Corona positive prisoner : ਬਠਿੰਡਾ ਵਿਖੇ ਕੁਝ ਦਿਨ ਪਹਿਲਾਂ ਅਵਤਾਰ ਸਿੰਘ ਉਰਫ ਤਾਰੀ ਨੂੰ ਨਸ਼ੇ ਦੀਆਂ ਗੋਲੀਆਂ ਸਣੇ ਗ੍ਰਿਫਤਾਰ ਕੀਤਾ ਗਿਆ ਸੀ ਤੇ ਤਬੀਅਤ ਖਰਾਬ ਹੋਣ ਕਾਰਨ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ, ਜਿਥੋਂ ਉਹ ਬੀਤੇ ਦਿਨੀਂ ਫਰਾਰ ਹੋ ਗਿਆ। ਉਕਤ ਮੁਲਜ਼ਮ ਦਾ ਕੋਰੋਨਾ ਟੈਸਟ ਵੀ ਕਰਵਾਇਆ ਗਿਆ ਸੀ ਤੇ ਰਿਪੋਰਟ ‘ਚ ਉਹ ਕੋਰੋਨਾ ਪਾਜੀਟਿਵ ਪਾਇਆ ਗਿਆ ਸੀ ਪਰ ਅਜੇ ਤੱਕ ਉਹ ਪੁਲਿਸ ਦੀ ਪਕੜ ਤੋਂ ਬਾਹਰ ਹੈ। ਸਖਤ ਨੋਟਿਸ ਲੈਂਦਿਆਂ ਚਾਰ ਪੁਲਿਸ ਮੁਲਾਜ਼ਮਾਂ ਖਿਲਾਫ ਜਿਹੜੇ ਉਸ ਸਮੇਂ ਕੈਦੀ ਦੀ ਨਿਗਰਾਨੀ ‘ਚ ਤਾਇਨਾਤ ਸਨ, ਕੇਸ ਦਰਜ ਕਰ ਲਿਆ ਗਿਆ ਹੈ।
ਦੱਸ ਦੇਈਏ ਕਿ ਅਵਤਾਰ ਸਿੰਘ ਉਰਫ ਤਾਰੀ ਹਸਪਤਾਲ ਦੀ ਤੀਜੀ ਮੰਜ਼ਿਲ ਤੋਂ ਖਿੜਕੀ ਦਾ ਸ਼ੀਸ਼ਾ ਤੋੜ ਕੇ ਭੱਜਣ ‘ਚ ਸਫਲ ਹੋ ਗਿਆ ਸੀ। ਬੀਤੀ 19 ਮਾਰਚ ਨੂੰ ਤਾਰੀ ਨੂੰ 1300 ਨਸ਼ੇ ਦੀਆਂ ਗੋਲੀਆਂ ਸਣੇ ਗ੍ਰਿਫਤਾਰ ਕੀਤਾ ਗਿਆ ਸੀ। ਥਾਣਾ ਨਥਾਣਾ ‘ਚ ਕੇਸ ਦਰਜ ਕਰਨ ਤੋਂ ਬਾਅਦ ਉਸ ਨੂੰ ਅਦਾਲਤ ‘ਚ ਪੇਸ਼ੀ ਲਈ ਭੇਜਿਆ ਗਿਆ ਸੀ ਜਿਥੇ ਅਹਿਤਿਆਤ ਦੇ ਤੌਰ ‘ਤੇ ਉਸ ਦਾ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ ਗਿਆ, ਜਿਸ ਲਈ ਉਸ ਨੂੰ ਬਠਿੰਡਾ ਦੇ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਤੇ ਉਸ ਦੀ ਰਿਪੋਰਟ ਵੀ ਕੋਰੋਨਾ ਪਾਜੀਟਿਵ ਪਾਈ ਗਈ ਸੀ ਪਰ ਹਸਪਤਾਲ ਤੋਂ ਕੈਦੀ ਪੁਲਿਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਸੁਰੱਖਿਆ ‘ਚ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਕੈਦੀ ਦੇ ਭੱਜਣ ਦੀ ਸੂਚਨਾ ਕਾਫੀ ਦੇਰ ਬਾਅਦ ਲੱਗੀ ਜਿਸ ਕਾਰਨ ਉਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ।
ਪੂਰੇ ਮਾਮਲੇ ਬਾਰੇ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਤੇ ਉਦੋਂ ਤੋਂ ਉਸ ਨੂੰ ਫੜਨ ਦੀ ਮੁਸ਼ੱਕਤ ਕੀਤੀ ਜਾ ਰਹੀ ਹੈ ਕਿਉਂਕਿ ਹੁਣ ਉਕਤ ਵਿਅਕਤੀ ਇੱਕ ਤਾਂ ਮੁਲਜ਼ਮ ਹੈ ਤੇ ਦੂਜਾ ਕੋਰੋਨਾ ਪਾਜੀਟਿਵ ਵੀ ਨਿਕਲਿਆ ਹੈ, ਜਿਸ ਕਰਕੇ ਲੋਕਾਂ ਲਈ ਉਹ ਖਤਰਾ ਬਣ ਚੁੱਕਾ ਹੈ। ਹੁਣ ਉਹ ਜਿਹੜੇ ਵਿਅਕਤੀਆਂ ਦੇ ਸੰਪਰਕ ‘ਚ ਆਏਗਾ ਉਨ੍ਹਾਂ ਦੇ ਪਾਜੀਟਿਵ ਹੋਣ ਦੀ ਸੰਭਾਵਨਾ ਵੀ ਵਧ ਸਕਦੀਹੈ। ਦੱਸ ਦੇਈਏ ਕਿ ਪੰਜਾਬ ‘ਚ ਕੋਰੋਨਾ ਦੇ ਕੇਸ ਰੋਜ਼ਾਨਾ ਬਹੁਤ ਵੱਡੀ ਗਿਣਤੀ ‘ਚ ਸਾਹਮਣੇ ਆ ਰਹੇ ਹਨ ਤੇ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ ਤੇ ਅਜਿਹੇ ‘ਚ ਕੋਰੋਨਾ ਪਾਜੀਟਿਵ ਵਿਅਕਤੀ ਦਾ ਖੁੱਲ੍ਹੇਆਮ ਘੁੰਮਣਾ ਬਹੁਤ ਖਤਰਨਾਕ ਹੈ।