mallikarjun kharge says modi govt : ਸੀਨੀਅਰ ਕਾਂਗਰਸੀ ਨੇਤਾ ਅਤੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮੱਲੀਕਾਰਜੁਨ ਖੜਗੇ ਨੇ ਵੀਰਵਾਰ ਨੂੰ ਕਿਹਾ ਕਿ ਮੋਦੀ ਸਰਕਾਰ ਤੇਜ਼ੀ ਨਾਲ ਨਿੱਜੀਕਰਨ ਕਰ ਰਹੀ ਹੈ। ਇਸ ਦੇ ਜ਼ਰੀਏ ਉਹ ਦਲਿਤਾਂ, ਪੱਛੜੇ ਅਤੇ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਦੀਆਂ ਨੌਕਰੀਆਂ ਖ਼ਤਮ ਕਰਨਾ ਚਾਹੁੰਦੀ ਹੈ। ਕਾਂਗਰਸ ਨੇਤਾ ਮੱਲੀਕਾਰਜੁਨ ਖੜਗੇ ਨੇ ਬਜਟ ਸੈਸ਼ਨ ਦੀ ਸਮਾਪਤੀ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਮੋਦੀ ਸਰਕਾਰ ‘ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਤਾਮਿਲਨਾਡੂ ਦੀ ਐਸ.ਸੀ ਅਤੇ ਐਸ.ਟੀ. ਸੂਚੀ ਵਿੱਚ ਸੋਧ ਲਈ ਸੰਵਿਧਾਨਿਕ ਸੋਧ ਦੇ ਆਦੇਸ਼ ਛੇ ਸਾਲਾਂ ਤੋਂ ਅਟਕੇ ਹੋਏ ਹਨ। ਹੁਣ ਜਦੋਂ ਉੱਥੇ ਵਿਧਾਨ ਸਭਾ ਚੋਣਾਂ ਆ ਗਈਆਂ ਤਾ ਮੋਦੀ ਸਰਕਾਰ ਨੇ ਇਸ ਨੂੰ ਸੰਸਦ ਤੋਂ ਪਾਸ ਕਰ ਦਿੱਤਾ ਹੈ। ਦੇਰ ਨਾਲ ਹੀ ਸਹੀ ਪਰ ਸਰਕਾਰ ਨੇ ਇਹ ਸਹੀ ਕੰਮ ਕੀਤਾ ਹੈ ਅਤੇ ਅਸੀਂ ਇਸਦਾ ਸਵਾਗਤ ਕਰਦੇ ਹਾਂ।
ਮੱਲੀਕਾਰਜੁਨ ਖੜਗੇ ਨੇ ਕਿਹਾ ਕਿ ਅਸੀਂ ਸੰਸਦ ਦੇ ਸੈਸ਼ਨ ਵਿੱਚ ਐਫ.ਡੀ.ਆਈ ਦਾ ਮੁੱਦਾ ਵੀ ਚੁੱਕਿਆ ਸੀ। ਇਹ ਸਮਝਣ ਯੋਗ ਹੈ ਕਿ ਸਰਕਾਰ ਨੇ ਘਾਟੇ ਵਾਲੇ PSUs ਦਾ ਨਿੱਜੀਕਰਨ ਕੀਤਾ ਹੈ, ਪਰ ਸਰਕਾਰ ਫਾਇਦੇ ਵਾਲੇ PSUs ਦਾ ਵੀ ਨਿੱਜੀਕਰਨ ਕਰ ਰਹੀ ਹੈ। ਬੀਮੇ ਵਿੱਚ 74% ਐਫ.ਡੀ.ਆਈ ਲਿਆ ਰਹੀ ਹੈ। ਅਸੀਂ ਸਰਕਾਰ ਨੂੰ ਕਿਹਾ ਕਿ ਜਨਤਕ ਖੇਤਰ ਦੇ ਕੰਮਾਂ ਦਾ ਸੁਭਾਅ ਸਰਕਾਰੀ ਰਹਿਣਾ ਚਾਹੀਦਾ ਹੈ, ਕਿਉਂਕਿ ਐਸ.ਸੀ, ਐਸ.ਟੀ, ਓ.ਬੀ.ਸੀ ਅਤੇ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਨੂੰ ਨੌਕਰੀਆਂ ਵਿਚ ਰਾਖਵਾਂਕਰਨ ਮਿਲਦਾ ਹੈ। ਸਰਕਾਰ ਨਿੱਜੀਕਰਨ ਨੂੰ ਉਤਸ਼ਾਹਤ ਕਰਕੇ ਇਨ੍ਹਾਂ ਸਾਰੀਆਂ ਨੌਕਰੀਆਂ ਨੂੰ ਘਟਾਉਣਾ ਅਤੇ ਖਤਮ ਕਰਨਾ ਚਾਹੁੰਦੀ ਹੈ।
ਮੱਲੀਕਾਰਜੁਨ ਖੜਗੇ ਨੇ ਕਿਹਾ ਕਿ ਅਸੀਂ ਪੈਟਰੋਲ, ਡੀਜ਼ਲ, ਰਸੋਈ ਗੈਸ ਅਤੇ ਮਿੱਟੀ ਦੇ ਤੇਲ ਦੀਆਂ ਵਧਦੀਆਂ ਕੀਮਤਾਂ ਦਾ ਸਭ ਤੋਂ ਮਹੱਤਵਪੂਰਨ ਮੁੱਦਾ ਚੁੱਕਿਆ। ਅਸੀਂ ਇਸ ਮੁੱਦੇ ‘ਤੇ ਸਦਨ ਵਿੱਚ ਦੋ ਦਿਨਾਂ ਤੱਕ ਲੜਾਈ ਲੜੀ। ਅਸੀਂ ਸਰਕਾਰ ਨੂੰ 6 ਸਾਲਾਂ ਵਿੱਚ ਆਬਕਾਰੀ ਅਤੇ ਸੈੱਸ ਤੋਂ ਇਕੱਤਰ ਕੀਤੇ 22 ਲੱਖ ਕਰੋੜ ਰੁਪਏ ਦਾ ਹਿਸਾਬ ਕਿਤਾਬ ਵੀ ਮੰਗਿਆ, ਪਰ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ। ਖੜਗੇ ਨੇ ਕਿਹਾ ਕਿ ਅਸੀਂ ਦੂਜਾ ਮੁੱਦਾ ਸੰਸਦ ਵਿੱਚ ਕਿਸਾਨਾਂ ਦਾ ਚੁੱਕਿਆ। ਸਾਡੇ ਕਿਸਾਨ ਭਰਾ 120 ਦਿਨਾਂ ਤੋਂ ਦਿੱਲੀ ਦੀ ਸਰਹੱਦ ਤੇ ਬੈਠੇ ਹਨ। ਅਸੀਂ ਖੇਤੀਬਾੜੀ ਦੇ ਕਾਨੂੰਨਾਂ ਬਾਰੇ ਵਿਚਾਰ ਵਟਾਂਦਰੇ ਕਰਨਾ ਚਾਹੁੰਦੇ ਸੀ, ਪਰ ਸਰਕਾਰ ਨੇ ਉਹੀ ਜਵਾਬ ਦਿੱਤਾ, “ਅਸੀਂ ਜੋ ਕੀਤਾ ਹੈ, ਕੀਤਾ ਹੈ, ਤੁਸੀ ਕੀ ਕਰਨਾ ਹੈ ਕਰ ਲਓ’ ਇਹ ਉਦੋਂ ਹੁੰਦਾ ਹੈ ਜਦੋਂ ਬਹੁਮਤ ਹੁੰਦੀ ਹੈ ਅਤੇ ਭਾਜਪਾ ਤਾਂ ਇਸ ਤਰ੍ਹਾਂ ਦਾ ਹੀ ਵਿਵਹਾਰ ਕਰਦੀ ਹੈ।