Odisha assembly : ਓਡੀਸ਼ਾ ਵਿਧਾਨ ਸਭਾ ਵਿੱਚ ਕਾਰਵਾਈ ਦੌਰਾਨ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ ਜਦੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕਾਂ ਵੱਲੋਂ ਸਪੀਕਰ ’ਤੇ ਜੁੱਤੀਆਂ ਸੁੱਟੀਆਂ ਗਈਆਂ। ਜੁੱਤੀ ਸੁੱਟਣ ਵਾਲੇ ਵਿਧਾਇਕ ਨੇ ਕਿਹਾ ਕਿ ਉਨ੍ਹਾਂ ਨੇ ਕੁੱਝ ਗਲਤ ਨਹੀਂ ਕੀਤਾ, ਫਿਰ ਸਪੀਕਰ ਨੇ ਕਿਹਾ ਕਿ ਉਹ ਸਾਰੇ ਪਹਿਲੂਆਂ ‘ਤੇ ਵਿਚਾਰ ਕਰ ਰਹੇ ਹਨ। ਓਡੀਸ਼ਾ ਸਰਕਾਰ ਦੀ ਮੁੱਖ ਵ੍ਹੀਪ ਪ੍ਰਮਿਲਾ ਮਲਿਕ ਨੇ ਮੀਡੀਆ ਨੂੰ ਦੱਸਿਆ ਕਿ ਵਿਰੋਧੀ ਧਿਰ ਦੇ ਉਪ ਨੇਤਾ (ਐਲਓਪੀ) ਬਿਸ਼ਨੂ ਸੇਠੀ, ਵਿਧਾਇਕ ਜਯਨਾਰਾਇਣ ਮਿਸ਼ਰਾ ਅਤੇ ਵਿਰੋਧੀ ਧਿਰ ਦੇ ਚੀਫ਼ ਮੋਹਣ ਮਾਂਝੀ ਨੇ ਸਪੀਕਰ ਦੇ ਮੰਚ ‘ਤੇ ਜੁੱਤੀਆਂ, ਈਅਰਫੋਨ ਅਤੇ ਕਾਗਜ਼ ਸੁੱਟੇ। ਕਾਰਵਾਈ ਦੌਰਾਨ, ਸ਼ਨੀਵਾਰ ਨੂੰ ਇੱਕ ਹੈਰਾਨੀਜਨਕ ਘਟਨਾ ਵਾਪਰੀ ਜਦੋਂ ਸਦਨ ਦੀ ਕਾਰਵਾਈ ਦੌਰਾਨ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਮੈਂਬਰਾਂ ਦੁਆਰਾ ਓਡੀਸ਼ਾ ਵਿਧਾਨ ਸਭਾ ਵਿੱਚ ਸਪੀਕਰ ਦੇ ਪੋਡੀਅਮ ‘ਤੇ ਜੁੱਤੀਆਂ, ਈਅਰਫੋਨ ਅਤੇ ਕਾਗਜ਼ ਸੁੱਟੇ ਗਏ।
ਵਿੱਤ ਮੰਤਰੀ ਨਿਰੰਜਨ ਪੁਜਾਰੀ ਵੱਲੋਂ ਸਦਨ ਵਿੱਚ 2019-20 ਲਈ ਕੈਗ ਦੀ ਰਿਪੋਰਟ ਪੇਸ਼ ਕਰਨ ਤੋਂ ਬਾਅਦ ਵਿਰੋਧੀ ਧਿਰ ਕਾਂਗਰਸ ਮੁਲਤਵੀ ਮਤਾ ਲੈ ਕੇ ਆਈ ਜਿਸ ਨੂੰ ਸਪੀਕਰ ਨੇ ਖਾਰਜ ਕਰ ਦਿੱਤਾ, ਜਿਸ ਤੋਂ ਬਾਅਦ ਵਿਰੋਧੀ ਧਿਰ ਦੇ ਵਿਧਾਇਕਾਂ ਨੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਵਿਰੋਧ ਜਤਾਇਆ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਓਡੀਸ਼ਾ ਲੋਕਾਯੁਕਤ (ਸੋਧ) ਬਿੱਲ ਸਦਨ ਵਿੱਚ ਬਿਨਾਂ ਕਿਸੇ ਬਹਿਸ ਦੇ ਪਾਸ ਕੀਤਾ ਗਿਆ ਹੈ। ਹੰਗਾਮੇ ਦੇ ਦੌਰਾਨ, ਭਾਜਪਾ ਦੇ ਦੋ ਵਿਧਾਇਕ ਜਯਨਾਰਾਇਣ ਮਿਸ਼ਰਾ ਅਤੇ ਬਿਸ਼ਨੂ ਸੇਠੀ ਆਪਣੀਆਂ ਸੀਟਾਂ ‘ਤੇ ਖੜੇ ਹੋ ਗਏ ਅਤੇ ਵਿਰੋਧ ਕਰਦੇ ਹੋਏ ਸਪੀਕਰ ‘ਤੇ ਜੁੱਤੀਆਂ, ਕਾਗਜ਼, ਪੈਨ ਅਤੇ ਈਅਰਫੋਨ ਸੁੱਟ ਦਿੱਤੇ। ਵਿਧਾਇਕ ਜਯਨਾਰਾਇਣ ਮਿਸ਼ਰਾ ਨੇ ਕਿਹਾ, “ਮੈਨੂੰ ਨਹੀਂ ਪਤਾ ਕਿ ਮੈਂ ਸਪੀਕਰ ‘ਤੇ ਹਕੀਕਤ ਵਿੱਚ ਕੀ ਸੁੱਟਿਆ ਸੀ, ਪਰ ਮੈਂ ਕੁੱਝ ਗਲਤ ਨਹੀਂ ਕੀਤਾ। ਵਿਧਾਨ ਸਭਾ ਦਾ ਸਪੀਕਰ ਅਜਿਹੇ ਵਿਵਹਾਰ ਦਾ ਹੱਕਦਾਰ ਸੀ।”
ਹਾਲਾਂਕਿ, ਬਿਸ਼ਨੂ ਸੇਠੀ ਨੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ, “ਮੈਂ ਉਨ੍ਹਾਂ ‘ਤੇ (ਸਪੀਕਰ) ਜੁੱਤੇ ਨਹੀਂ ਸੁੱਟੇ। ਮੈਂ ਬੱਸ ਇੱਕ ਪੈੱਨ ਅਤੇ ਹੈੱਡਫੋਨ ਸੁੱਟੇ ਸੀ। ਸਪੀਕਰ ਸੂਰਜਿਆ ਨਰਾਇਣ ਪਤਰੋ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ, “ਮੈਂ ਸਾਰੇ ਪਹਿਲੂਆਂ ‘ਤੇ ਵਿਚਾਰ ਕਰ ਰਿਹਾ ਹਾਂ ਅਤੇ ਮੈਂ ਇਸ ਸੰਬੰਧੀ ਕਾਨੂੰਨ ਦੀ ਵੀ ਵਿਆਖਿਆ ਕਰ ਰਿਹਾ ਹਾਂ। ਕਾਨੂੰਨ ਆਪਣਾ ਕੰਮ ਕਰੇਗਾ। ਮੈਂ ਤਸਵੀਰਾਂ ਦੀ ਜਾਂਚ ਕਰ ਰਿਹਾ ਹਾਂ।”