PM Modi to interact with students: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਸ਼ਾਮ ਨੂੰ 7 ਵਜੇ ‘ਪ੍ਰੀਖਿਆ ‘ਤੇ ਚਰਚਾ’ ਪ੍ਰੋਗਰਾਮ ਦੇ ਤਹਿਤ ਵੀਡੀਓ ਕਾਨਫਰੰਸ ਰਾਹੀਂ ਦੁਨੀਆ ਭਰ ਦੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨਾਲ ਗੱਲਬਾਤ ਕਰਨਗੇ । ਉਨ੍ਹਾਂ ਨੇ ਟਵੀਟ ਕਰਕੇ ਕਿਹਾ ਸੀ, ‘ਇੱਕ ਨਵਾਂ ਫਾਰਮੈਟ, ਵਿਸ਼ਾ ਵਸਤੂਆਂ ‘ਤੇ ਬਹੁਤ ਸਾਰੇ ਦਿਲਚਸਪ ਪ੍ਰਸ਼ਨ ਅਤੇ ਸਾਡੇ ਬਹਾਦਰ ਯੋਧਿਆਂ, ਮਾਪਿਆਂ ਅਤੇ ਅਧਿਆਪਕਾਂ ਨਾਲ ਯਾਦਗਾਰੀ ਵਿਚਾਰ-ਵਟਾਂਦਰੇ । 7 ਅਪ੍ਰੈਲ ਨੂੰ ਸ਼ਾਮ ਨੂੰ ਸੱਤ ਵਜੇ ਦੇਖੋ ‘ਪ੍ਰੀਖਿਆ’ ਤੇ ਚਰਚਾ’ ।
ਪ੍ਰਧਾਨ ਮੰਤਰੀ ਨੇ ਇਸਦੇ ਨਾਲ ਹੀ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਕਹਿ ਰਹੇ ਹਨ, ‘ਅਸੀਂ ਪਿਛਲੇ ਇੱਕ ਸਾਲ ਤੋਂ ਕੋਰੋਨਾ ਦੇ ਪਰਛਾਵੇਂ ਵਿੱਚ ਜਿਓ ਰਹੇ ਹਾਂ ਅਤੇ ਇਸ ਕਾਰਨ ਮੈਨੂੰ ਵਿਅਕਤੀਗਤ ਤੌਰ ‘ਤੇ ਤੁਹਾਨੂੰ ਮਿਲਣ ਦਾ ਮੋਹ ਛੱਡਣਾ ਹੋਵੇਗਾ ਅਤੇ ਨਵੇਂ ਫਾਰਮੈਟ ਵਿੱਚ ‘ਪ੍ਰੀਖਿਆ ‘ਤੇ ਚਰਚਾ’ ਦੇ ਪਹਿਲੇ ਡਿਜੀਟਲ ਐਡੀਸ਼ਨ ਵਿੱਚ ਤੁਹਾਡੇ ਨਾਲ ਰਹਾਂਗਾ।’ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਇਮਤਿਹਾਨ ਨੂੰ ਇੱਕ ਅਵਸਰ ਦੇ ਰੂਪ ਵਿੱਚ ਵੇਖਣ, ਨਾ ਕਿ ਉਨ੍ਹਾਂ ਦੇ ਜੀਵਨ ਦੇ ਸੁਪਨਿਆਂ ਦੇ ਅੰਤ ਦੇ ਤੌਰ ‘ਤੇ।
ਵੀਡੀਓ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਬੱਚਿਆਂ ਦੇ ਨਾਲ ਦੋਸਤ ਦੇ ਤੌਰ ‘ਤੇ ਗੱਲਬਾਤ ਕਰਨਗੇ ਅਤੇ ਇਸ ਦੇ ਨਾਲ ਹੀ ਡਿਜੀਟਲ ਪ੍ਰੋਗਰਾਮ ਵਿੱਚ ਅਧਿਆਪਕਾਂ ਅਤੇ ਮਾਪਿਆਂ ਨਾਲ ਵੀ ਗੱਲਬਾਤ ਕਰਨਗੇ । ਪ੍ਰਧਾਨ ਮੰਤਰੀ ਇਸ ਬਾਰੇ ਵੀ ਵਿਚਾਰ-ਵਟਾਂਦਰੇ ਕਰਦੇ ਹਨ ਕਿ ਲੋਕ ਜਾਂ ਮਾਪੇ ਕੀ ਕਹਿਣਗੇ, ਇਸਦਾ ਦਬਾਅ ਵੀ ਕਈ ਵਾਰ ਬੋਝ ਬਣ ਜਾਂਦਾ ਹੈ। ਵੀਡੀਓ ਵਿੱਚ ਉਹ ਇਹ ਵੀ ਕਹਿ ਰਹੇ ਹਨ ਕਿ ਇਹ ‘ਪ੍ਰੀਖਿਆ ‘ਤੇ ਚਰਚਾ’ ਹੈ, ਪਰ ਇੱਥੇ ਚਰਚਾ ਸਿਰਫ ‘ਪ੍ਰੀਖਿਆ’ ਤੱਕ ਸੀਮਿਤ ਨਹੀਂ ਹੋਵੇਗੀ।
ਇਸ ਪ੍ਰੋਗਰਾਮ ਨੂੰ ਆਪਣੇ ਦਿਲ ਦੇ ਨੇੜੇ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੇ ਰਾਹੀਂ ਉਹ ਇਹ ਜਾਣਨ ਦੇ ਯੋਗ ਹਨ ਕਿ ਨੌਜਵਾਨਾਂ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਹੈ । ਉਨ੍ਹਾਂ ਨੇ ਕਿਹਾ ਕਿ ਉਹ ਪਰਿਵਾਰਕ ਮੈਂਬਰ ਵਜੋਂ ਵਿਦਿਆਰਥੀਆਂ ਨੂੰ ਪ੍ਰੀਖਿਆ ਸਬੰਧੀ ਦਬਾਅ ਨੂੰ ਦੂਰ ਕਰਨ ਵਿੱਚ ਮਦਦ ਕਰਨਾ ਚਾਹੁੰਦੇ ਹਨ। ਇਸ ਪ੍ਰੋਗਰਾਮ ਦਾ ਆਯੋਜਨ ਇਸ ਵਾਰ ਡਿਜੀਟਲ ਮਾਧਿਅਮ ਰਾਹੀਂ ਕੀਤਾ ਜਾ ਰਿਹਾ ਹੈ। ਇਸ ਦੀ ਘੋਸ਼ਣਾ ਫਰਵਰੀ ਦੇ ਮਹੀਨੇ ਵਿੱਚ ਸਿੱਖਿਆ ਮੰਤਰਾਲੇ ਵੱਲੋਂ ਕੀਤੀ ਗਈ ਸੀ।