Mamta said BJP bringing goons : ਪੱਛਮੀ ਬੰਗਾਲ ਵਿੱਚ ਵੋਟਿੰਗ ਦਾ ਪਹਿਲਾ ਪੜਾਅ ਖਤਮ ਹੋ ਗਿਆ ਹੈ ਅਤੇ ਹੁਣ ਦੂਜੇ ਪੜਾਅ ਦੀ ਵੋਟਿੰਗ 1 ਅਪ੍ਰੈਲ ਨੂੰ ਹੋਵੇਗੀ। ਇਸ ਤੋਂ ਪਹਿਲਾਂ ਮੁੱਖ ਵਿਰੋਧੀ ਪਾਰਟੀਆਂ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਵਿੱਚ ਸ਼ਬਦਾਂ ਦੀ ਜੰਗ ਤੇਜ਼ ਹੋ ਗਈ ਹੈ। ਅੱਜ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨੰਦੀਗ੍ਰਾਮ ਵਿੱਚ ਰੋਡ ਸ਼ੋਅ ਕਰ ਭਾਜਪਾ ਉੱਤੇ ਜ਼ੋਰਦਾਰ ਹਮਲਾ ਕੀਤਾ ਹੈ। ਸੀਐਮ ਮਮਤਾ ਬੈਨਰਜੀ ਨੇ ਕਿਹਾ ਕਿ ਭਾਜਪਾ ਬੰਗਾਲ ਵਿੱਚ ਬਾਹਰੋਂ ਗੁੰਡਿਆਂ ਨੂੰ ਲਿਆ ਕੇ ਹਿੰਸਾ ਕਰ ਰਹੀ ਹੈ। ਇਸ ਵਾਰ ਭਾਜਪਾ ਨੂੰ ਬੰਗਾਲ ਤੋਂ ਬੋਲਡ ਆਊਟ ਕਰ ਦੇਣਾ ਹੈ। ਸੀਐਮ ਮਮਤਾ ਨੇ ਕਿਹਾ, “ਮੈਂ ਅੱਜ ਨੰਦੀਗ੍ਰਾਮ ਵਿੱਚ ਇਸ ਲਈ ਖੜ੍ਹੀ ਹਾਂ ਕਿਉਂਕਿ ਮੈਨੂੰ ਇੱਥੇ ਦੇ ਭੈਣ-ਭਰਾ ਅਤੇ ਮਾਂ ਦਾ ਆਸ਼ੀਰਵਾਦ ਚਾਹੀਦਾ ਹੈ।” ਉਨ੍ਹਾਂ ਲੋਕਾਂ ਨੂੰ ਕਿਹਾ, “ਜੇ ਭਾਜਪਾ ਵੋਟਾਂ ਲਈ ਪੈਸੇ ਦਿੰਦੀ ਹੈ ਤਾਂ ਲੈ ਲੈਣਾ, ਕਿਉਂਕਿ ਇਹ ਤੁਹਾਡਾ ਪੈਸਾ ਹੈ ਜੋ ਭਾਜਪਾ ਨੇ ਚੋਰੀ ਕੀਤਾ ਹੈ। ਪਰ ਭਾਜਪਾ ਨੂੰ ਵੋਟ ਨਾ ਪਾਇਓ।”
ਮਮਤਾ ਨੇ ਕਿਹਾ, “ਭਾਜਪਾ ਖੁਦ ਖੂਨ ਕਰਦੀ ਹੈ ਅਤੇ ਤ੍ਰਿਣਮੂਲ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਉਂਦੀ ਹੈ। ਬਾਹਰੋਂ ਗੁੰਡੇ ਲੈ ਕੇ ਆ ਰਹੀ ਹੈ ਪੁਲਿਸ ਅੱਤਿਆਚਾਰ ਕਰ ਰਹੀ ਹੈ। ਮੈਂ ਜਾਣਦੀ ਹਾਂ, ਇਸੇ ਲਈ ਮੈਂ ਚੋਣ ਕਮਿਸ਼ਨ ਨੂੰ ਇੱਕ ਪੱਤਰ ਲਿਖਿਆ ਹੈ।” ਮਮਤਾ ਨੇ ਕਿਹਾ,” ਮੈਂ ਨੰਦੀਗ੍ਰਾਮ ਤੋਂ ਹਲਦੀਆ ਤੱਕ ਇੱਕ ਪੁਲ ਦਾ ਨਿਰਮਾਣ ਕਰਵਾਵਾਂਗੀ, ਜੋ 25 ਹਜ਼ਾਰ ਲੋਕਾਂ ਨੂੰ ਨੌਕਰੀ ਦੇਵੇਗਾ।” ਮਮਤਾ ਬੈਨਰਜੀ ਆਪਣੇ ਸਾਬਕਾ ਸਹਿਯੋਗੀ ਅਤੇ ਹੁਣ ਭਾਜਪਾ ਉਮੀਦਵਾਰ ਸੁਵੇਂਦੂ ਅਧਿਕਾਰੀ ਦੇ ਖਿਲਾਫ ਚੋਣ ਲੜ ਰਹੀ ਹੈ। ਪੁਰਬਾ ਮੇਦਿਨੀਪੁਰ ਜ਼ਿਲ੍ਹੇ ਦੀ ਇਸ ਮਹੱਤਵਪੂਰਨ ਸੀਟ ‘ਤੇ 1 ਅਪ੍ਰੈਲ ਨੂੰ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਵਿੱਚ ਵੋਟਾਂ ਪੈਣਗੀਆਂ। ਤ੍ਰਿਣਮੂਲ ਦੀ ਪ੍ਰਧਾਨ ਨੇ ਘੋਸ਼ਣਾ ਕੀਤੀ ਹੈ ਕਿ ਵੀਰਵਾਰ ਨੂੰ ਵੋਟਿੰਗ ਹੋਣ ਤੱਕ ਉਹ ਨੰਦੀਗ੍ਰਾਮ ਵਿੱਚ ਹੀ ਰਹਿਣਗੇ।