1 hour curfew : ਪੰਜਾਬ ‘ਚ ਕੋਵਿਡ-19 ਕਾਰਨ ਜਾਨ ਗਵਾਉਣ ਵਾਲੇ ਵਿਅਕਤੀਆਂ ਦੀ ਯਾਦ ਵਿਚ ਲੋਕਾਂ ਨੂੰ ਇੱਕ ਮਿੰਟ ਦਾ ਮੌਨ ਰੱਖਣ ਅਤੇ 11 ਤੋਂ 12 ਵਜੇ ਤੱਕ ਇੱਕ ਘੰਟੇ ਲਈ ਵਾਹਨ ਨਾ ਚਲਾਉਣ ਦੀ ਅਪੀਲ ਕੀਤੀ ਗਈ ਸੀ ਪਰ ਇਸ ਕਰਫਿਊ ਦਾ ਖਮਿਆਜ਼ਾ ਕਈ ਥਾਵਾਂ ‘ਤੇ ਮਰੀਜ਼ਾਂ ਨੂੰ ਭੁਗਤਣਾ ਪਿਆ। ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ਦੇ ਲਾਰੈਂਸ ਰੋਡ ‘ਤੇ ਦੇਖਣ ਨੂੰ ਮਿਲਿਆ ਜਿਥੇ ਕਰਫਿਊ ਦੌਰਾਨ ਇੱਕ ਐਂਬੂਲੈਂਸ ਫਸ ਗਈ। ਐਂਬੂਲੈਂਸ ਕਿਸੇ ਮਰੀਜ਼ ਨੂੰ ਲੈਣ ਜਾ ਰਹੀ ਸੀ।
ਜਾਣਕਾਰੀ ਦਿੰਦਿਆਂ ਐਂਬੂਲੈਂਸ ਦੇ ਡਰਾਈਵਰ ਨੇ ਦੱਸਿਆ ਕਿ ਉਹ ਕਿਸੇ ਗੰਭੀਰ ਮਰੀਜ਼ ਨੂੰ ਲੈਣ ਜਾ ਰਹੇ ਸੀ ਪਰ ਉਨ੍ਹਾਂ ਨੂੰ ਜਾਣ ਨਹੀਂ ਦਿੱਤਾ ਗਿਆ ਅਤੇ ਰਸਤੇ ‘ਚ ਹੀ ਰੋਕ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਐਂਬੂਲੈਂਸ ਦੇ ਨਾ ਜਾਣ ਕਾਰਨ ਮਰੀਜ਼ ਦੀ ਮੌਤ ਵੀ ਹੋ ਸਕਦੀ ਸੀ। ਪੰਜਾਬ ਸਰਕਾਰ ਵੱਲੋਂ ਹਰ ਸ਼ਨੀਵਾਰ ਦੁਪਹਿਰ 11 ਤੋਂ 12 ਵਜੇ ਤੱਕ ਇੱਕ ਘੰਟੇ ਲਈ ਵਾਹਨ ਨਾ ਚਲਾਉਣ ਦੀ ਅਪੀਲ ਲੋਕਾਂ ਨੂੰ ਕੀਤੀ ਗਈ ਹੈ। ਦੂਜੇ ਪਾਸੇ ਕਈ ਥਾਵਾਂ ‘ਤੇ ਪੁਲਿਸ ਪ੍ਰਸ਼ਾਸਨ ਵੱਲੋਂ ਟਰੈਫਿਕ ਰੋਕੇ ਜਾਣ ਕਾਰਨ ਪੁਲਿਸ ਨੂੰ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ।