PM Modi annual interaction: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 7 ਅਪ੍ਰੈਲ ਨੂੰ ਸ਼ਾਮ 7 ਵਜੇ ਪ੍ਰੀਖਿਆ ‘ਤੇ ਚਰਚਾ ਪ੍ਰੋਗਰਾਮ ਦੇ ਤਹਿਤ ਵਿਦਿਆਰਥੀਆਂ, ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਸੰਬੋਧਿਤ ਕਰਨਗੇ । ਇਸ ਪ੍ਰੋਗਰਾਮ ਦਾ ਆਯੋਜਨ ਵਰਚੂਅਲੀ ਕੀਤਾ ਜਾਵੇਗਾ। ਇਸ ਸਬੰਧੀ ਪ੍ਰਧਾਨ ਮੰਤਰੀ ਮੋਦੀ ਨੇ ਟਵਿੱਟਰ ‘ਤੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਕਿ ਸਾਡੇ ਬਹਾਦੁਰ ਪ੍ਰੀਖਿਆ ਦੇਣ ਵਾਲੇ ਯੋਧਿਆਂ, ਮਾਤਾ-ਪਿਤਾ ਅਤੇ ਅਧਿਆਪਕਾਂ ਨਾਲ ਵੱਖ-ਵੱਖ ਵਿਸ਼ਿਆਂ ‘ਤੇ ਕਈ ਮਜ਼ੇਦਾਰ ਸਵਾਲ ਅਤੇ ਯਾਦਗਾਰ ਚਰਚਾ । 7 ਅਪ੍ਰੈਲ ਨੂੰ ਸ਼ਾਮ 7 ਵਜੇ ਦੇਖੋ, ਪ੍ਰੀਖਿਆ ‘ਤੇ ਚਰਚਾ #PPC2021 ।
ਦਰਅਸਲ, ਪ੍ਰਧਾਨ ਮੰਤਰੀ ਨੇ ਇਸ ਟਵੀਟ ਦੇ ਨਾਲ ਹੀ ਪ੍ਰੀਖਿਆ ‘ਤੇ ਚਰਚਾ ਦੇ ਸਬੰਧ ਵਿੱਚ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ। ਜਿਸ ਵਿੱਚ ਉਹ ਕਹਿ ਰਹੇ ਹਨ ਕਿ ਕੋਰੋਨਾ ਕਾਰਨ ਇਸ ਵਾਰ ਉਹ ਵਿਦਿਆਰਥੀਆਂ ਨੂੰ ਮਿਲ ਨਹੀਂ ਸਕਣਗੇ । ਜ਼ਿਕਰਯੋਗ ਹੈ ਕਿ ਇਸ ਸਬੰਧੀ ਫਰਵਰੀ ਮਹੀਨੇ ਵਿੱਚ ਸਿੱਖਿਆ ਮੰਤਰਾਲੇ ਵੱਲੋਂ ਇਸ ਦਾ ਐਲਾਨ ਕੀਤਾ ਗਿਆ ਸੀ। ਮੀਡੀਆ ਰਿਪੋਰਟਾਂ ਅਨੁਸਾਰ ਪ੍ਰੀਖਿਆ ‘ਤੇ ਚਰਚਾ 2021 ਦੇ ਲਈ 12 ਲੱਖ ਤੋਂ ਵੱਧ ਰਜਿਸਟ੍ਰੇਸ਼ਨ ਹੋਏ ਸਨ, ਜਿਨ੍ਹਾਂ ਵਿੱਚੋਂ 9 ਲੱਖ ਤੋਂ ਵੱਧ ਵਿਦਿਆਰਥੀ, 2 ਲੱਖ ਤੋਂ ਵੱਧ ਅਧਿਆਪਕ ਤੇ 1 ਲੱਖ ਤੋਂ ਵੱਧ ਮਾਪਿਆਂ ਦੀ ਗਿਣਤੀ ਸੀ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਸਾਲ 2018 ਤੋਂ ਪ੍ਰੀਖਿਆ ‘ਤੇ ਚਰਚਾ ਕਰਦੇ ਆ ਰਹੇ ਹਨ । ਪਹਿਲੀ ਵਾਰ ਇਸ ਦਾ ਆਯੋਜਨ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਹੋਇਆ ਸੀ । ਪ੍ਰੀਖਿਆ ‘ਤੇ ਚਰਚਾ ਪ੍ਰੋਗਰਾਮ ਰਾਹੀਂ ਉਹ ਹਰ ਸਾਲ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹਨ ਅਤੇ ਉਨ੍ਹਾਂ ਨੂੰ ਪ੍ਰੀਖਿਆ ਦੇ ਤਣਾਅ ਨੂੰ ਦੂਰ ਕਰਨ ਦੇ ਉਪਾਅ ਸੁਝਾਉਂਦੇ ਹਨ ।
ਇਹ ਵੀ ਦੇਖੋ: ਕੈਪਟਨ ਦੇ ਸ਼ਹਿਰ ਪਟਿਆਲਾ ਜਾ ਕੇ ਨਵਜੋਤ ਸਿੰਘ ਸਿੱਧੂ ਨੇ ਦੇਖੋ ਕੀ ਕਰ ਦਿੱਤਾ ਐਲਾਨ…