Farmers again besiege : ਹੁਸ਼ਿਆਰਪੁਰ : ਕਿਸਾਨਾਂ ਵੱਲੋਂ ਭਾਜਪਾ ਮੰਤਰੀਆਂ ਦਾ ਵਿਰੋਧ ਕੀਤੇ ਜਾਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਉਨ੍ਹਾਂ ਦੇ ਮਨਾਂ ‘ਚ ਭਾਜਪਾ ਨੇਤਾਵਾਂ ਲਈ ਗੁੱਸਾ ਭਰਿਆ ਪਿਆ ਹੈ। ਅੱਜ ਫਿਰ ਤੋਂ ਹੁਸ਼ਿਆਰਪੁਰ ਵਿਖੇ ਕਿਸਾਨਾਂ ਨੇ ਭਾਜਪਾ ਦੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦਾ ਘਿਰਾਓ ਕਰ ਲਿਆ। ਅਸਲ ‘ਚ ਉਹ ਅੱਜ ਜਿਲ੍ਹਾ ਹੁਸ਼ਿਆਰਪੁਰ ਦੇ ਸ਼ਾਸਤਰੀ ਨਗਰ ਵਿਖੇ ਭਾਜਪਾ ਦੇ ਦਫਤਰ ‘ਚ ਪੁੱਜੇ ਸਨ ਤੇ ਜਦੋਂ ਕਿਸਾਨ ਆਗੂਆਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਭਾਜਪਾ ਨੇਤਾਵਾਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਸੋਮ ਪ੍ਰਕਾਸ਼ ਦਾ ਘਿਰਾਓ ਕੀਤਾ।
ਭਾਜਪਾ ਮੰਤਰੀ ਸੋਮ ਪ੍ਰਕਾਸ਼ ਨੂੰ ਪੁਲਿਸ ਵਾਲਿਆਂ ਨੇ ਮਸਾਂ ਹੀ ਕਿਸਾਨਾਂ ਹੱਥੋਂ ਬਚਾਇਆ। ਕਿਸਾਨਾਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਆਪਣਾ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ। ਭਾਜਪਾ ਨੇਤਾਵਾਂ ‘ਤੇ ਹੋ ਰਹੇ ਹਮਲਿਆਂ ਦੇ ਮੱਦੇਨਜ਼ਰ ਪੰਜਾਬ ਪੁਲਿਸ ਵੱਲੋਂ ਪਹਿਲਾਂ ਹੀ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਥਾਂ-ਥਾਂ ‘ਤੇ ਬੈਰੀਕੇਡਿੰਗ ਵੀ ਕੀਤੀ ਗਈ ਸੀ।
ਕਿਸਾਨਾਂ ਨੇ ਪੁਲਿਸ ਵਾਲਿਆਂ ਨਾਲ ਧੱਕਾ-ਮੁੱਕੀ ਕਰਕੇ ਅੱਗੇ ਵਧਣ ਦੀ ਪੂਰੀ ਕੋਸ਼ਿਸ ਕੀਤੀ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ ਗਿਆ। ਜੇ ਪੁਲਿਸ ਸਮੇਂ ਸਿਰ ਕਿਸਾਨਾਂ ਨੂੰ ਨਾ ਰੋਕਦੀ ਤਾਂ ਹਾਲਾਤ ਹੋਰ ਵਿਗੜ ਸਕਦੇ ਸਨ।