Election commission action : ਚੋਣ ਕਮਿਸ਼ਨ ਨੇ ਅਸਾਮ ਦੇ ਕਰੀਮਗੰਜ ਵਿੱਚ ਲਾਵਾਰਿਸ ਕਾਰ ਵਿੱਚੋਂ ਈ.ਵੀ.ਐੱਮ. ਮਿਲਣ ਦੇ ਮੁੱਦੇ ‘ਤੇ ਜ਼ਿਲ੍ਹਾ ਚੋਣ ਅਧਿਕਾਰੀ ਤੋਂ ਇੱਕ ਵਿਸਥਾਰਤ ਰਿਪੋਰਟ ਤਲਬ ਕੀਤੀ ਹੈ। ਕਾਰ ਵਿੱਚੋ ਈ.ਵੀ.ਐੱਮ ਮਿਲਣ ਤੋਂ ਬਾਅਦ ਖੇਤਰ ਵਿੱਚ ਰਾਜਨੀਤਿਕ ਤਣਾਅ ਵਧਿਆ ਹੋਇਆ ਹੈ। ਈਵੀਐਮ ਕਰੀਮਗੰਜ ਜ਼ਿਲ੍ਹੇ ਦੇ ਕਨਿਸੈਲ ਕਸਬੇ ਵਿੱਚ ਇੱਕ ਬੋਲੇਰੋ ਗੱਡੀ ਵਿੱਚ ਪਈ ਮਿਲੀ ਹੈ। ਉਸ ਵੇਲੇ ਕਾਰ ਵਿੱਚ ਕੋਈ ਨਹੀਂ ਸੀ। ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਬੋਲੇਰੋ ਕਾਰ ਪਾਥਰਕੰਢੀ ਹਲਕੇ ਦੇ ਭਾਜਪਾ ਉਮੀਦਵਾਰ ਕ੍ਰਿਸ਼ਨੇਂਦੁ ਪਾਲ ਦੀ ਹੈ। ਜਦੋਂ ਜ਼ਿਲ੍ਹਾ ਚੋਣ ਅਧਿਕਾਰੀ ਜਨਤਾ ਦੀ ਸ਼ਿਕਾਇਤ ’ਤੇ ਗੱਡੀ ਕੋਲ ਪਹੁੰਚੇ ਤਾਂ ਉੱਥੇ ਕੋਈ ਪੋਲਿੰਗ ਅਧਿਕਾਰੀ ਨਹੀਂ ਸੀ, ਨਾ ਹੀ ਚੋਣ ਕਮਿਸ਼ਨ ਦਾ ਕੋਈ ਕਰਮਚਾਰੀ ਕਾਰ ਵਿੱਚ ਜਾਂ ਆਸ ਪਾਸ ਸੀ। ਨਾ ਹੀ ਕੋਈ ਦਾਅਵੇਦਾਰ ਆਇਆ।
ਪ੍ਰਾਈਵੇਟ ਕਾਰ ਵਿੱਚੋਂ ਵੋਟਿੰਗ ਮਸ਼ੀਨ ਈਵੀਐਮ ਮਿਲਣ ਤੋਂ ਬਾਅਦ ਵਿਵਾਦ ਕਾਫੀ ਵੱਧ ਗਿਆ ਹੈ। ਈਵੀਐਮ ਮਿਲਣ ‘ਤੇ ਵਿਵਾਦ ਵੱਧਣ ਤੋਂ ਬਾਅਦ ਹੁਣ ਚੋਣ ਕਮਿਸ਼ਨ ਨੇ ਅਸਾਮ ਦੇ ਕਰੀਮਗੰਜ ਵਿੱਚ ਸਬੰਧਤ ਬੂਥ ‘ਤੇ ਚੋਣ ਰੱਦ ਕਰ ਦਿੱਤੀ ਹੈ। ਚੋਣ ਕਮਿਸ਼ਨ ਨੇ ਚਾਰ ਚੋਣ ਅਧਿਕਾਰੀਆਂ ਨੂੰ ਮੁਅੱਤਲ ਵੀ ਕਰ ਦਿੱਤਾ ਹੈ। ਚੋਣ ਕਮਿਸ਼ਨ ਨੇ ਇਸ ਮਾਮਲੇ ਸਬੰਧੀ ਕੇਸ ਦਰਜ ਕਰ ਲਿਆ ਹੈ। ਚੋਣ ਕਮਿਸ਼ਨ ਨੇ ਜ਼ਿਲ੍ਹਾ ਚੋਣ ਅਧਿਕਾਰੀ ਤੋਂ ਇੱਕ ਵਿਸਥਾਰਤ ਰਿਪੋਰਟ ਵੀ ਤਲਬ ਕੀਤੀ ਹੈ।