Learn about the : ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਇਹ ਉਹ ਪਵਿੱਤਰ ਅਸਥਾਨ ਹੈ। ਜਿਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ , ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੇ ਪਵਿੱਤਰ ਦੇਹਾਂ ਦਾ ਸੰਸਕਾਰ ਕੀਤਾ ਗਿਆ ਸੀ। ਇਹ ਥਾਂ ਜਾਲਮ ਹਕੂਮਤ ਪਾਸੋਂ ਦੀਵਾਨ ਟੋਡਰ ਮੱਲ ਨੇ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਮੁੱਲ ਖਰੀਦੀ ਸੀ। ਅੱਜ ਇਸ ਅਸਥਾਨ ‘ਤੇ ਪਾਲਕੀ ਸਾਹਿਬ ਸ਼ੁਸੋਭਿਤ ਹੈ। ਪੰਜਾਬ ਦੇ ਜਿਲ੍ਹਾ ਫਤਿਹਗੜ੍ਹ ਸਾਹਿਬ ਵਿਚ ਹੈ ਜਿੱਥੇ ਹੁਣ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਸੁਸ਼ੋਭਿਤ ਹੈ। ਇਹ ਗੁਰੂਘਰ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਇਕ ਕਿਲੋਮੀਟਰ ਦੂਰ ਬਣਿਆ ਹੋਇਆ ਹੈ।
ਜਦੋ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਛੱਡਿਆ ਉਦੋਂ ਸਰਸਾ ਨਦੀ ‘ਤੇ ਗੁਰੂ ਜੀ ਅਤੇ ਪਰਿਵਾਰ ਦਾ ਵਿਛੋੜਾ ਪੈ ਗਿਆ। ਮਾਤਾ ਗੁਜਰ ਕੌਰ ਅਤੇ ਦੋਨੋਂ ਛੋਟੇ ਸਾਹਿਬਜਾਦੇ ਗੰਗੂ ਬ੍ਰਾਹਮਣ ਤੋਂ ਮਿਲੀ ਖਬਰ ਦੇ ਬਾਦ ਮੁਗਲ ਸਰਕਾਰ ਨੇ ਗ੍ਰਿਫਤਾਰ ਕਰ ਲਏ। ਇਸ ਤੋਂ ਬਾਅਦ ਸਰਹਿੰਦ ਦੇ ਨਵਾਬ ਵਜੀਰ ਖਾਂ ਵਲੋਂ ਜਬਰੀ ਇਸਲਾਮ ਧਰਮ ਕਬੂਲ ਕਰਵਾਉਣ ਲਈ ਸਾਹਿਬਜਾਦਿਆਂ ਉੱਤੇ ਦਬਾਅ ਪਾਇਆ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੂੰ ਵੱਖ ਵੱਖ ਤਰ੍ਹਾਂ ਦੇ ਲਾਲਚ ਵੀ ਦਿੱਤੇ ਗਏ ਤਾਂ ਜੋ ਉਹ ਇਸਲਾਮ ਕਬੂਲ ਕਰ ਲੈਣ ਪਰ ਸਾਹਿਬਜਾਦੇ ਆਪਣੇ ਗੁਰੂ ਪਿਤਾ ਦੇ ਸਿਖਾਏ ਨਿਯਮਾਂ ‘ਤੇ ਡੱਟੇ ਰਹੇ ਤੇ ਵਜ਼ੀਰ ਖਾਂ ਦੀ ਈਨ ਨਾ ਮੰਨੀ, ਜਿਸ ਕਾਰਨ ਵਜ਼ੀਰ ਖਾਂ ਦੇ ਕਾਜੀ ਨੇ ਬੱਚਿਆਂ ਨੂੰ ਜ਼ਿੰਦਾ ਦੀਵਾਰ ਵਿਚ ਚਿਣਨ ਦਾ ਫਤਵਾ ਜਾਰੀ ਕਰ ਦਿੱਤਾ। ਦੋਵੇਂ ਸਾਹਿਬਜਾਦੇ ਧਰਮ ਦੀ ਰੱਖਿਆ ਲਈ ਸ਼ਹਾਦਤ ਦਾ ਜਾਮ ਪੀ ਗਏ। ਸ਼ਹਾਦਤ ਤੋਂ ਬਾਦ ਮੁਗਲ ਰਾਜ ਦੇ ਡਰ ਕਾਰਨ ਕੋਈ ਵੀ ਇੰਨਾਂ ਪਵਿੱਤਰ ਦੇਹਾਂ ਦੇ ਕੋਲ ਨਹੀਂ ਆਇਆ ਤਾਂ ਗੁਰੂਘਰ ਦਾ ਪ੍ਰੇਮੀ ਦੀਵਾਨ ਟੋਡਰ ਮੱਲ ਇਹਨਾਂ 2 ਮਾਸੂਮ ਜ਼ਿੰਦਾ ਅਤੇ ਮਾਤਾ ਗੁਜਰ ਕੌਰ ਜੀ ਦੀ ਪਾਵਨ ਦੇਹਾਂ ਦੇ ਅੰਤਿਮ ਸਸਕਾਰ ਲਈ ਅੱਗੇ ਆਏ।
ਪਰ ਮੁਗਲ ਰਾਜ ਨੇ ਟੋਡਰ ਮੱਲ ਅੱਗੇ ਇਹ ਸ਼ਰਤ ਰੱਖੀ ਕਿ ਉਸਨੂੰ ਜਿੰਨੀ ਜਗ੍ਹਾ ਸਸਕਾਰ ਲਈ ਚਾਹੀਦੀ ਹੈ, ਉਨੀ ਹੀ ਜਗ੍ਹਾ ‘ਚ ਸੋਨੇ ਦੀ ਮੋਹਰਾਂ ਨੂੰ ਸਿੱਧੀਆਂ ਖੜੀਆਂ ਕਰਕੇ ਉਹ ਥਾਂ ਖਰੀਦ ਸਕਦਾ ਹੈ, ਜਿਸਦੇ ਚਲਦਿਆਂ ਟੋਡਰ ਮੱਲ ਨੇ ਦੇਹਾਂ ਦੇ ਸਸਕਾਰ ਲਈ 78 ਹਜ਼ਾਰ ਸੋਨੇ ਦੀ ਮੋਹਰਾਂ ਨੂੰ ਜ਼ਮੀਨ ਤੇ ਸਿੱਧੀਆਂ ਖੜੀਆਂ ਕਰਕੇ ਇਸ ਜ਼ਮੀਨ ਨੂੰ ਖਰੀਦਿਆ। ਸੋਨੇ ਦੀ ਕੀਮਤ ਮੁਤਾਬਿਕ ਇਸ 4 ਸੁਕੇਅਰ ਮੀਟਰ ਜਗ੍ਹਾ ਦੀ ਕੀਮਤ 2 ਅਰਬ 50 ਕਰੋੜ ਰੁਪਏ ਤੋਂ ਵੀ ਜਿਆਦਾ ਬਣਦੀ ਹੈ। ਇੰਨੀ ਥੋੜੀ ਥਾਂ ਲਈ ਇੰਨੀ ਵੱਡੀ ਰਕਮ ਦੀ ਅਦਾਇਗੀ ਕਰਕੇ ਦੀਵਾਨ ਟੋਡਰ ਮੱਲ੍ਹ ਨੇ ਇਹ ਵੱਡੀ ਸੇਵਾ ਨਿਭਾਈ, ਜਿਸ ਕਾਰਨ ਅੱਜ ਸਿੱਖ ਇਤਿਹਾਸ ਵਿਚ ਦੀਵਾਨ ਟੋਡਰ ਮੱਲ ਦਾ ਨਾਂ ਸੁਨਿਹਰੀ ਅੱਖਰਾਂ ਵਿਚ ਲਿਖਿਆ ਗਿਆ ਹੈ।