ਸ੍ਰੀ ਗੁਰੂ ਅੰਗਦ ਦੇਵ ਜੀ ਜਨਮ 31 ਮਾਰਚ 1504 ਨੂੰ ਪਿੰਡ ਮੱਤੇ ਦੀ ਸਰਾਂ ਵਿੱਚ ਬਾਬਾ ਫੇਰੂ ਮਲ ਜੀ ਅਤੇ ਮਾਤਾ ਰਾਮੋ ਦੇ ਘਰ ਹੋਇਆ। ਸ੍ਰੀ ਗੁਰੂ ਅੰਗਦ ਦੇਵ ਜੀ ਦੇ ਬਚਪਨ ਦਾ ਨਾਮ ਭਾਈ ਲਹਿਣਾ ਸੀ। ਪਿਤਾ ਜੀ ਮਾਤਾ ਦੁਰਗਾ ਦੇ ਪੁਜਾਰੀ ਸਨ। ਗੁਰੂ ਅੰਗਦ ਦੇਵ ਜੀ ਦਾ ਵਿਆਹ ਮਾਤਾ ਖੀਵੀ ਨਾਲ ਹੋਇਆ ਸੀ ਅਤੇ ਉਨ੍ਹਾਂ ਦੇ ਦੋ ਸਪੁੱਤਰ ਦਾਤੂ ਜੀ ਅਤੇ ਦਾਸੂ ਜੀ ਅਤੇ ਦੋ ਸਪੁੱਤਰੀਆਂ ਬੀਬੀ ਅਮਰੋ ਅਤੇ ਬੀਬੀ ਅਨੋਖੀ ਜੀ ਸਨ। ਲਹਿਣਾ ਜੀ ਛੋਟੀ ਉਮਰ ਦੇ ਸਨ ਕਿ ਬਾਬਰ ਦੇ ਹਮਲੇ ਕਾਰਨ ਮੱਤੇ ਦੀ ਸਰਾਂ ਉੱਜੜ ਗਿਆ ਅਤੇ ਫੇਰੂ ਜੀ ਅਤੇ ਸਾਰਾ ਪਰਿਵਾਰ ਕਰਦੇ ਕਰਾਉਂਦੇ ਪਿੰਡ ਖਡੂਰ ਆ ਵਸਿਆ ਅਤੇ ਕੋਈ 20 ਸਾਲ ਦੇ ਸਨ ਜਦੋਂ ਪਿਤਾ ਜੀ ਨਾਲ ਮਿਲਕੇ ਹੱਟੀ ਦਾ ਕੰਮ ਸੰਭਾਲਿਆ।
ਗੁਰੂ ਨਾਨਕ ਸਾਹਿਬ 1521 ਤੋਂ ਕਰਤਾਰਪੁਰ ‘ਚ ਰਹਿਣ ਲੱਗ ਪਏ ਸਨ। ਖਡੂਰ ਵਿੱਚ ਭਾਈ ਜੋਧਾ, ਗੁਰੂ ਨਾਨਕ ਜੀ ਦਾ ਇੱਕ ਸਿੱਖ ਰਹਿੰਦਾ ਸੀ ਜਿਸ ਤੋਂ ਲਹਿਣਾ ਜੀ ਨੇ ਗੁਰੂ ਨਾਨਕ ਜੀ ਦੀ ਬਾਣੀ ਸੁਣੀ ਅਤੇ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਨ ਦਾ ਸੋਚ ਲਿਆ ਅਤੇ ਜਦੋਂ 1532 ‘ਚ ਦੇਵੀ ਦੇ ਦਰਸ਼ਨਾਂ ਨੂੰ ਤੁਰੇ ਤਾਂ ਸੰਗ ਨੂੰ ਛੱਡ ਕੇ ਕਰਤਾਰਪੁਰ ਹੀ ਠਹਿਰ ਗਏ। ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਤਾਂ ਐਸੀ ਖਿੱਚ ਪਈ ਕਿ ਗੁਰੂ ਨਾਨਕ ਸਾਹਿਬ ਜੀ ਜੋਗੇ ਹੀ ਹੋ ਗਏ। ਇਤਿਹਾਸ ਦੱਸਦਾ ਹੈ ਕਿ ਕਰਤਾਰਪੁਰ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਨ ਜਾਣ ਦੇ ਸਮੇਂ ਗੁਰੂ ਨਾਨਕ ਸਾਹਿਬ ਕਰਤਾਰਪੁਰ ਦੇ ਬਾਹਰ ਹੀ ਮਿਲ ਗਏ ਅਤੇ ਗੁਰੂ ਨਾਨਕ ਸਾਹਿਬ ਜੀ ਨੇ ਆਪ ਲਹਿਣਾ ਜੀ ਦੇ ਘੋੜੇ ਦੀ ਲਗਾਮ ਫੱੜਕੇ ਆਪਣੇ ਨਾਲ ਲਿਆਂਦਾ ਅਤੇ ਆਖ ਦਿੱਤਾ “ਤੁਸੀਂ ਲੈਣਾ ਅਤੇ ਅਸੀਂ ਦੇਣਾ ਹੈ।
ਇਸ ਤੋਂ ਬਾਅਦ ਸੇਵਾ, ਸਿਮਰਨ ਅਤੇ ਸਹਿਣਸ਼ੀਲਤਾ ਦੇ ਪ੍ਰਤੀਕ ਸ੍ਰੀ ਗੁਰੂ ਅੰਗਦ ਦੇਵ ਜੀ ਜਿੰਨਾ ਨੇ ਪ੍ਰਮਾਤਮਾ ਦੇ ਹੁਕਮ ਤੇ ਰਜ਼ਾ ‘ਚ ਰਹਿਣ ਦਾ ਸੰਦੇਸ਼ ਦਿੱਤਾ। ਉਹਨਾਂ ਦੀ ਯਾਦ ਵਿੱਚ ਅੱਜ-ਕੱਲ੍ਹ ਗੁਰਦੁਆਰਾ ਸ੍ਰੀ ਖਡੂਰ ਸਾਹਿਬ ਸਥਾਪਿਤ ਹੈ ਤੇ ਗੁਰੂ ਅੰਗਦ ਦੇਵ ਜੀ ਨੇ ਵੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ, ਭਗਤਾਂ ਦੀ ਬਾਣੀ ਤੇ ਆਪਣੀ ਰਚੀ ਬਾਣੀ, ਗੁਰੂ ਨਾਨਕ ਸਾਹਿਬ ਤੇ ਗੁਰੂ ਘਰ ਸੰਬੰਧੀ ਜੋ ਜੋ ਸਮਾਚਾਰ ਇਕੱਠੇ ਕੀਤੇ, ਉਸਨੂੰ ਲਿਖਤੀ ਰੂਪ ‘ਚ ਗੁਰੂ ਅਮਰ ਦਾਸ ਜੀ ਦੇ ਹਵਾਲੇ ਕੀਤੇ ਤੇ ਬਾਣੀ ਤੇ ਸਾਖੀਆਂ ਸੰਭਾਲਣ ਦੀ ਰਵਾਇਤ ਸ਼ੁਰੂ ਕੀਤੀ।
ਗੁਰੂ ਸਾਹਿਬ ਦੀ ਆਪਣੀ ਬਾਣੀ ਵਿੱਚ ਵੀ ਐਨੀ ਤਾਕਤ ਸੀ ਕਿ ਜਦੋਂ ਗੁਰੂ ਅਮਰਦਾਸ ਨੇ ਬੀਬੀ ਅਮਰੋ ਦੇ ਮੂੰਹ ਤੋਂ ਬਾਣੀ ਸੁਣੀ ਤਾਂ ਅਜਿਹਾ ਅਸਰ ਹੋਇਆ ਕੀ ਉਹ ਗੁਰੂ ਜੋਗੇ ਹੀ ਰਹਿ ਗਏ। ਬਾਰਾਂ ਸਾਲ ਉਨਾਂ ਨੇ ਗੁਰੂ ਅੰਗਦ ਦੇਵ ਜੀ ਦੀ ਅਣਥੱਕ, ਤਨ-ਮਨ ਨਾਲ ਸੇਵਾ ਕੀਤੀ, ਜਿਸ ਨਾਲ ਉਹ ਸਿੱਖੀ ਜੀਵਨ ਵਿੱਚ ਪ੍ਰਪੱਕ ਹੋ ਗਏ। ਗੁਰੂ ਅੰਗਦ ਦੇਵ ਜੀ ਨੇ ਗੁਰਗੱਦੀ ਦਾ ਵਾਰਸ ਥਾਪਣ ਵੇਲੇ ਗੁਰੂ ਨਾਨਕ ਸਾਹਿਬ ਦੀ ਤਰ੍ਹਾਂ ਆਪਣੇ ਪੁੱਤਰਾਂ ਤੇ ਸਿੱਖਾਂ ਨੂੰ ਸਖਤ ਪ੍ਰੀਖਿਆ ‘ਚੋਂ ਲੰਘਾਇਆ। ਗੁਰੂ ਅਮਰਦਾਸ ਜੀ ਨੂੰ ਸਭ ਤੋਂ ਯੋਗ ਵਾਰਸ ਸਮਝ ਕੇ 29 ਮਾਰਚ 1552 ਗੁਰਤਾਗੱਦੀ ਬਖਸ਼ ਕੇ ਖਡੂਰ ਸਾਹਿਬ ਵਿਖੇ ਜੋਤੀ ਜੋਤ ਸਮਾਅ ਗਏ।