Baba Nanak satisfies : ਭਾਈ ਮਰਦਾਨਾ ਜੀ ਅਕਸਰ ਹੀ ਸਵਾਲ ਕਰਦੇ ਰਿਹਾ ਕਰਦੇ ਸਨ ਅਤੇ ਗੁਰੂ ਨਾਨਕ ਦੇਵ ਜੀ ਉਸ ਸਵਾਲ ਦਾ ਜੁਆਬ ਬਾਣੀ ਵਿੱਚ ਦਿਆ ਕਰਦੇ ਸਨ । ਭਾਈ ਮਰਦਾਨਾ ਜੀ ਨੂੰ ਭੁੱਖ ਪਿਆਸ ਆਦਿ ਬਹੁਤ ਲੱਗਦੀ ਸੀ । ਬਾਬਾ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਦਾ ਆਪਸੀ ਪ੍ਰੇਮ ਅਤੇ ਨੇੜ ਇਤਨਾ ਸੀ ਕਿ ਭਾਈ ਮਰਦਾਨਾ ਗੁਰੂ ਜੀ ਨਾਲ ਉਲਝਣ ਵਿੱਚ ਨਾ ਹੀ ਘੱਟ ਕਰਦਾ ਸੀ ਅਤੇ ਨਾ ਹੀ ਦੇਰ ਕਰਦਾ ਸੀ । ਗੁਰੂ ਨਾਨਕ ਦੇਵ ਜੀ ਵੀ ਮਰਦਾਨੇ ਦੀ ਕਿਸੀ ਗੱਲ ਦਾ ਬੁਰਾ ਨਹੀਂ ਮਨਾਉਂਦੇ ਸਨ ਅਤੇ ਨਾ ਹੀ ਖਿਝਦੇ ਸਨ । ਸਗੋਂ ਪਿਆਰ ਨਾਲ ਸਹੀ ਰਸਤਾ ਦਿਖਾ ਦਿੰਦੇ ਸਨ । ਭਾਈ ਮਰਦਾਨਾ ਜੀ ਆਪੇ ਹੀ ਗੁੱਸੇ ਹੋ ਕੇ ਆਪੇ ਹੀ ਆਪਣੇ ਮਨ ਨਾਲ ਗੱਲਾਂ ਕਰ ਕੇ ਮੰਨ ਜਾਇਆ ਕਰਦੇ ਸਨ ।
ਇੱਕ ਵਾਰ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਪੀਲੀਭੀਤ ਦੇ ਇਲਾਕੇ ਵਿੱਚ ਸਨ । ਇੱਕ ਦਿਨ ਮਰਦਾਨੇ ਨੂੰ ਭੁੱਖ ਨੇ ਬੜਾ ਸਤਾਇਆ । ਇਲਾਕਾ ਜੰਗਲ ਦਾ ਸੀ । ਮਰਦਾਨੇ ਨੇ ਭੁੱਖ ਤੋਂ ਮਜਬੂਰ ਹੋ ਕੇ ਗੁਰੂ ਜੀ ਅੱਗੇ ਅਰਜ ਗੁਜ਼ਾਰੀ ਕਿ ਖਾਣ ਨੂੰ ਕੁਛ ਦਿੱਤਾ ਜਾਏ । ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ, “ਮਰਦਾਨਿਆ! ਓਹ ਟਾਹਣੀ ਨਾਲੋਂ ਤੋੜ ਕੇ ਫਲ਼ ਖਾ ਲੈ । ਪਰ ਲੜ ਨਾ ਬੰਨ੍ਹੀ । ਜਿੰਨੀ ਭੁੱਖ ਹੈ ਓਨੇ ਹੀ ਖਾਈਂ।” ਇਹ ਰੀਠਿਆਂ ਦਾ ਦਰੱਖਤ ਸੀ । ਮਰਦਾਨੇ ਨੇ ਰੀਠੇ ਰੱਜ ਕੇ ਖਾਧੇ । ਰੀਠੇ ਬੜੇ ਮਿੱਠੇ ਅਤੇ ਸੁਆਦ ਸਨ । ਮਰਦਾਨੇ ਨੇ ਕੁਝ ਕੁ ਰੀਠੇ ਤੋੜ ਕੇ ਪਰਨੇ ਲੜ ਬੰਨ੍ਹ ਲਏ । ਥੋੜਾ ਅੱਗੇ ਚੱਲ ਕੇ ਮਰਦਾਨੇ ਨੂੰ ਫਿਰ ਭੁੱਖ ਲੱਗੀ । ਉਸ ਨੇ ਪਰਨੇ ਲੜੋਂ ਰੀਠਾ ਮੂੰਹ ਵਿੱਚ ਪਾ ਲਿਆ । ਮਰਦਾਨਾ ਰੀਠੇ ਦੀ ਕੁੜੱਤਣ ਨਾ ਸਹਿ ਸਕਿਆ । ਰੀਠਾ ਖਾਧਾ ਤਾਂ ਬਾਬਾ ਜੀ ਤੋਂ ਚੋਰੀ ਸੀ ਅਤੇ ਲੜ ਬੰਨ੍ਹਿਆ ਵੀ ਹੁਕਮ ਦੀ ਅਵੱਗਿਆ ਕਰ ਕੇ ਸੀ । ਗੁਰੂ ਨਾਨਕ ਦੇਵ ਜੀ ਪੁੱਛਿਆ, “ਮਰਦਾਨਿਆ! ਕੀ ਹੋਇਆ?” ” ਮਰ ਗਿਆ ਬਾਬਾ! ਰੀਠਾ ਖਾਧਾ ਸੀ।” ਮਰਦਾਨੇ ਦਾ ਜੁਆਬ ਸੀ । “ਪਰ ਮਰਦਾਨਿਆ! ਤੈਨੂੰ ਤਾਂ ਖਾਣ ਲਈ ਕਿਹਾ ਸੀ, ਤੂੰ ਲੜ ਕਿਉਂ ਬੰਨੇ? ਮਰਦਾਨਿਆ ਇਹ ਰੀਠੇ ਦੀ ਕੁੜੱਤਣ ਨਹੀਂ, ਇਹ ਤੇਰੇ ਲਾਲਚ ਦੀ ਕੁੜੱਤਣ ਹੈ ।
ਦੇਸ ਦਸੰਤਰਾਂ ਦੀ ਯਾਤਰਾ ਕਰਦੇ ਹੋਏ ਜਦ ਗੁਰੂ ਨਾਨਕ ਦੇਵ ਜੀ ਆਪਣੇ ਸਾਥੀਆਂ ਭਾਈ ਮਰਦਾਨਾ ਤੇ ਭਾਈ ਬਾਲਾ ਸਮੇਤ ਅਫਗਾਨਿਸਤਾਨ ਦੇ ਸ਼ਹਿਰ ਖੁਰਮ ਪੁੱਜੇ, ਤਾਂ ਬਾਬਾ ਨਾਨਕ ਤੇ ਭਾਈ ਮਰਦਾਨਾ ਦਾ ਬੇ ਸਮੇਂ ਤੋਂ ਚੱਲਿਆ ਆ ਰਿਹਾ ਸਾਥ ਵਿਛੜਣ ਦਾ ਸਮਾਂ ਆ ਗਿਆ ਅਤੇ ਭਾਈ ਮਰਦਾਨੇ ਨੇ ਗੁਰੂ ਜੀ ਦੇ ਸਨਮੁੱਖ ਜਿੰਦਗੀ ਦਾ ਆਖਰੀ ਸੁਆਸ ਲੈਂਦਿਆਂ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ।