PM Modi urges people: ਨਵੀਂ ਦਿੱਲੀ: ਅੱਜ ਦੁਨੀਆ ਭਰ ਵਿੱਚ ਵਿਸ਼ਵ ਸਿਹਤ ਦਿਵਸ ਮਨਾਇਆ ਜਾ ਰਿਹਾ ਹੈ । ਹਰ ਸਾਲ ਵਿਸ਼ਵ ਸਿਹਤ ਸੰਗਠਨ (WHO) 7 ਅਪ੍ਰੈਲ ਨੂੰ ਇਹ ਦਿਨ ਮਨਾਉਂਦਾ ਹੈ। ਇਸ ਦਿਨ ਦਾ ਉਦੇਸ਼ ਪੂਰੇ ਵਿਸ਼ਵ ਦੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਦੱਸਣਾ ਹੈ ਕਿ ਸਿਹਤ ਸਭ ਕੁਝ ਹੈ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਲੋਕਾਂ ਦਾ ਧੰਨਵਾਦ ਕੀਤਾ ਹੈ । ਇਸ ਦੇ ਨਾਲ ਹੀ ਦੇਸ਼ ਵਾਸੀਆਂ ਨੂੰ ਕੋਵਿਡ-19 ਦੇ ਪ੍ਰੋਟੋਕੋਲ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।
ਇਸ ਸਬੰਧੀ ਪੀਐਮ ਮੋਦੀ ਨੇ ਆਪਣੇ ਟਵੀਟ ਵਿੱਚ ਲਿਖਿਆ, “ਵਿਸ਼ਵ ਸਿਹਤ ਦਿਵਸ ਉਨ੍ਹਾਂ ਸਾਰਿਆਂ ਦੀ ਪ੍ਰਸ਼ੰਸਾ ਕਰਨ ਦਾ ਦਿਨ ਹੈ ਜੋ ਸਾਡੇ ਗ੍ਰਹਿ ਨੂੰ ਤੰਦਰੁਸਤ ਰੱਖਣ ਲਈ ਦਿਨ-ਰਾਤ ਮਿਹਨਤ ਕਰਦੇ ਹਨ । ਸਿਹਤ ਸੰਭਾਲ ਦਿਵਸ ਵਿੱਚ ਖੋਜ ਅਤੇ ਨਵੀਨਤਾ ਪ੍ਰਤੀ ਸਾਡੀ ਵਚਨਬੱਧਤਾ ਦੁਹਰਾਉਣ ਦਾ ਵੀ ਦਿਨ ਹੈ। ਵਿਸ਼ਵ ਸਿਹਤ ਦਿਵਸ ‘ਤੇ ਸਾਨੂੰ ਕੋਰੋਨਾ ਨਾਲ ਲੜਨ ‘ਤੇ ਧਿਆਨ ਦੇਣਾ ਚਾਹੀਦਾ ਹੈ, ਜਿਸ ਵਿੱਚ ਮਾਸਕ ਪਾਉਣਾ, ਨਿਯਮਿਤ ਤੌਰ ‘ਤੇ ਹੱਥ ਧੋਣੇ ਅਤੇ ਹੋਰ ਪ੍ਰੋਟੋਕਾਲਾਂ ਦੀ ਪਾਲਣਾ ਕਰਨਾ ਸ਼ਾਮਿਲ ਹੈ। ਤੰਦਰੁਸਤ ਰਹਿਣ ਲਈ ਹਰ ਸੰਭਵ ਕਦਮ ਚੁੱਕੋ।”
ਉਨ੍ਹਾਂ ਨੇ ਅੱਗੇ ਲਿਖਿਆ, “ਭਾਰਤ ਸਰਕਾਰ ਆਯੁਸ਼ਮਾਨ ਭਾਰਤ ਅਤੇ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਸਮੇਤ ਕਈ ਉਪਾਅ ਕਰ ਰਹੀ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਲੋਕਾਂ ਨੂੰ ਚੰਗੀਆਂ ਅਤੇ ਕਿਫਾਇਤੀ ਸਿਹਤ ਸੇਵਾਵਾਂ ਮਿਲ ਸਕਣ। ਭਾਰਤ ਕੋਰੋਨਾ ਦੇ ਖਿਲਾਫ਼ ਲੜਾਈ ਨੂੰ ਮਜ਼ਬੂਤ ਕਰਨ ਦੇ ਲਈ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਵੀ ਚਲਾ ਰਿਹਾ ਹੈ।”
ਦੱਸ ਦੇਈਏ ਕਿ ਮੌਜੂਦਾ ਸਮੇਂ ਵਿੱਚ ਵਿਸ਼ਵ ਭਰ ਦੇ ਲੱਖਾਂ ਲੋਕ ਬਹੁਤ ਸਾਰੀਆਂ ਵੱਡੀਆਂ ਬਿਮਾਰੀਆਂ ਨਾਲ ਜੂਝ ਰਹੇ ਹਨ। ਜਿਸ ਵਿੱਚ ਮਲੇਰੀਆ, ਹੈਜ਼ਾ, ਟੀਬੀ, ਪੋਲੀਓ, ਕੋੜ੍ਹ, ਕੈਂਸਰ ਅਤੇ ਏਡਜ਼ ਵਰਗੀਆਂ ਜਾਨਲੇਵਾ ਬਿਮਾਰੀਆਂ ਸ਼ਾਮਿਲ ਹਨ । ਦੁਨੀਆ ਭਰ ਦੇ ਲੋਕ ਸਰੀਰਿਕ, ਮਾਨਸਿਕ ਤੇ ਸਮਾਜਿਕ ਰੂਪ ਨਾਲ ਤੰਦਰੁਸਤ ਬਣਾਉਣ ਲਈ ਜਾਗਰੂਕ ਕਰਨਾ ਇਸ ਦਿਨ ਦਾ ਮੁਖ ਉਦੇਸ਼ ਹੈ। ਵਿਸ਼ਵ ਸਿਹਤ ਦਿਵਸ ਰਾਹੀਂ ਲੋਕਾਂ ਨੂੰ ਆਪਣੀ ਸਿਹਤ ਦੀ ਦੇਖਭਾਲ ਅਤੇ ਇਸ ਪ੍ਰਤੀ ਜਾਗਰੂਕ ਹੋਣਾ ਸਿਖਾਇਆ ਜਾਂਦਾ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਸਿਹਤ ਦੇ ਖੇਤਰ ਵਿੱਚ ਕੰਮ ਕਰਦੇ ਪੇਸ਼ੇਵਰਾਂ ਅਤੇ ਸਿਹਤ ਸੈਕਟਰ ਵਿੱਚ ਕੰਮ ਕਰ ਰਹੀਆਂ ਹੋਰ ਸੰਸਥਾਵਾਂ ਦਾ ਇਸ ਦਿਨ ਸਮਰਥਨ ਕੀਤਾ ਜਾਂਦਾ ਹੈ।