Bhai Haqiqat Rai’s : ਭਾਈ ਹਕੀਕਤ ਰਾਏ ਦਾ ਜਨਮ, 1724 ਈਸਵੀ ਵਿਚ ਭਾਈ ਭਾਗ ਮੱਲ ਖੱਤਰੀ ਦੇ ਘਰ, ਸਿਆਲਕੋਟ ਵਿਖੇ ਹੋਇਆ।ਭਾਈ ਹਕੀਕਤ ਰਾਏ ਗੁਰੂ ਹਰਿਰਾਇ ਜੀ ਦੇ ਸ਼ਰਧਾਪੂਰਨ ਸਿੱਖ ਸੀ। ਇਹ ਭਾਈ ਨੰਦ ਲਾਲ ਜੀ ਦੇ ਪੋਤਰੇ ਸਨ ਅਤੇ ਭਾਈ ਘਨ੍ਹਈਆ ਜੀ ਦੇ ਪੜਦੋਹਿਤੇ ਸਨ। ਭਾਈ ਹਕੀਕਤ ਰਾਏ ਵੀ ਮੌਲਵੀ ਪਾਸੋਂ ਫ਼ਾਰਸੀ ਸਿੱਖਣ ਜਾਂਦਾ ਸੀ। ਉਹ ਇੱਕ ਹਿੰਦੂ ਤੇ ਬਾਕੀ ਸਾਰੇ ਉਸਦੇ ਜਮਾਤੀ ਮੁਸਲਮਾਨ ਸਨ। ਇੱਕ ਦਿਨ ਮੌਲਵੀ ਬਾਹਰ ਗਿਆ ਹੋਇਆ ਸੀ। ਭਾਈ ਹਕੀਕਤ ਰਾਏ ਦਾ ਇੱਕ ਲੜਕੇ ਨਾਲ ਝਗੜਾ ਹੋ ਗਿਆ। ਉਸਨੇ ਭਾਈ ਹਕੀਕਤ ਰਾਏ ਨੂੰ ਚਿੜਾਉਣ ਲਈ ਮਾਤਾ ਨੂੰ ਗਾਲ਼੍ਹ ਕੱਢ ਦਿੱਤੀ। ਅੱਗੇ ਭਾਈ ਹਕੀਕਤ ਰਾਏ ਨੇ ਗੁੱਸੇ ਵਿਚ ਬੀਬੀ ਫਾਤਮਾ ਨੂੰ ਗਾਲ੍ਹ ਕੱਢ ਦਿੱਤੀ। ਮੁਸਲਮਾਨ ਲੜਕਿਆਂ ਨੇ ਜਦੋਂ ਉਸਨੂੰ ਗਾਲ਼ ਕੱਢਦੇ ਸੁਣਿਆ ਤਾਂ ਉਨ੍ਹਾਂ ਸਾਰਿਆਂ ਨੇ ਉਸ ਨੂੰ ਬਹੁਤ ਮਾਰਿਆ।
ਉਹ ਰੋਂਦਾ-ਰੋਂਦਾ ਘਰ ਆ ਗਿਆ। ਸ਼ਾਮ ਨੂੰ ਮੁਸਲਮਾਨ ਲੜਕੇ ਇਕੱਠੇ ਹੋ ਕੇ ਮੌਲਵੀ ਨੂੰ ਜਾ ਕੇ ਕਹਿਣ ਲੱਗੇ, “ਅੱਜ ਅਸੀਂ ਹਕੀਕਤ ਰਾਏ ਨੂੰ ਕਿਹਾ ਕਿ ਉਨ੍ਹਾਂ ਦੇ ਦੇਵੀ-ਦੇਵਤੇ ਮਿੱਟੀ ਦੇ ਬਣੇ ਹੋਏ ਹਨ ਤੇ ਸਭ ਝੂਠੇ ਹਨ ਤਾਂ ਉਸਨੇ ਬੀਬੀ ਫਾਤਮਾ ਨੂੰ ਝੂਠਾ ਕਿਹਾ ਤੇ ਗਾਲ੍ਹਾਂ ਕੱਢੀਆਂ। ਮੌਲਵੀ ਨੇ ਕਿਹਾ, “ਉਸ ਕਾਫ਼ਰ ਨੇ ਬੀਬੀ ਫਾਤਮਾ ਨੂੰ ਗਾਲਾਂ ਕੱਢੀਆਂ ?” ਉਸਨੇ ਲੜਕਿਆਂ ਨੂੰ ਕਿਹਾ, “ਉਸ ਕਾਫ਼ਰ ਨੂੰ ਮੇਰੇ ਪਾਸ ਬੁਲਾ ਕੇ ਲਿਆਉ।” ਲੜਕਿਆਂ ਦੇ ਜਾ ਕੇ ਕਹਿਣ ਉੱਪਰ, ਭਾਈ ਹਕੀਕਤ ਰਾਏ ਤੇ ਉਸਦਾ ਪਿਤਾ ਮੋਲਵੀ ਪਾਸ ਚਲੇ ਗਏ। ਮੌਲਵੀ ਨੇ ਭਾਈ ਹਕੀਕਤ ਰਾਏ ਨੂੰ ਪਹੁੰਚਦੇ ਹੀ ਫੜ ਕੇ ਮਾਰਨਾ ਸ਼ੁਰੂ ਕਰ ਦਿੱਤਾ। ਮੌਲਵੀ ਨੇ ਹਕੀਕਤ ਰਾਏ ਨੂੰ ਮਾਰ ਮਾਰ ਕੇ ਬੇਹੋਸ਼ ਕਰ ਦਿੱਤਾ, ਪਰ ਮੌਲਵੀ ਦਾ ਗੁੱਸਾ ਠੰਢਾ ਨਾ ਹੋਇਆ। ਉਸਨੇ ਭਾਈ ਹਕੀਕਤ ਰਾਏ ਨੂੰ ਬੰਦੀ ਬਣਾ ਕੇ ਸਿਆਲਕੋਟ ਦੇ ਹਾਕਮ ਅਮੀਰ ਬੇਗ ਪਾਸ ਭੇਜ ਦਿੱਤਾ। ਅਗਲੇ ਦਿਨ ਕਾਜ਼ੀ ਨੇ ਭਾਈ ਹਕੀਕਤ ਰਾਏ ਨੂੰ ਅਦਾਲਤ ਵਿਚ ਕਿਹਾ, “ਤੂੰ ਬੀਬੀ ਫਾਤਮਾ ਨੂੰ ਗਾਲਾਂ ਕੱਢ ਕੇ ਮੋਮਨਾਂ ਦੇ ਦਿਲ ਦੁਖਾਏ ਹਨ, ਜਿਸ ਦੀ ਤੈਨੂੰ ਬਹੁਤ ਵੱਡੀ ਸਜ਼ਾ ਮਿਲਣੀ ਚਾਹੀਦੀ ਹੈ। ਤੈਨੂੰ ਇਸ ਗੁਨਾਹ ਦੇ ਬਦਲੇ ਤੇਲ ਪਾ ਕੇ ਜ਼ਿੰਦਾ ਸਾੜਿਆ ਜਾ ਸਕਦਾ ਹੈ। ਤੈਨੂੰ ਜ਼ਿੰਦਾ ਕੁੱਤਿਆਂ ਪਾਸੋਂ ਪੜਵਾਇਆ ਜਾ ਸਕਦਾ ਹੈ, ਪਰ ਜੇ ਤੂੰ ਮੁਸਲਮਾਨ ਬਣ ਜਾਵੇਂ ਤਾਂ ਤੇਰਾ ਗੁਨਾਹ ਮੁਆਫ਼ ਹੋ ਸਕਦਾ ਹੈ। ਭਾਈ ਹਕੀਕਤ ਰਾਏ ਨੇ ਮੁਸਲਮਾਨ ਬਣਨ ਤੋਂ ਇਨਕਾਰ ਕਰ ਦਿੱਤਾ।
ਅਮੀਰ ਬੇਗ ਦੇ ਹੁਕਮ ਨਾਲ ਭਾਈ ਹਕੀਕਤ ਰਾਏ ਨੂੰ ਦਰੱਖਤ ਨਾਲ ਉਲਟਾ ਲਟਕਾ ਕੇ ਕੁੱਟਿਆ ਗਿਆ, ਪਰ ਉਸਨੇ ਮੁਸਲਮਾਨ ਬਣਨਾ ਕਬੂਲ ਨਾ ਕੀਤਾ। ਅਮੀਰ ਬੇਗ ਨੇ ਭਾਈ ਹਕੀਕਤ ਰਾਏ ਨੂੰ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਪਾਸ ਭੇਜ ਦਿੱਤਾ। ਮਾਤਾ ਗੋਰਾਂ ਨੇ ਭਾਈ ਹਕੀਕਤ ਰਾਏ ਨੂੰ ਕਿਹਾ, “ਬੇਟਾ, ਤੇਰੀ ਮੌਤ ਨਾਲ ਮੈਂ ਨਪੁੱਤੀ ਤਾਂ ਹੋ ਜਾਵਾਂਗੀ, ਪਰ ਜੋ ਤੂੰ ਧਰਮ ਤਿਆਗ ਦਿੱਤਾ ਤਾਂ ਮੈਂ ਬੇਮੁਖ ਤੇ ਅਧਰਮੀ ਪੁੱਤਰ ਦੀ ਮਾਂ ਅਖਵਾਵਾਂਗੀ। ਮੇਰੀ ਪਰਮਾਤਮਾ ਅੱਗੇ ਅਰਦਾਸ ਹੈ ਕਿ ਉਹ ਤੈਨੂੰ ਧਰਮ ਨਿਭਾਉਣ ਦੀ ਹਿੰਮਤ ਬਖ਼ਸ਼ੇ, ਭਾਵੇਂ ਸ਼ਹੀਦੀ ਦੇਣੀ ਪਵੇ।” ਹੋਰ ਮਾਰਨ ਉੱਪਰ ਵੀ ਭਾਈ ਹਕੀਕਤ ਰਾਏ ਨੇ ਮੁਸਲਮਾਨ ਬਣਨਾ ਕਬੂਲ ਨਾ ਕੀਤਾ ਤਾਂ ਸੂਬੇਦਾਰ ਦੇ ਹੁਕਮ ਨਾਲ ਜਨਵਰੀ 1735 ਈਸਵੀ ਨੂੰ ਭਾਈ ਹਕੀਕਤ ਰਾਏ ਨੂੰ ਸ਼ਹੀਦ ਕਰ ਦਿੱਤਾ ਗਿਆ।