Ravi shankar prasad says : ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਰਵੀ ਸ਼ੰਕਰ ਪ੍ਰਸਾਦ ਨੇ ਐਂਟੀਲੀਆ ਕੇਸ ਅਤੇ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਦਾ ਜ਼ਿਕਰ ਕਰਦਿਆਂ ਅੱਜ ਊਧਵ ਠਾਕਰੇ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਵਿੱਚ ਵੀ ‘ਖੇਲਾ’ ਹੋ ਰਿਹਾ ਹੈ, ਜੋ ਹੋ ਰਿਹਾ ਹੈ ਉਹ ‘ਵਿਕਾਸ’ ਨਹੀਂ ਬਲਕਿ ‘ਵਸੂਲੀ’ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ‘ਵਸੂਲੀ ਦੀ, ਵਸੂਲੀ ਦੁਆਰਾ ਅਤੇ ਵਸੂਲੀ ਦੇ ਲਈ’ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਪੁਲਿਸ ਕਮਿਸ਼ਨਰ ਨੇ ਲਿਖਿਆ ਕਿ ਰਾਜ ਦੇ ਗ੍ਰਹਿ ਮੰਤਰੀ ਨੇ ਮੁੰਬਈ ਤੋਂ ਇੱਕ ਮਹੀਨੇ ਵਿੱਚ 100 ਕਰੋੜ ਰੁਪਏ ਦੀ ਵਸੂਲੀ ਦਾ ਟੀਚਾ ਮਿੱਥਿਆ ਹੈ। ਜਦੋਂ ਕਿਸੇ ਮੰਤਰੀ ਦਾ ਟੀਚਾ 100 ਕਰੋੜ ਹੈ, ਬਾਕੀ ਮੰਤਰੀਆਂ ਦਾ ਕਿੰਨਾ ਹੋਵੇਗਾ ?
ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕੁੱਝ ਦਸਤਾਵੇਜ਼ਾਂ ਨਾਲ ਕਿਹਾ ਹੈ ਕਿ ਤਬਾਦਲੇ ਅਤੇ ਪੋਸਟਿੰਗ ਦੇ ਨਾਮ ‘ਤੇ ਵੀ ਵਸੂਲੀ ਚੱਲ ਰਹੀ ਹੈ। ਸਿਰਫ ਛੋਟੇ ਅਫਸਰਾਂ ਦੀ ਹੀ ਨਹੀਂ ਬਲਕਿ ਵੱਡੇ ਆਈਪੀਐਸ ਅਧਿਕਾਰੀਆਂ ਦੀ ਵੀ। ਉਨ੍ਹਾਂ ਕਿਹਾ ਕਿ ਜੇ ਮਹਾਰਾਸ਼ਟਰ ਵਰਗੇ ਰਾਜ ਵਿੱਚ ਵੱਡੇ ਅਧਿਕਾਰੀਆਂ ਦੀ ਤਾਇਨਾਤੀ ਵਿੱਚ ਵਸੂਲੀ ਹੋ ਰਹੀ ਹੈ ਤਾਂ ਅਸੀਂ ਸੋਚਿਆ ਕਿ ਮੁੱਖ ਮੰਤਰੀ ਕਾਰਵਾਈ ਕਰਨਗੇ। ਪਰ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਇੱਕ ਇਮਾਨਦਾਰ ਮਹਿਲਾ ਅਧਿਕਾਰੀ ਨੂੰ ਸਿਵਲ ਡਿਫੈਂਸ ਦਾ ਡੀਜੀਪੀ ਬਣਾਇਆ ਗਿਆ। ਉਨ੍ਹਾਂ ਨੇ ਅੱਗੇ ਕਿਹਾ ਕਿ ਸਚਿਨ ਵਾਜੇ ਨੂੰ ਮੁਅੱਤਲ ਕੀਤਾ ਗਿਆ ਸੀ, ਲੱਗਭਗ 15-16 ਸਾਲਾਂ ਤੱਕ ਉਹ ਸ਼ਿਵ ਸੈਨਾ ਦਾ ਮੈਂਬਰ ਬਣਦਾ ਹੈ। ਉਸ ਨੂੰ ਕੋਰੋਨਾ ਕਾਲ ਦੇ ਦੌਰਾਨ ਬਹਾਲ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਉਨ੍ਹਾਂ ਨੂੰ 100 ਕਰੋੜ ਦੀ ਵਸੂਲੀ ਦਾ ਟੀਚਾ ਦਿੱਤਾ ਜਾਂਦਾ ਹੈ।