Rahul Gandhi slams modi govt: ਨਵੀਂ ਦਿੱਲੀ: ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਗਿਰਾਵਟ ਤੋਂ ਬਾਅਦ ਵੀ ਰਾਹੁਲ ਗਾਂਧੀ ਨੇ ਦੇਸ਼ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨਾ ਘਟਣ ‘ਤੇ ਪ੍ਰਧਾਨ ਮੰਤਰੀ ਮੋਦੀ ‘ਤੇ ਹਮਲਾ ਬੋਲਿਆ ਹੈ । ਰਾਹੁਲ ਗਾਂਧੀ ਨੇ ਤੇਲ ਕੀਮਤਾਂ ਬਾਰੇ ਕਿਹਾ ਹੈ ਕਿ ਕੇਂਦਰ ਸਰਕਾਰ ਦੀ ਟੈਕਸ ਵਸੂਲੀ ਕਾਰਨ ਗੱਡੀ ਵਿੱਚ ਤੇਲ ਪਵਾਉਣਾ ਕਿਸੇ ਪ੍ਰੀਖਿਆ ਤੋਂ ਘੱਟ ਨਹੀਂ ਹੈ, ਫਿਰ ਪ੍ਰਧਾਨ ਮੰਤਰੀ ਇਸ ‘ਤੇ ਵਿਚਾਰ-ਵਟਾਂਦਰੇ ਕਿਉਂ ਨਹੀਂ ਕਰਦੇ? ਕਾਂਗਰਸੀ ਆਗੂ ਨੇ ਕਿਹਾ ਕਿ ਖਰਚਿਆਂ ‘ਤੇ ਵੀ ਵਿਚਾਰ ਵਟਾਂਦਰੇ ਹੋਣੇ ਚਾਹੀਦੇ ਹਨ।
ਇੱਕ ਮੀਡੀਆ ਵੈਬਸਾਈਟ ਦੀ ਖਬਰ ਸਾਂਝੀ ਕਰਦਿਆਂ ਰਾਹੁਲ ਨੇ ਲਿਖਿਆ, “ਕੇਂਦਰ ਸਰਕਾਰ ਦੀ ਟੈਕਸ ਵਸੂਲੀ ਕਾਰਨ ਗੱਡੀ ਵਿੱਚ ਤੇਲ ਪਵਾਉਣਾ ਕਿਸੇ ਪ੍ਰੀਖਿਆ ਤੋਂ ਘੱਟ ਨਹੀਂ ਹੈ, ਫਿਰ ਪ੍ਰਧਾਨ ਮੰਤਰੀ ਇਸ ‘ਤੇ ਵਿਚਾਰ ਵਟਾਂਦਰੇ ਕਿਉਂ ਨਹੀਂ ਕਰਦੇ? ਖਰਚਿਆਂ ‘ਤੇ ਵੀ ਹੋਵੇ ਚਰਚਾ।” ਦਰਅਸਲ, ਇੱਕ ਨਿਊਜ਼ ਏਜੇਂਸੀ ਵੱਲੋਂ ਇੱਕ ਖਬਰ ਚਲਾਈ ਗਈ ਸੀ ਕਿ ਪਿਛਲੇ ਅੱਠ ਦਿਨਾਂ ਤੋਂ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਘੱਟ ਰਹੀਆਂ ਹਨ, ਪਰ ਭਾਰਤ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਕਮੀ ਦੇਖਣ ਨੂੰ ਮਿਲ ਰਹੀ ਹੈ। ਜਿਸ ਤੋਂ ਬਾਅਦ ਰਾਹੁਲ ਗਾਂਧੀ ਵੱਲੋਂ ਇਹ ਟਵੀਟ ਕੀਤਾ ਗਿਆ ਹੈ।
ਦੱਸ ਦੇਈਏ ਕਿ 30 ਮਾਰਚ ਨੂੰ ਦੇਸ਼ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਕਟੌਤੀ ਦੇਖਣ ਨੂੰ ਮਿਲੀ ਸੀ । ਪੈਟਰੋਲ ਦੀਆਂ ਕੀਮਤਾਂ ਵਿੱਚ 22 ਪੈਸੇ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 23 ਪੈਸੇ ਦੀ ਕਟੌਤੀ ਕੀਤੀ ਗਈ ਸੀ । ਇਸ ਕਟੌਤੀ ਤੋਂ ਬਾਅਦ ਦਿੱਲੀ ਵਿੱਚ ਪੈਟਰੋਲ ਦੀ ਕੀਮਤ 90.56 ਰੁਪਏ ਪ੍ਰਤੀ ਲੀਟਰ ‘ਤੇ ਆ ਗਈ ਹੈ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ ਘੱਟ ਕੇ 80.87 ਰੁਪਏ ਪ੍ਰਤੀ ਲੀਟਰ ਹੋ ਗਈ ਹੈ।