Mamata reacts to cooch behar violence : ਪੱਛਮੀ ਬੰਗਾਲ ਵਿੱਚ ਵੋਟਿੰਗ ਦੇ ਚੌਥੇ ਪੜਾਅ ਦੌਰਾਨ ਕੂਚ ਬਿਹਾਰ ਵਿੱਚ ਹੋਈ ਹਿੰਸਾ ‘ਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਬੰਗਾਲ ਪੁਲਿਸ ਨੇ ਦਾਅਵਾ ਕੀਤਾ ਕਿ ਹਿੰਸਕ ਝੜਪਾਂ ਵਿੱਚ ਚਾਰ ਲੋਕਾਂ ਦੀ ਜਾਨ ਚਲੀ ਗਈ। ਹੁਣ ਇਸ ਘਟਨਾ ‘ਤੇ ਰਾਜਨੀਤਿਕ ਬਿਆਨਬਾਜ਼ੀ ਵੀ ਸ਼ੁਰੂ ਹੋ ਗਈ ਹੈ। ਬੰਗਾਲ ਦੇ ਮੁੱਖ ਮੰਤਰੀ ਅਤੇ ਟੀਐਮਸੀ ਪ੍ਰਮੁੱਖ ਮਮਤਾ ਬੈਨਰਜੀ ਨੇ ਕੇਂਦਰ ਸਰਕਾਰ ਅਤੇ ਅਮਿਤ ਸ਼ਾਹ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਇਹ ਸ਼ਾਹ ਵੱਲੋਂ ਰਚੀ ਗਈ ਸਾਜਿਸ਼ ਦਾ ਹਿੱਸਾ ਸੀ। ਬੈਨਰਜੀ ਨੇ ਕਿਹਾ, “ਹਾਲਾਂਕਿ, ਮੈਂ ਸਾਰਿਆਂ ਨੂੰ ਸ਼ਾਂਤ ਰਹਿਣ ਅਤੇ ਸ਼ਾਂਤੀ ਨਾਲ ਵੋਟ ਪਾਉਣ ਦੀ ਅਪੀਲ ਕਰਾਂਗੀ। ਉਨ੍ਹਾਂ ਨੂੰ ਹਰਾ ਕੇ ਬਦਲਾ ਲਓ। ਇਨ੍ਹਾਂ ਚੋਣਾਂ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਤਿੰਨ ਸਾਲ ਪਹਿਲਾਂ ਹੋਈਆਂ ਪੰਚਾਇਤੀ ਚੋਣਾਂ ਨਾਲੋਂ ਕਿਤੇ ਵੱਧ ਹੈ।” ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਗੋਲੀਬਾਰੀ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਤੋਂ ਅਸਤੀਫਾ ਮੰਗਿਆ ਹੈ।
ਮਮਤਾ ਬੈਨਰਜੀ ਨੇ ਕਿਹਾ ਕਿ “ਅਸੀਂ ਪਹਿਲਾਂ ਹੀ ਕਹਿ ਰਹੇ ਸੀ ਕਿ ਗ੍ਰਹਿ ਮੰਤਰੀ ਕੇਂਦਰੀ ਬਲਾਂ ਨੂੰ ਪ੍ਰਭਾਵਿਤ ਕਰ ਰਹੇ ਹਨ। ਸਾਡਾ ਡਰ ਸੱਚ ਸਾਬਿਤ ਹੋਇਆ। ਅੱਜ ਉਨ੍ਹਾਂ ਨੇ ਚਾਰ ਲੋਕਾਂ ਨੂੰ ਮਾਰ ਦਿੱਤਾ। ਸੀਆਰਪੀਐਫ ਨੇ ਚਾਰ ਲੋਕਾਂ ਨੂੰ ਮਾਰ ਦਿੱਤਾ। ਇਹ ਲੋਕ ਵੋਟਿੰਗ ਲਾਈਨ ਵਿੱਚ ਖੜੇ ਸਨ। ਭਾਜਪਾ ਚੋਣਾਂ ਹਾਰ ਗਈ ਹੈ, ਇਸ ਲਈ ਇਹ ਲੋਕ ਵੋਟਰਾਂ ਨੂੰ ਮਾਰ ਰਹੇ ਹਨ। ਮੈਂ ਸਾਰਿਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦੀ ਹਾਂ।” ਮਮਤਾ ਨੇ ਅੱਗੇ ਕਿਹਾ ਕਿ ਮਾਰੇ ਗਏ ਲੋਕਾਂ ਦਾ ਕੀ ਕਸੂਰ ਸੀ? ਇਹ ਲੋਕ ਚਾਹੁੰਦੇ ਹਨ ਕਿ ਹਰ ਕੋਈ ਭਾਜਪਾ ਨੂੰ ਵੋਟ ਦੇਵੇ। ਉਨ੍ਹਾਂ ਨੇ ਪੁੱਛਿਆ ਕਿ ਅਮਿਤ ਸ਼ਾਹ ਵੋਟਰਾਂ ਨੂੰ ਧਮਕਾਉਣ ਲਈ ਕੇਂਦਰੀ ਬਲਾਂ ਨੂੰ ਨਿਰਦੇਸ਼ ਕਿਉਂ ਦੇ ਰਹੇ ਹਨ?
ਮੁੱਖ ਮੰਤਰੀ ਨੇ ਕਿਹਾ, “ਬਹੁਤ ਸਾਰੇ ਲੋਕਾਂ ਨੂੰ ਮਾਰਨ ਤੋਂ ਬਾਅਦ, ਉਹ (ਚੋਣ ਕਮਿਸ਼ਨ) ਕਹਿ ਰਹੇ ਹਨ ਕਿ ਸਵੈ-ਰੱਖਿਆ ਵਿੱਚ ਗੋਲੀਬਾਰੀ ਹੋਈ ਸੀ। ਉਨ੍ਹਾਂ ਨੂੰ ਸ਼ਰਮਿੰਦਾ ਹੋਣਾ ਚਾਹੀਦਾ ਹੈ। ਇਹ ਝੂਠ ਹੈ।” ਵਿਸ਼ੇਸ਼ ਪੁਲਿਸ ਅਬਜ਼ਰਵਰ ਵਿਵੇਕ ਦੂਬੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਮਮਤਾ ਬੈਨਰਜੀ ਨੇ ਕਿਹਾ, ਵਿਵੇਕ ਦੂਬੇ ਤੁਸੀਂ ਕੌਣ ਹੋ? ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਮਮਤਾ ਨੇ ਕਿਹਾ ਕਿ ਵਿਵੇਕ ਦੂਬੇ ਵਰਗੇ ਸੇਵਾਮੁਕਤ ਅਧਿਕਾਰੀ ਨੂੰ ਕਿਉਂ ਚੋਣ ਡਿਊਟੀ ‘ਤੇ ਲਗਾਇਆ ਗਿਆ ਹੈ ਜਦਕਿ ਬੰਗਾਲ ਦੇ ਸੇਵਾਮੁਕਤ ਅਧਿਕਾਰੀਆਂ ਨੂੰ ਵੱਖਰਾ ਰੱਖਿਆ ਗਿਆ ਹੈ।