Baba Nanak freed : ਬਾਬਾ ਬੁੱਢਾ ਜੀ ਨੇ ਸਿੱਖੀ ਦਾ ਉਪਦੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲਿਆ ਅਤੇ ਛੇ ਪਾਤਸ਼ਾਹੀਆਂ ਦੇ ਦਰਸ਼ਨ ਕੀਤੇ। ਬਾਬਾ ਜੀ ਦਾ ਜਨਮ ਪਿੰਡ ਕੱਥੂ ਨੰਗਲ, ਜ਼ਿਲ੍ਹਾ ਅੰਮ੍ਰਿਤਸਰ ਵਿਚ ਹੋਇਆ। ਮਾਪਿਆਂ ਨੇ ਇਨ੍ਹਾਂ ਦਾ ਨਾਂ ਬੁੜਾ ਰੱਖਿਆ। ਮਗਰੋਂ ਇਨ੍ਹਾਂ ਦੇ ਮਾਪੇ ਰਮਦਾਸ ਰਹਿਣ ਲੱਗ ਪਏ। ਜਦ ਇਹ ਬਾਰਾਂ ਕੁ ਵਰਿਆਂ ਦੇ ਹੋਏ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਫਿਰਦੇ-ਫਿਰਾਂਦੇ ਰਮਦਾਸ ਦੇ ਪਾਸ ਆ ਠਹਿਰੇ। ਬੂੜਾ ਜੀ ਮੱਝਾਂ ਚਾਰਦੇ ਹੁੰਦੇ ਸਨ। ਇਨ੍ਹਾਂ ਨੇ ਗੁਰੂ ਜੀ ਦੇ ਦਰਸ਼ਨ ਕੀਤੇ। ਇਨ੍ਹਾਂ ਨੂੰ ਗੁਰੂ ਜੀ ਬੜੇ ਪਿਆਰੇ ਲੱਗੇ। ਇਨ੍ਹਾਂ ਦੇ ਮਨ ਵਿਚ ਗੁਰੂ ਜੀ ਦੀ ਸੇਵਾ ਕਰਨ ਦਾ ਚਾਅ ਉਠਿਆ। ਉਨ੍ਹਾਂ ਲਈ ਦੁੱਧ ਤੇ ਮੱਖਣ ਲੈ ਕੇ ਬੜੇ ਪ੍ਰੇਮ ਨਾਲ ਸੇਵਾ ਵਿਚ ਹਾਜ਼ਰ ਹੋਏ। ਗੁਰੂ ਜੀ ਨੇ ਪੁੱਛਿਆ ਕਿ ਤੇਰਾ ਨਾਂ ਕੀ ਹੈ ਤੇ ਤੂੰ ਕੀ ਕਰਦਾ ਹੈ। ਬੂੜਾ ਜੀ ਨੇ ਕਿਹਾ ਕਿ ਸੱਚੇ ਪਾਤਸ਼ਾਹ! ਮਾਪਿਆਂ ਨੇ ਮੇਰਾ ਨਾਂ ਬੂੜਾ ਰੱਖਿਆ ਹੈ। ਮੈਂ ਮੱਝੀਆਂ ਦਾ ਵਾਗੀ ਹਾਂ। ਗੁਰੂ ਜੀ ਨੇ ਕਿਹਾ “ਤੂੰ ਮਨ ਵਿਚ ਕੀ ਇੱਛਿਆ ਧਾਰ ਕੇ ਸਾਡੇ ਪਾਸ ਆਇਆ ਹੈ? ਤੂੰ ਕੀ ਚਾਹੁੰਦਾ ਹੈ?” ਬੁੜਾ ਜੀ ਨੇ ਕਿਹਾ ਕਿ ਮੇਰੀ ਬੇਨਤੀ ਹੈ ਕਿ ਮੈਨੂੰ ਮੌਤ ਦੇ ਦੁੱਖ ਤੋਂ ਬਚਾਓ, ਇਸ ਚਰਾਸੀ ਦੇ ਗੇੜ ਵਿਚੋਂ ਕੱਢੋ ਅਤੇ ਮੁਕਤੀ ਬਖਸ਼ੋ।”
ਗੁਰੂ ਜੀ ਨੇ ਦੱਸਿਆ ਕਿ ਤੇਰੀ ਤਾਂ ਹਾਲਾਂ ਖੇਡਣ ਮੱਲਣ ਤੇ ਖਾਣ ਹੁੰਢਾਉਣ ਦੀ ਉਮਰ ਹੈ। ਤੈਨੂੰ ਮੌਤ ਅਤੇ ਮੁਕਤੀ ਦੇ ਖਿਆਲਾਂ ਨੇ ਕਿਵੇਂ ਆ ਫੜਿਆ? ਵੱਡਾ ਹੋਵੇਂਗਾ ਤਾਂ ਇਹ ਗੱਲਾਂ ਕਰੀਂ।” ਬੁੜਾ – “ਮਹਾਰਾਜ ਜੀ ਮੌਤ ਦਾ ਕੀ ਵਿਸਾਹ ਹੈ? ਕੀ ਪਤਾ ਕਿਸ ਵੇਲੇ ਆ ਕੇ ਨੱਪ ਲਵੇ। ਕੀ ਪਤਾ ਵੱਡਾ ਹੋਵਾਂ ਕਿ ਨਾ ਹੀ ਹੋਵਾਂ।” ਗੁਰੂ ਜੀ ਨੇ ਕਿਹਾ ਕਿ ਤੇਰੇ ਮਨ ‘ਚ ਇਹ ਵਿਚਾਰ ਕਿਵੇਂ ਆਇਆ। ਤਾਂ ਉਨ੍ਹਾਂ ਦੱਸਿਆ ਕਿ ਕੁਝ ਪਠਾਣ ਸਾਡੇ ਪਿੰਡ ਪਾਸ ਦੀ ਲੰਘੇ।ਉਹ ਬਦੋ-ਬਦੀ ਸਾਡੀਆਂ ਫਸਲਾਂ ਵੱਢ ਕੇ ਲੈ ਗਏ, ਪੱਕੀਆਂ ਵੀ, ਕੱਚੀਆਂ ਵੀ ਅਤੇ ਅੱਧ-ਪੱਕੀਆਂ ਵੀ। ਉਦੋਂ ਤੋਂ ਮੈਨੂੰ ਘੜੀ-ਮੁੜੀ ਖਿਆਲ ਆਉਂਦਾ ਰਹਿੰਦਾ ਹੈ ਕਿ ਜਿਵੇਂ ਪਠਾਣ ਕੱਚੀਆਂ, ਪੱਕੀਆਂ ਫਸਲਾਂ ਵੱਢ ਕੇ ਲੈ ਗਏ ਹਨ, ਤਿਵੇਂ ਹੀ ਮੌਤ ਵੀ ਬੱਚੇ, ਗੱਭਰੂ ਤੇ ਬੁੱਢੇ ਨੂੰ ਜਦੋਂ ਜੀਅ ਕਰੇ, ਆ ਨੱਪੇਗੀ। ਕੀ ਪਤਾ ਮੇਰੀ ਵਾਰੀ ਕਦੋਂ ਆ ਜਾਵੇ? ਇਸ ਲਈ ਮੈਂ ਮੌਤ ਤੋਂ ਡਰਦਾ ਹਾਂ। ਮੇਰੇ ਇਹ ਸਾਰੇ ਡਰ ਦੂਰ ਕਰੋ।
ਗੁਰੂ ਜੀ ਹੱਸ ਪਏ ਤੇ ਕਹਿਣ ਲੱਗੇ, “ਤੂੰ ਬੱਚਾ ਨਹੀਂ। ਤੂੰ ਤਾਂ ਬੁੱਢਾ ਹੈਂ। ਤੂੰ ਗੱਲਾਂ ਬੁੱਢਿਆਂ ਵਾਲੀਆਂ ਕਰਦਾ ਹੈਂ! ਤਕੜਾ ਹੋ! ਰੱਬ ਮੌਤ ਨਾਲੋਂ ਕਿਤੇ ਵੱਡਾ ਤੇ ਬਲੀ ਹੈ। ਜੇ ਤੂੰ ਰੱਬ ਦਾ ਹੋ ਜਾਵੇਂ, ਤਾਂ ਮੌਤ ਤੈਨੂੰ ਡਰਾ ਨਾ ਸਕੇਗੀ, ਉਹ ਤੈਥੋਂ ਡਰਨ ਲੱਗ ਪਵੇਗੀ, ਤੂੰ ਜਨਮ ਮਰਨ ਦੇ ਗੇੜ ਤੋਂ ਛੁਟ ਜਾਵੇਂਗਾ। ਰੱਬ ਨੂੰ ਹਰ ਵੇਲੇ ਚੇਤੇ ਰੱਖਿਆ ਕਰ, ਉਸ ਦਾ ਨਾਮ ਜਪਿਆ ਕਰ, ਉਸ ਦੇ ਪੈਦਾ ਕੀਤੇ ਜੀਵਾਂ ਨਾਲ ਪਿਆਰ ਕਰਿਆ ਕਰ, ਉਨ੍ਹਾਂ ਦੀ ਪ੍ਰੇਮ ਨਾਲ ਸੇਵਾ ਕਰਿਆ ਕਰ, ਤੇਰੇ ਸੱਭੇ ਡਰ ਤੇ ਦੁੱਖ ਦੂਰ ਹੋ ਜਾਣਗੇ। ਤੈਨੂੰ ਮੁਕਤੀ ਮਿਲ ਜਾਵੇਗੀ।” ਓਦੋਂ ਤੋਂ ਹੀ ਬੁੜਾ ਜੀ ਦਾ ਨਾਂ “ਬਾਬਾ ਬੁੱਢਾ ਜੀ’ ਪੈ ਗਿਆ।