੁਲਕਰ ਤੋਂ ਪਹਿਲਾਂ ਜਿਸ ਭਾਰਤੀ ਬੱਲੇਬਾਜ਼ ਨੇ ਦੁਨੀਆ ਭਰ ਵਿੱਚ ਸਨਮਾਨ ਹਾਸਲ ਕੀਤਾ ਉਹ ਸੁਨੀਲ ਗਾਵਸਕਰ ਸਨ। ਮਸ਼ਹੂਰ ਸੁਨੀਲ ਗਾਵਸਕਰ ਨੇ ਪੂਰੀ ਦੁਨੀਆਂ ਵਿੱਚ ਆਪਣੀ ਬੱਲੇਬਾਜ਼ੀ ਦਾ ਲੋਹਾ ਮਨਵਾਇਆ। ਇੰਨਾ ਹੀ ਨਹੀਂ ਮਹਾਨ ਬੱਲੇਬਾਜ਼ ਵਜੋਂ ਜਾਣੇ ਜਾਂਦੇ ਆਸਟ੍ਰੇਲੀਆ ਦੇ ਡੌਨ ਬ੍ਰੈਡਮੈਨ ਦੇ 29 ਸੈਂਕੜਿਆਂ ਦੇ ਟੈਸਟ ਰਿਕਾਰਡ ਟੁੱਟਣ ‘ਚ 35 ਸਾਲ ਲੱਗ ਗਏ ਅਤੇ ਉਸ ਰਿਕਾਰਡ ਨੂੰ ਵੀ ਤੋੜਨ ਵਾਲੇ ਕੋਈ ਹੋਰ ਨਹੀਂ ਸੁਨੀਲ ਗਾਵਸਕਰ ਹੀ ਸਨ। ਸੁਨੀਲ ਗਾਵਸਕਰ ਨੇ 34 ਟੈਸਟ ਸੈਂਕੜੇ ਬਣਾਏ ਸਨ ਅਤੇ ਉਨ੍ਹਾਂ ਦੇ ਕਰੀਅਰ ਵਿੱਚ ਕਈ ਤਾਰੀਖਾਂ ਅਜਿਹੀ ਸਾਬਤ ਹੋਈ ਜਿਹੜੀਆਂ ਇਤਿਹਾਸ ‘ਚ ਸੁਨਹਿਰੀ ਅੱਖਰਾਂ ਵਿੱਚ ਦਰਜ ਹੋਈਆਂ ਹਨ।
ਅਜਿਹੀ ਹੀ ਇੱਕ ਤਾਰੀਖ ਅੱਜ ਤੋਂ 51 ਸਾਲ ਪਹਿਲਾਂ ਆਈ ਸੀ ਜੋ ਉਨ੍ਹਾਂ ਦੇ ਕਰੀਅਰ ਲਈ ਉਡਾਣ ਵਜੋਂ ਸਾਬਤ ਹੋਈ। ਅਸਲ ਵਿੱਚ ਉਹ ਤਾਰੀਖ ਸੀ 21 ਮਾਰਚ 1971 ਜਿਸ ਦਿਨ ਗਾਵਸਕਰ ਨੇ ਟੈਸਟ ਕ੍ਰਿਕੇਟ ਵਿੱਚ ਪਹਿਲੀ ਵਾਰ ਸੈਂਕੜਾ ਬਣਾਇਆ। ਹਰ ਕਿਸੇ ਲਈ ਪਹਿਲਾ ਟੈਸਟ ਸੈਂਕੜਾ ਹਮੇਸ਼ਾ ਖਾਸ ਹੁੰਦਾ ਹੈ ਅਤੇ ਗਾਵਸਕਰ ਦੇ ਨਾਲ ਵੀ ਅਜਿਹਾ ਹੀ ਸੀ। ਗਾਵਸਕਰ ਨੇ ਪਹਿਲਾਂ 50 ਰਨ ਬਣਾਏ ਅਤੇ ਲਗਾਤਾਰ ਤੀਜੀ ਟੈਸਟ ਪਾਰੀ ਵਿੱਚ 50 ਦੇ ਸਕੋਰ ਨੂੰ ਪਾਰ ਕਰਨ ਦੀ ਉਪਲੱਬਧੀ ਹਾਸਲ ਕੀਤੀ। ਗਾਵਸਕਰ ਇੱਥੇ ਨਹੀਂ ਰੁਕੇ ਅਤੇ ਆਪਣੇ 50 ਰਨ ਨੂੰ ਸੈਂਕੜੇ ਵਿੱਚ ਬਦਲਦੇ ਹੋਏ ਟੈਸਟ ਕ੍ਰਿਕਟ ਵਿੱਚ ਪਹਿਲੀ ਪਾਰੀ ਖੇਡਦੇ ਰਹੇ। ਗਾਵਸਕਰ ਇਸ ਪਾਰੀ ਵਿੱਚ ਕੁੱਲ 116 ਰਨ ਬਣਾ ਕੇ ਆਊਟ ਹੋਏ ਅਤੇ ਫਿਰ ਟੈਸਟ ਦੀ ਦੂਜੀ ਪਾਰੀ ਵਿੱਚ ਵੀ ਨਾਬਾਦ 64 ਰਨ ਬਣਾਏ। ਦੱਸਣਯੋਗ ਹੈ ਕਿ ਮੈਚ ਤਾਂ ਡਰਾ ਰਿਹਾ ਸੀ ਪਰ ਇਸ ਸੀਰੀਜ ਨੂੰ ਭਾਰਤ ਜਿੱਤਣ ਵਿੱਚ ਸਫਲ ਰਿਹਾ ਸੀ। ਪਹਿਲਾਂ ਸੈਂਕੜਾ ਲਗਾਉਣ ਤੋਂ ਬਾਅਦ ਗਾਵਸਕਰ ਨੇ 33 ਹੋਰ ਟੈਸਟ ਸੈਂਕੜੇ ਬਣਾਏ ਸਨ।