Fulfilling the intentions : ਦਿੱਲੀ ਪਹੁੰਚ ਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਰਾਜਾ ਜੈ ਸਿੰਘ ਨੇ ਭਾਰੀ ਸਵਾਗਤ ਕੀਤਾ। ਰਾਜਾ ਜੈ ਸਿੰਘ ਗੁਰੂ ਘਰ ਦਾ ਪੱਕਾ ਸ਼ਰਧਾਲੂ ਸੀ। ਆਪ ਰਾਜਾ ਜੈ ਸਿੰਘ ਦੇ ਬੰਗਲੇ ‘ਚ ਠਹਿਰੇ। ਉਹ ਨਿੱਜੀ ਤੌਰ ‘ਤੇ ਗੁਰੂ ਜੀ ਦੀ ਸੇਵਾ ਲਈ ਹਾਜ਼ਰ ਰਿਹਾ ਇਕ ਦਿਨ ਰਾਜਾ ਜੈ ਚੰਦ ਦੀ ਰਾਣੀ ਨੇ ਸਤਿਗੁਰਾਂ ਦੇ ਦਰਸ਼ਨ ਦੀ ਇੱਛਾ ਪ੍ਰਗਟ ਕੀਤੀ ਤੇ ਰਾਜੇ ਨੇ ਗੁਰੂ ਜੀ ਨੂੰ ਮਹਿਲ ਵਿਚ ਬੁਲਾ ਲਿਆ। ਰਾਣੀ ਨੇ ਗੁਰੂ ਜੀ ਦੀ ਦਿਬ ਦ੍ਰਿਸ਼ਟੀ ਨੂੰ ਪਰਖਣ ਲਈ ਆਪ ਗੋਲੀਆਂ ਵਾਲੇ ਕੱਪੜੇ ਪਾ ਲਏ ਤੇ ਉਨ੍ਹਾਂ ਵਿਚ ਬੈਠ ਗਈ। ਗੁਰੂ ਜੀ ਨੇ ਆਪਣੀ ਛੜੀ ਰਾਣੀ ਦੇ ਸਿਰ ‘ਤੇ ਰੱਖ ਕੇ ਚਿਹਰੇ ਵਲ ਗਹੁ ਨਾਲ ਵੇਖਿਆ ਤੇ ਕਿਹਾ ਕਿ ਇਹ ਹੈ ਪਟਰਾਣੀ। ਗੁਰੂ ਜੀ ਨੇ ਰਾਜੇ ਤੇ ਰਾਣੀ ਦੇ ਮਨੋਰਥ ਪੂਰੇ ਕਰ ਦਿੱਤੇ। ਰਾਜਾ ਜੈ ਚੰਦ ਬਾਲ ਗੁਰੂ ਦੀ ਆਤਮਿਕ ਉਚਤਾ ਤੋਂ ਬਹੁਤ ਪ੍ਰਭਾਵਿਤ ਹੋਇਆ। ਉਸ ਨੇ ਇਹੋ ਪ੍ਰਭਾਵ ਔਰੰਗਜ਼ੇਬ ਨੂੰ ਜਾ ਕੇ ਦੱਸਿਆ।
ਔਰੰਗਜ਼ੇਬ ਨੇ ਦਰਸ਼ਨਾਂ ਲਈ ਇੱਛਾ ਪ੍ਰਗਟ ਕੀਤੀ। ਆਪ ਜੀ ਨੇ ਆਪਣੇ ਪਿਤਾ ਵਲੋਂ ਦਿੱਤੇ ਆਦੇਸ਼ ਅਨੁਸਾਰ ‘ਨਹਿ ਮਲੇਛ ਕੋ ਦਰਸਨ ਦੇਹੈਂ’ ਕਹਿ ਕੇ ਦਰਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਇੱਕ ਸਬਦ ਲਿੱਖ ਕੇ ਭੇਜ ਦਿੱਤਾ ‘ਕਿਆ ਖਾਧੇ ਕਿਆ ਪੈਧੇ ਹੋਇ, ਜਾ ਮਨਿ ਨਾਹੀ ਸਚਾ ਸੋਇ॥” ਔਰੰਗਜੇਬ ਨੇ ਆਪਣੇ ਪੁੱਤਰ ਸਹਿਜਾਦਾ ਮੁਅੱਜ਼ਮ ਨੂੰ ਗੁਰੂ ਜੀ ਕੋਲ ਭੇਜਿਆ। ਗੁਰੂ ਜੀ ਨੇ ਉਸ ਨੂੰ ਆਤਮਿਕ ਉਪਦੇਸ ਦੇ ਕੇ ਨਿਹਾਲ ਕੀਤਾ। ਜਦ ਰਾਮਰਾਏ ਨੂੰ ਗੱਦੀ ਨਾ ਦਿੱਤੇ ਜਾਣ ਦੀ ਗੱਲ ਤੁਰੀ ਤਾਂ ਗੁਰੂ ਜੀ ਨੇ ਸਪੱਸ਼ਟ ਕੀਤਾ ਕਿ ਗੁਰਗੱਦੀ ਵਿਰਾਸਤ ਜਾਂ ਜੱਦੀ ਮਲਕੀਅਤ ਨਹੀਂ। ਰਾਮਰਾਏ ਨੇ ਗੁਰਬਾਣੀ ਦੀ ਤੁਕ ਬਦਲੀ, ਇਸ ਤੇ ਪਿਤਾ ਗੁਰੂ ਜੀ ਨੇ ਉਸ ਨੂੰ ਤਿਆਗ ਦਿੱਤਾ। ਇਸ ਲਈ ਉਸ ਦਾ ਗੁਰਗੱਦੀ ਬਾਰੇ ਦਾਅਵਾ ਝੂਠਾ ਹੈ। ਸਹਿਜਾਦਾ ਮੁਅੱਜ਼ਮ ਤੋਂ ਇਹ ਸਪੱਸ਼ਟੀਕਰਨ ਸੁਣ ਕੇ ਔਰੰਗਜੇਬ ਗੁਰੂ ਜੀ ਦੀ ਸਿਆਣਪ ਦਾ ਕਾਇਲ ਹੋ ਗਿਆ।
ਆਪ ਜੀ 3 ਵੈਸਾਖ ਸੰਮਤ 1721 ਮੁਤਾਬਿਕ 30 ਮਾਰਚ 1664 ਈਸਵੀ ਨੂੰ ਜੋਤੀਜੋਤ ਸਮਾ ਗਏ। ਨਾਨਕਸ਼ਾਹੀ ਕੈਲੰਡਰ ਮੁਤਾਬਿਕ ਅੱਜਕੱਲ੍ਹ 3 ਵੈਸਾਖ ਹਰ ਸਾਲ 16 ਅਪ੍ਰੈਲ ਨੂੰ ਆਉਂਦਾ ਹੈ।ਆਪ ਜੀ ਨੇ ਆਪਣੀ ਸੰਸਾਰਿਕ ਯਾਤਰਾ 7 ਸਾਲ 8 ਮਹੀਨੇ 19 ਦਿਨਾਂ ਵਿੱਚ ਸੰਪੂਰਨ ਕੀਤੀ। ਆਪ ਜੀ ਦਾ ਸਸਕਾਰ ਜਮੁਨਾ ਨਦੀ ਦੇ ਕਿਨਾਰੇ ‘ਤੇ ਕੀਤਾ ਗਿਆ, ਜਿਸ ਥਾਂ ‘ਤੇ ਹੁਣ ‘ਬਾਲਾ ਸਾਹਿਬ ਗੁਰਦੁਆਰਾ’ ਹੈ।