Wheat procurement in : ਪੰਜਾਬ ਵਿਚ ਕਣਕ ਦੀ ਖਰੀਦ ਅੱਜ ਤੋਂ ਸ਼ੁਰੂ ਹੋ ਗਈ ਹੈ ਤੇ ਸਰਕਾਰ ਵੱਲੋਂ ਇਸ ਲਈ ਪੁਖਤਾ ਪ੍ਰਬੰਧ ਵੀ ਕੀਤੇ ਗਏ ਹਨ। ਬੀਤੇ ਦਿਨੀਂ ਮੁੱਖ ਮੰਤਰੀ ਤੇ ਆੜ੍ਹਤੀਆਂ ਵਿਚਾਲੇ ਹੋਈ ਮੀਟਿੰਗ ਬੇਸਿੱਟਾ ਰਹੀ ਤੇ ਆੜ੍ਹਤੀਆਂ ਵੱਲੋਂ ਅੱਜ ਤੋਂ ਹੜਤਾਲ ਦਾ ਵੀ ਐਲਾਨ ਕੀਤਾ ਗਿਆ ਹੈ। ਦੂਜੇ ਪਾਸੇ ਪੰਜਾਬ ਵਿਚ ਸਾਰੀਆਂ 154 ਮਾਰਕੀਟ ਕਮੇਟੀਆਂ ਵਿਚ ਕੋਵਿਡ ਟੀਕਾਕਰਨ ਕੈਂਪ ਸਥਾਪਤ ਕੀਤੇ ਗਏ ਹਨ ਤਾਂ ਕਿ ਅਨਾਜ ਮੰਡੀਆਂ ਵਿਚ ਆਉਣ ਵਾਲੇ 45 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਨੂੰ ਕੋਵਿਡ ਤੋਂ ਬਚਾਅ ਦਾ ਟੀਕਾ ਲਗਾਇਆ ਜਾ ਸਕੇ ਤੇ ਇਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਸੂਬੇ ਵਿਚ ਇਸ ਵਾਰ 3920 ਮੰਡੀਆਂ ਬਣਾਈਆਂ ਗਈਆਂ ਹਨ ਜਦੋਂ ਕਿ ਪਹਿਲਾਂ ਇਸ ਦੀ ਗਿਣਤੀ 1872 ਸੀ। ਇਹ ਫੈਸਲਾ ਭੀੜ ਨੂੰ ਘਟਾਉਣ ਦੇ ਮੱਦੇਨਜ਼ਰ ਲਿਆ ਗਿਆ ਹੈ। ਪੰਜਾਬ ਦੇ ਸੱਤ ਜ਼ਿਲ੍ਹਿਆਂ ਸੰਗਰੂਰ, ਮਾਨਸਾ, ਪਟਿਆਲਾ, ਫਤਹਿਗੜ੍ਹ ਸਾਹਿਬ, ਮੁਹਾਲੀ, ਲੁਧਿਆਣਾ ਤੇ ਬਰਨਾਲਾ ’ਚ ਹੁਣ ਤੱਕ 3135 ਮੀਟਰਿਕ ਟਨ ਕਣਕ ਪੁੱਜ ਚੁੱਕੀ ਹੈ। ਸੁਰੱਖਿਆ ਲਈ5600 ਅਧਿਕਾਰੀ ਨੂੰ 10,000 ਦੇ ਲਗਭਗ ਮਾਸਕ ਤੇ ਸੈਨੇਟਾਈਜਰ ਦੀਆਂ ਬੋਤਲਾਂ ਵੀ ਉਪਲਬਧ ਕਰਵਾਈਆਂ ਗਈਆਂ ਹਨ। ਪਿਛਲੇ ਸਾਲ 9 ਅਪਰੈਲ ਤੱਕ 43.89 ਲੱਖ ਮੀਟਰਿਕ ਟਨ ਕਣਕ ਦੀ ਆਮਦ ਹੋਈ ਸੀ। ਐਤਕੀਂ ਕਣਕ ਦੀ ਖਰੀਦ ਦਸ ਦਿਨ ਪਛੜ ਕੇ ਸ਼ੁਰੂ ਹੋ ਰਹੀ ਹੈ, ਜੋ ਕਿ 31 ਮਈ ਤੱਕ ਚੱਲਣੀ ਹੈ।
ਸੁਰੱਖਿਅਤ ਖਰੀਦ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਐਡਵਾਈਜਰੀ ਵੀ ਜਾਰੀ ਕੀਤੀ ਗਈ ਹੈ, ਜਿਸ ਅਧੀਨ ਕਿਹਾ ਗਿਆ ਹੈ ਕਿ ਜਿੰਨਾ ਸੰਭਵ ਹੋ ਸਕੇ ਕਿਸਾਨਾਂ ਨੂੰ ਹੱਥਾਂ ਨਾਲ ਕੰਮ ਕਰਨ ਦੀ ਥਾਂ ‘ਤੇ ਮਸ਼ੀਨਾਂ ਤੋਂ ਕੰਮ ਲੈਣਾ ਚਾਹੀਦਾ ਹੈ ਤੇ ਕਟਾਈ ਸਮੇਂ ਜਿੰਨੇ ਵਿਅਕਤੀਆਂ ਦੀ ਲੋੜ ਹੋਵੇ ਸਿਰਫ ਓਨੇ ਹੀ ਵਿਅਕਤੀ ਲਗਾਏ ਜਾਣੇ ਚਾਹੀਦੇ ਹਨ। ਸਾਰੀਆਂ ਮਸ਼ੀਨਾਂ ਨੂੰ ਸੈਨੇਟਾਈਜ ਕੀਤਾ ਜਾਣਾ ਚਾਹੀਦਾ ਹੈ। ਹਰੇਕ ਨੂੰ ਆਪਣੇ ਮੋਬਾਈਲ ‘ਚ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਕੋਵਾ ਐਪ ਵੀ ਡਾਊਨਲੋਡ ਕਰਨੀ ਚਾਹੀਦੀ ਹੈ ਤੇ ਜੇ ਕਿਸੇ ਵੀ ਕੋਵਿਡ-19 ਦੇ ਲੱਛਣ ਨਜ਼ਰ ਆਉਂਦੇ ਹਨ ਤਾਂ ਉਸ ਨੂੰ ਤੁਰੰਤ ਜਾ ਕੇ ਟੈਸਟ ਕਰਵਾਉਣਾ ਚਾਹੀਦਾ ਹੈ ਤੇ ਬਜਾਏ ਘਬਰਾਉਣ ਦੇ ਇਸਦਾ ਤੁਰੰਤ ਇਲਾਜ ਕਰਵਾਏ ਜਾਣ ਦੀ ਸਲਾਹ ਸਿਹਤ ਵਿਭਾਗ ਵੱਲੋਂ ਦਿੱਤੀ ਜਾ ਰਹੀ ਹੈ।