Punjab observes 1 : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਕਾਰਨ ਜਾਨ ਗਵਾਉਣ ਵਾਲੇ ਲੋਕਾਂ ਦੀ ਯਾਦ ਵਿਚ ਅੱਜ ਲੋਕਾਂ ਨੂੰ ਇੱਕ ਮਿੰਟ ਦਾ ਮੌਨ ਰੱਖਣ ਅਤੇ 11 ਤੋਂ 12 ਵਜੇ ਦੌਰਾਨ 1 ਘੰਟੇ ਲਈ ਵਾਹਨ ਨਾ ਚਲਾਉਣ ਦੀ ਅਪੀਲ ਕੀਤੀ ਸੀ। ਸੂਬਾ ਸਰਕਾਰ ਵੱਲੋਂ ਹਰ ਸ਼ਨੀਵਾਰ ਦੁਪਹਿਰ 11 ਤੋਂ 12 ਵਜੇ ਤੱਕ ਅਜਿਹਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸੂਬੇ ਵਿਚ ਕਈ ਥਾਵਾਂ ’ਤੇ ਕੈਪਟਨ ਦੀ ਇਸ ਅਪੀਲ ਦਾ ਅਸਰ ਦੇਖਣ ਨੂੰ ਮਿਲਿਆ। ਪੁਲਿਸ ਨੇ ਕਈ ਥਾਵਾਂ ’ਤੇ 11 ਤੋਂ 12 ਵਜੇ ਤੱਕ ਟਰੈਫਿਕ ਨੂੰ ਰੋਕ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਹਫ਼ਤੇ ਸਾਰੇ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੂੰ ਇਸ ਮੁਹਿੰਮ ਵਿਚ ਮਾਰਕੀਟ ਕਮੇਟੀਆਂ, ਪੰਚਾਇਤਾਂ ਸਮੇਤ ਆਮ ਲੋਕਾਂ ਨੂੰ ਜੋੜਨ ਲਈ ਕਿਹਾ ਸੀ।
ਜਲੰਧਰ ਦੇ ਸ਼ਾਹਕੋਟ ਵਿਖੇ ਵੀ ਕੋਰੋਨਾ ਨਾਲ ਮੌਤ ਦੇ ਮੂੰਹ ‘ਚ ਜਾਣ ਵਾਲੇ ਡੀ. ਐੱਸ. ਪੀ. ਵਰਿੰਦਰਪਾਲ ਸਿੰਘ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ ਅਤੇ ਉਨ੍ਹਾਂ ਲਈ ਇੱਕ ਮਿੰਟ ਦਾ ਮੌਨ ਰੱਖਿਆ ਗਿਆ। ਉਹ ਸਿਰਫ 51 ਸਾਲਾਂ ਦੇ ਸਨ। ਇਸ ਮੁਹਿੰਮ ਦਾ ਉਦੇਸ਼ ਕੋਰੋਨਾ ਕਾਰਨ ਮਰੇ ਲੋਕਾਂ ਨੂੰ ਸ਼ਰਧਾਂਜਲੀ ਦੇਣਾ ਅਤੇ ਲੋਕਾਂ ਨੂੰ ਬਿਨਾਂ ਕੰਮ ਦੇ ਘਰ ਤੋਂ ਬਾਹਰ ਨਾ ਨਿਕਲਣ ਲਈ ਪ੍ਰੇਰਿਤ ਕਰਨਾ ਹੈ। ਜਲੰਧਰ, ਲੁਧਿਆਣਾ, ਬਠਿੰਡਾ, ਬਰਨਾਲਾ ਸਣੇ ਹੋਰ ਜ਼ਿਲ੍ਹਿਆਂ ਵਿਚ ਪੁਲਿਸ ਨੇ 11 ਵਜਦੇ ਹੀ ਟਰੈਫਿਕ ਰੋਕ ਦਿੱਤਾ। ਹਾਲਾਂਕਿ ਇਸ ਦੌਰਾਨ ਐਂਬੂਲੈਂਸ ਅਤੇ ਜ਼ਰੂਰੀ ਵਾਹਨਾਂ ਨੂੰ ਜਾਣ ਦਿੱਤਾ ਗਿਆ। ਲੁਧਿਆਣਾ ਵਿਖੇ ਡੀ. ਸੀ. ਵਰਿੰਦਰ ਸ਼ਰਮਾ ਨੇ ਕਿਹਾ ਕਿ ਇਸ ਸਮੇਂ ਦੌਰਾਨ ਸੜਕੀ ਆਵਾਜਾਈ ਤੋਂ ਵੀ ਪਰਹੇਜ਼ ਕਰੋ। ਉਨ੍ਹਾਂ ਕਿਹਾ ਕਿ ਸਮਾਜਿਕ ਸੰਸਥਾਵਾਂ ਵੀ ਇਸ ਵਿੱਚ ਸਹਿਯੋਗ ਕਰਨਗੀਆਂ। ਇਸ ਤੋਂ ਇਲਾਵਾ ਡੀਸੀ ਨੇ ਜ਼ਿਲ੍ਹੇ ਦੇ ਸਮੂਹ ਸਰਪੰਚਾਂ-ਪੰਚਾਂ ਨੂੰ ਅਪੀਲ ਕੀਤੀ ਕਿ ਉਹ ਸ਼ਨੀਵਾਰ ਸਵੇਰੇ 11 ਵਜੇ ਤੋਂ 12 ਵਜੇ ਤੱਕ ਆਪਣੇ ਪਿੰਡਾਂ ਵਿੱਚ ਜਾਗਰੂਕਤਾ ਵਧਾ ਕੇ ਸ਼ਰਧਾਂਜਲੀਆਂ ਲਈ ਸਹਿਯੋਗ ਕਰਨ ਤਾਂ ਜੋ ਕੋਈ ਇੱਕ ਘੰਟੇ ਵੀ ਸੜਕ ’ਤੇ ਨਾ ਚਲ ਸਕੇ। ਦੂਜੇ ਪਾਸੇ ਕਈ ਥਾਵਾਂ ‘ਤੇ ਪੁਲਿਸ ਪ੍ਰਸ਼ਾਸਨ ਵੱਲੋਂ ਟਰੈਫਿਕ ਰੋਕੇ ਜਾਣ ਕਾਰਨ ਪੁਲਿਸ ਨੂੰ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ।