Singer Karan Aujla : ਆਮ ਤੌਰ ‘ਤੇ ਜੇਲ੍ਹਾਂ ‘ਚ ਚੈਕਿੰਗ ਤੋਂ ਬਿਨਾਂ ਕਿਸੇ ਦੀ ਐਂਟਰੀ ਨਹੀਂ ਹੋਣ ਦਿੱਤੀ ਜਾਂਦੀ ਪਰ ਬੀਤੇ ਦਿਨੀਂ ਦੁਪਹਿਰ ਨੂੰ ਉਸ ਸਮੇਂ ਸਭ ਹੈਰਾਨ ਰਹਿ ਗਏ ਜਦੋਂ ਗਾਇਕ ਕਰਨ ਔਜਲਾ ਦੀ ਤਾਜਪੁਰ ਰੋਡ ਦੀ ਕੇਂਦਰੀ ਜੇਲ੍ਹ ‘ਚ ਬਿਨਾਂ ਚੈਕਿੰਗ ਦੇ ਐਂਟਰੀ ਹੋਈ। ਤਾਜਪੁਰ ਰੋਡ ਦੀ ਕੇਂਦਰੀ ਜੇਲ੍ਹ ’ਚ ਆਮ ਕਰ ਕੇ ਸੁਰੱਖਿਆ ਰਹਿੰਦੀ ਹੈ ਤੇ ਜਦੋਂ ਕੋਈ ਵੀ. ਆਈ. ਪੀ. ਅਧਿਕਾਰੀ ਜੇਲ੍ਹ ‘ਚ ਪ੍ਰਵੇਸ਼ ਕਰਦਾ ਹੈ ਤਾਂ ਇਸ ਲਈ ਪੁਖਤਾ ਪ੍ਰਬੰਧ ਕੀਤੇ ਜਾਂਦੇ ਹਨ ਪਰ ਲੋਕ ਗਾਇਕ ਕਰਣ ਔਜਲਾ ਦੇ ਪੁੱਜਦੇ ਹੀ ਗੱਡੀਆਂ ਦੇ ਕਾਫ਼ਲੇ ਨੂੰ ਕੁੱਝ ਇਸ ਤਰ੍ਹਾਂ ਜੇਲ੍ਹ ਕੰਪਲੈਕਸ ’ਚ ਐਂਟਰੀ ਮਿਲੀ, ਜਿਵੇਂ ਜੇਲ੍ਹ ਦੇ ਕਿਸੇ ਸੀਨੀਅਰ ਅਧਿਕਾਰੀ ਨੂੰ ਮਿਲਦੀ ਹੈ। ਕੋਰੋਨਾ ਨਿਯਮਾਂ ਦੀ ਵੀ ਧੱਜੀਆਂ ਉਡਾਈਆਂ ਗਈਆਂ।
ਕਰਨ ਔਜਲਾ ਦੇ ਜੇਲ੍ਹ ਕੰਪਲੈਕਸ ‘ਚ ਆਉਣ ਬਾਰੇ ਜਦੋਂ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਪਤਾ ਲੱਗਾ ਤਾਂ ਉਹ ਬਿਨਾਂ ਕੋਰੋਨਾ ਨਿਯਮਾਂ ਦੀ ਪ੍ਰਵਾਹ ਕੀਤੇ ਉਨ੍ਹਾਂ ਨਾਲ ਫੋਟੋਆਂ ਖਿਚਵਾਉਣ ਲੱਗੇ। ਆਮ ਤੌਰ ‘ਤੇ ਜੇਲ੍ਹ ਵਿਚ ਕੈਦੀਆਂ ਅਤੇ ਹਵਾਲਾਤੀਆਂ ਨੂੰ ਮਿਲਣ ਆਉਣ ਵਾਲੇ ਪਰਿਵਾਰਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਉਨ੍ਹਾਂ ਦੀ ਕੋਰੋਨਾ ਮਹਾਮਾਰੀ ਦਾ ਹਵਾਲਾ ਦਿੱਤਾ ਜਾਂਦਾ ਹੈ ਪਰ ਗਾਇਕ ਦੀ ਐਂਟਰੀ ‘ਤੇ ਅਜਿਹਾ ਕੋਈ ਪ੍ਰੋਟੋਕਾਲ ਲਾਗੂ ਨਹੀਂ ਹੋਇਆ। ਪੰਜਾਬੀ ਗਾਇਕ ਨੂੰ ਮਹੱਤਵ ਦੇਣਾ ਚਰਚਾ ਦਾ ਵਿਸ਼ਾ ਬਣ ਗਿਆ ਹੈ। ਜਦੋਂ ਇਸ ਸਬੰਧੀ ਜੇਲ੍ਹ ਸੁਪਰੀਡੈਂਟ ਰਾਜੀਵ ਅਰੋੜਾ ਨਾਲ ਮੀਡੀਆ ਨੇ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦੇ ਦੋਸਤ ਹਨ। ਉਹ ਪਹਿਲਾਂ ਵੀ ਆਉਂਦੇ-ਰਹਿੰਦੇ ਹਨ ।
ਤਾਜਪੁਰ ਰੋਡ ਦੀ ਜੇਲ੍ਹ ‘ਚ ਅਚਾਨਕ ਗੇਟ ਅੰਦਰ 6 ਗੱਡੀਆਂ ਐਂਟਰ ਹੋਈਆਂ, ਜਿਨ੍ਹਾਂ ਨਾਲ ਇਕ ਪਾਇਲਟ ਗੱਡੀ ਵੀ ਸੀ ਜਿਸ ਕਰਕੇ ਲੋਕਾਂ ਨੂੰ ਲੱਗਾ ਕਿ ਜੇਲ੍ਹ ਦਾ ਕੋਈ ਵੱਡਾ ਅਧਿਕਾਰੀ ਆਇਆ ਹੈ। ਪਰ ਜਿਵੇਂ ਹੀ ਗੱਡੀ ਦਾ ਦਰਵਾਜ਼ਾ ਖੁੱਲ੍ਹਾ ਤਾਂ ਉਸ ’ਚੋਂ ਗਾਇਕ ਕਰਨ ਔਜਲਾ ਆਪਣੇ ਸਾਥੀਆਂ ਸਮੇਤ ਜੇਲ੍ਹ ਅੰਦਰ ਦਾਖਲ ਹੋ ਗਏ।
ਕਰਨ ਔਜਲਾ ਨੂੰ ਬਿਨਾਂ ਕਿਸੇ ਚੈਕਿੰਗ ਦੇ ਜੇਲ੍ਹ ਦੇ ਅੰਦਰ ਲਿਜਾਇਆ ਗਿਆ ਅਤੇ ਦਰਵਾਜ਼ੇ ਬੰਦ ਕਰ ਦਿੱਤੇ ਗਏ। ਕਰਣ ਔਜਲਾ ਆਪਣੇ ਕਈ ਸਾਥੀਆਂ ਸਮੇਤ ਕਈ ਘੰਟੇ ਜੇਲ੍ਹ ਦੇ ਅੰਦਰ ਹੀ ਰਹੇ ਤੇ ਬਾਅਦ ‘ਚ ਚੁੱਪ ਚੁਪੀਤੇ ਉਥੋਂ ਰਵਾਨਾ ਵੀ ਹੋ ਗਏ।