Amritsar Rural Police : ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਅਧਾਰ ‘ਤੇ ਬੀ ਐਸ ਐਫ ਨਾਲ ਰਲ ਚਲਾਏ ਸਾਂਝੇ ਆਪਰੇਸ਼ਨ ‘ਚ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ, ਜਿਸ ਵਿੱਚ ਪੁਲਿਸ ਵਲੋਂ ਜਿੱਥੇ ਭਾਰੀ ਮਾਤਰਾ ਵਿੱਚ ਹੈਰੋਇਨ, ਹਥਿਆਰ, ਪਾਕਿਸਤਾਨੀ ਕਰੰਸੀ ਸਣੇ ਹੋਰ ਸਮਾਨ ਬਰਾਮਦ ਕਰ ਇੱਕ ਪਾਕਿਸਤਾਨੀ ਸਮੱਗਲਰ ਨੂੰ ਢੇਰ ਕਰ ਦਿੱਤਾ ਗਿਆ ਹੈ। ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਐਸ ਐਸ ਪੀ ਅੰਮ੍ਰਿਤਸਰ ਦਿਹਾਤੀ ਸ਼੍ਰੀ ਧਰੁਵ ਦਹੀਆ (ਆਈ ਪੀ ਐਸ) ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਅਣਪਛਾਤੇ ਪਾਕਿਸਤਾਨੀ ਸਮੱਗਲਰਾਂ ਵਲੋਂ ਭੌਫ ਕੱਕੜ ਥਾਣਾ ਲੋਪੋਕੇ ਦੇ ਨਜ਼ਦੀਕ ਤੋਂ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਭਾਰਤੀ ਸਮੱਗਲਰਾਂ ਨੂੰ ਸਪਲਾਈ ਕਰਨੀ ਹੈ।
ਜਿਸ ‘ਤੇ ਤੁਰੰਤ ਐਕਸ਼ਨ ਲੈਂਦਿਆਂ ਉਨ੍ਹਾਂ ਇੱਕ ਟੀਮ ਜਿਸ ਵਿੱਚ ਗੁਰਿੰਦਰਪਾਲ ਸਿੰਘ ਡੀ.ਐਸ.ਪੀ ਡੀ ਅਤੇ ਅਭੀਮੰਨਿਉ ਰਾਣਾ ਏ.ਐਸ.ਪੀ ਮਜੀਠਾ ਨੂੰ ਸ਼ਾਮਿਲ ਕੀਤਾ ਅਤੇ ਖੁਦ ਟੀਮ ਦੀ ਅਗਵਾਈ ਕਰਦਿਆਂ ਬੀ ਐਸ ਐਫ ਨਾਲ ਮੁਖਬਰ ਦੀ ਦੱਸੀ ਜਗਾ ਤੇ ਸਾਂਝਾ ਆਪ੍ਰੇਸ਼ਨ ਚਲਾਇਆ। ਜਿਸ ਵਿੱਚ ਇੱਕ ਪਾਕਿਸਤਾਨੀ ਸਮੱਗਲਰ ਮਾਰਿਆ ਗਿਆ।ਜਿਸ ਕੋਲੋਂ 22 ਪੈਕੇਟ ਹੈਰੋਇਨ, 2 ਏ ਕੇ 47, ਚਾਰ ਮੈਗਜ਼ੀਨ, 45 ਜਿੰਦਾ ਰੌਂਦ, ਇੱਕ ਮੋਬਾਇਲ, ਇੱਕ ਪਲਾਸਟਿਕ ਪਾਈਪ ਅਤੇ 210 ਪਾਕਿਸਤਾਨੀ ਕਰੰਸੀ ਬਰਾਮਦ ਹੋਈ ਹੈ। ਜਿਸ ‘ਤੇ ਉਕਤ ਵਿਅਕਤੀ ਖਿਲਾਫ਼ ਕਾਰਵਾਈ ਕਰਦਿਆਂ ਥਾਣਾ ਲੋਪੋਕੇ ਵਿੱਚ ਮੁਕੱਦਮਾ ਨੰ 80, ਜੁਰਮ 21,23,27- ਏ, 26/61/85 ਐਨ ਡੀ ਪੀ ਐਸ, 25,27/54/59 ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਐਸ ਐਸ ਪੀ ਸ਼੍ਰੀ ਧਰੁਵ ਦਹੀਆ ਨੇ ਦੱਸਿਆ ਕਿ ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਭਾਰਤ ਵਿੱਚ ਇਹ ਖੇਪ ਕਿੱਥੇ ਅਤੇ ਕਿਸ ਨੂੰ ਸਪਲਾਈ ਹੋਣੀ ਸੀ ਇਹ ਪਤਾ ਲਗਾਇਆ ਜਾ ਰਿਹਾ ਹੈ ਅਤੇ ਜਲਦ ਹੀ ਇਸ ਮਾਮਲੇ ਨਾਲ ਸਬੰਧਤ ਅਤੇ ਇਸ ਨਾਲ ਸ਼ਾਮਿਲ ਕਥਿਤ ਦੋਸ਼ੀਆਂ ਦੇ ਨਾਂ ਮੀਡੀਆ ਨਾਲ ਸਾਂਝੇ ਕੀਤੇ ਜਾਣਗੇ।