Impressed by Bhai : ਭਾਈ ਸ਼ੀਆਂ ਜੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਹੋਏ ਹਨ। ਬੜੇ ਹੀ ਸਿਦਕੀ ਸਿੱਖ ਸਨ। ਇਨ੍ਹਾਂ ਤੋਂ ਹੀ ਭਾਈ ਲਹਿਣਾ ਜੀ ਨੂੰ ਪ੍ਰੇਰਨਾ ਮਿਲੀ ਤੇ ਗੁਰੂ ਨਾਨਕ ਦੇਵ ਜੀ ਦੀ ਸੰਗਤ ਕਰਕੇ ਗੁਰੂ ਅੰਗਦ ਦੇਵ ਜੀ ਬਣੇ। ਭਾਈ ਸ਼ੀਆਂ ਜੀ ਇੱਕ ਗਰੀਬ ਤੇ ਕਿਰਤੀ ਸਿੱਖ ਸਨ। ਜਿਹੜੇ ਕਿ ਲੱਕੜਾਂ ਵੱਢ ਕੇ ਗੁਜ਼ਾਰਾ ਕਰਦੇ ਸਨ। ਸਮਾਂ ਐਸਾ ਆਇਆ ਕਿ ਕਈ ਦਿਨਾਂ ਬਾਅਦ ਰੋਜ਼ਗਾਰ ਮਿਲਿਆ। ਥੋੜ੍ਹੇ ਬਹੁਤ ਪੈਸੇ ਬਣੇ ਜਿਨ੍ਹਾਂ ਨੂੰ ਲੈ ਕੇ ਭਾਈ ਸ਼ੀਆਂ ਜੀ ਭਾਈ ਲਹਿਣਾ ਜੀ ਜਿਨ੍ਹਾਂ ਦੀ ਪਿੰਡ ਵਿਚ ਕਰਿਆਨੇ ਦੀ ਹੱਟੀ ਸੀ ਕੋਲ ਗਏ ਭਾਈ ਲਹਿਣਾ ਜੀ ਦਾ ਸੁਭਾਅ ਸੀ ਜੇ ਕੋਈ ਦੁਕਾਨ ਤੇ ਗਰੀਬ ਜਾਂ ਲੋੜਵੰਦ ਆ ਜਾਂਦਾ ਤਾਂ ਉਸ ਨੂੰ ਆਪਣੇ ਕੋਲੋਂ ਕੁਝ ਰਾਸ਼ਨ ਪਾ ਦਿੰਦੇ। ਜਦ ਭਾਈ ਸ਼ੀਆਂ ਜੀ ਭਾਈ ਲਹਿਣਾ ਜੀ ਦੀ ਦੁਕਾਨ ‘ਤੇ ਪਹੁੰਚੇ ਤੇ ਭਾਈ ਸ਼ੀਆਂ ਜੀ ਨੇ ਜੋ ਥੋੜ੍ਹੇ ਬਹੁਤ ਪੈਸੇ ਬਣੇ ਸਨ ਭਾਈ ਲਹਿਣਾ ਜੀ ਨੂੰ ਦਿਤੇ ਤੇ ਕਿਹਾ ਕਿ ਭਾਈ ਜੀ ਇਨ੍ਹਾਂ ਦੀ ਦਾਲ ਤੇ ਕੁਝ ਆਟਾ ਦੇ ਦੇਵੋ। ਭਾਈ ਲਹਿਣਾ ਜੀ ਨੇ ਸੋਚਿਆ ਇਨੇ ਥੋੜ੍ਹੇ ਪੈਸਿਆਂ ਨਾਲ ਕੀ ਆਉਣਾ ਤੇ ਭਾਈ ਲਹਿਣਾ ਜੀ ਨੇ ਥੋੜ੍ਹਾ ਆਟਾ ਦੋ ਬੁੱਕਾਂ ਆਪਣੇ ਕੋਲੋਂ ਪਾ ਦਿਂਤੀਆਂ ਤੇ ਦਸ ਦਿੱਤਾ ਕਿ ਭਾਈ ਤੇਰੇ ਪੈਸੇ ਬਹੁਤ ਥੋੜ੍ਹੇ ਸਨ। ਇਸ ਲਈ ਮੈਂ ਆਪਣੇ ਕੋਲੋਂ ਕੁਝ ਰਾਸ਼ਨ ਪਾ ਦਿੱਤਾ ਹੈ। ਇਹ ਸੁਣ ਕੇ ਭਾਈ ਸ਼ੀਆਂ ਜੀ ਨੇ ਕਿਹਾ ਕਿ ਭਾਈ ਮੇਰੇ ਗੁਰੂ ਦਾ ਹੁਕਮ ਹੈ ਕਿ ਸਿਦਕ ਵਿੱਚ ਰਹਿਣਾ ਜੋ ਪ੍ਰਮਾਤਮਾ ਨੇ ਬਖਸ਼ਿਆ ਹੈ ਉਸ ਦਾ ਹੁਕਮ ਮਨ ਕੇ ਰਜ਼ਾ ਵਿਚ ਰਹਿਣਾ ਇਸ ਲਈ ਭਾਈ ਤੂੰ ਆਪਣਾ ਵੱਧ ਪਾਇਆ ਆਟਾ ਕਢ ਲੈ ਨਹੀਂ ਤੂੰ ਪੈਸੇ ਵੀ ਰੱਖ ਤੇ ਮੈਂ ਤੇਰੇ ਤੋਂ ਰਾਸ਼ਨ ਹੀ ਨਹੀਂ ਲੈਂਦਾ।
ਭਾਈ ਲਹਿਣਾ ਜੀ ਨੇ ਮਜ਼ਬੂਰਨ ਵਧ ਪਾਇਆ ਆਟਾ ਕੱਢ ਲਿਆ ਤੇ ਭਾਈ ਸ਼ੀਆਂ ਜੀ ਦੇ ਪਿੱਛੇ ਪਿੱਛੇ ਦੁਕਾਨ ਵਧਾ ਕੇ ਚਲ ਪਏ ਕਿ ਦੇਖਾਂ ਤਾਂ ਸਹੀ ਏਨੇ ਕੁ ਰਾਸ਼ਨ ਦਾ ਇਹ ਕਰਦਾ ਕੀ ਹੈ। ਜਦ ਭਾਈ ਸ਼ੀਆਂ ਜੀ ਘਰ ਪਹੁੰਚੇ ਤਾਂ ਆਵਾਜ਼ ਦਿੱਤੀ ਓ ਭਾਗਵਾਨੇ ਆ ਦੇਖ ਅੱਜ ਗੁਰੂ ਨੇ ਕਿੰਨੇ ਦਿਨਾਂ ਬਾਅਦ ਕਿਰਪਾ ਕਰਕੇ ਰਿਜ਼ਕ ਬਖਸ਼ਿਆ ਹੈ ਲੈ ਪਕਾ ਤੇ ਖਾਈਏ। ਅਗੋਂ ਭਾਈ ਸ਼ੀਆਂ ਜੀ ਦੀ ਘਰਵਾਲੀ ਵੀ ਗੁਰੂ ਦੇ ਰੰਗ ਵਿਚ ਰੰਗੀ ਹੋਈ ਸੀ ਉਸਨੇ ਥੋੜਾ ਜਿਹਾ ਰਾਸ਼ਨ ਦੇਖ ਕੇ ਇਹ ਨਹੀਂ ਕਿਹਾ ਕਿ ਏਨੇ ਕੁ ਨੂੰ ਮੈਂ ਸਿਰ ਵਿਚ ਮਾਰਾਂ ਨਹੀਂ ਉਸ ਨੇ ਵੀ ਭਲਾ ਕੀਤਾ ਤੇ ਗੁਰੂ ਦਾ ਸ਼ੁਕਰ ਕਰਦੇ ਕਰਦੇ ਪ੍ਰਸ਼ਾਦਾ ਤਿਆਰ ਕੀਤਾ ਜਿਨ੍ਹਾਂ ਕੂ ਆਟਾ ਸੀ ਉਸ ਨਾਲ ਗਿਣਤੀ ਦੇ ਤਿੰਨ ਪ੍ਰਸ਼ਾਦੇ ਤਿਆਰ ਹੋਏ।
ਦੋਨੋਂ ਜੀਅ ਆਪਸ ਵਿਚ ਲੜ ਪਏ। ਲੜਾਈ ਦੋਨਾਂ ਜੀਆਂ ਚ ਆਪਣੇ ਵਾਲੀ ਨਹੀਂ ਹੋਈ ਸਗੋਂ ਇਹ ਹੋਈ ਕਿ ਪਤਨੀ ਕਹੇ ਕਿ ਸਾਂਈ ਜੀ ਤੁਸੀਂ ਬਾਹਰ ਕੰਮ ਕਰਦੇ ਹੋ ਤੁਸੀਂ ਦੋ ਪ੍ਰਸ਼ਾਦੇ ਛਕੋ ਮੈਂ ਇਕ ਛਕ ਲਵਾਂਗੀ ਤੇ ਭਾਈ ਜੀ ਕਹਿਣ ਭਾਗਵਾਨੇ ਤੂੰ ਬੱਚੇ ਨੂੰ ਦੁੱਧ ਪਿਆਉਣਾ ਹੈ ਤੂੰ ਦੋ ਛਕ ਮੈਂ ਇਕ ਛਕ ਲਵਾਂਗਾ। ਭਾਈ ਲਹਿਣਾ ਜੀ ਬਾਹਰ ਲੁਕ ਕੇ ਖੜੇ ਸਭ ਕੁਝ ਦੇਖ ਰਹੇ ਸਨ। ਕਿ ਇਨ੍ਹਾਂ ਸਿਦਕ ਇਨੇ ਨੂੰ ਇੱਕ ਜੋਗੀ ਆਇਆ ਉਸ ਨੇ ਅਲਖ ਜਗਾਇਆ ਤੇ ਆਵਾਜ਼ ਦਿੱਤੀ ਇਗ ਜੋਗੀ ਸਾਰੇ ਪਿੰਡਾਂ ‘ਚੋਂ ਮੰਗ ਕੇ ਆਇਆ ਸੀ ਪਰ ਕਿਸੇ ਨੇ ਖੈਰ ਨਹੀਂ ਸੀ ਪਾਈ। ਹੁਣ ਪੁਛ ਪੁਛਾ ਕੇ ਭਾਈ ਸ਼ੀਆਂ ਜੀ ਦੇ ਘਰ ਪੁੱਜਾ ਸੀ। ਭਾਈ ਸ਼ੀਆਂ ਜੀ ਨੇ ਬੜੇ ਸਤਿਕਾਰ ਨਾਲ ਜੋਗੀ ਜੀ ਨੂੰ ਅੰਦਰ ਬੁਲਾਇਆ ਹੱਥ ਪੈਰ ਧੁਵਾਏ ਤੇ ਪ੍ਰਸ਼ਾਦਾ ਛਕਣ ਨੂੰ ਦਿੱਤਾ। ਭਾਈ ਸ਼ੀਆਂ ਜੀ ਖੁਸ਼ ਹੋ ਗਏ ਤੇ ਕਹਿਣ ਲੱਗੇ ਦੇਖ ਭਾਗਵਾਨੇ ਆਪਾਂ ਲੜਦੇ ਸਾਂ ਗੁਰੂ ਸਾਹਿਬ ਨੇ ਆਪਣੀ ਲੜਾਈ ਨੂੰ ਮੇਟਣ ਲਈ ਇਕ ਪਿਆਰਾ ਹੋਰ ਭੇਜ ਦਿੱਤਾ ਹੁਣ ਅਸੀਂ ਤਿੰਨੇ ਇੱਕ ਇੱਕ ਪ੍ਰਸ਼ਾਦਾ ਛਕ ਲਵਾਂਗੇ ਜੋਗੀ ਬਹੁਤ ਦਿਨਾਂ ਦਾ ਭੁੱਖਾ ਸੀ ਉਸ ਨੇ ਇਕ ਪ੍ਰਸ਼ਾਦਾ ਛਕ ਕੇ ਇਕ ਹੋਰ ਮੰਗ ਲਿਆ। ਭਾਈ ਸ਼ੀਆਂ ਜੀ ਨੇ ਖੁਸ਼ੀ ਖੁਸ਼ੀ ਉਸ ਨੂੰ ਦੂਸਰਾ ਪ੍ਰਸ਼ਾਦਾ ਦਿੱਤਾ ਤੇ ਆਪ ਦੋਨਾਂ ਜੀਆਂ ਨੇ ਇਕ ਪ੍ਰਸ਼ਾਦਾ ਅੱਧਾ ਅੱਧਾ ਕਰਕੇ ਛਕ ਲਿਆ। ਇਹ ਦੇਖ ਕੇ ਭਾਈ ਲਹਿਣਾ ਜੀ ਦੀਆਂ ਅੱਖਾਂ ਚੋਂ ਹੰਝੂ ਵਗ ਤੁਰੇ ਤੇ ਭਾਈ ਸ਼ੀਆਂ ਜੀ ਦੇ ਪੈਰ ਫੜ ਲਏ ਕਿ ਮੈਨੂੰ ਵੀ ਦਸ ਕੌਣ ਆ ਤੇਰਾ ਗੁਰੂ ਜਿਸ ਨੇ ਤੇਰੇ ਵਿਚ ਏਨਾ ਸਿਦਕ ਭਰ ਦਿਤਾ ਮੈਨੂੰ ਵੀ ਉਸ ਕੋਲ ਲੈ ਚਲ।ਭਾਈ ਸ਼ੀਆਂ ਜੀ ਦੇ ਜੀਵਣ ਤੋਂ ਹੀ ਪ੍ਰਭਾਵਿਤ ਹੋਕੇ ਭਾਈ ਲਹਿਣਾ ਜੀ ਗੁਰੂ ਨਾਨਕ ਦੇਵ ਜੀ ਦੀ ਸੰਗਤ ਵਿਚ ਗਏ ਤੇ ਗੁਰੂ ਅੰਗਦ ਦੇਵ ਜੀ ਬਣੇ। ਇਹ ਸੀ ਸਿੱਖੀ ਦਾ ਪ੍ਰਚਾਰ ਸਿੱਖ ਦਾ ਜੀਵਨ ਹੀ ਸਿੱਖੀ ਦਾ ਅਸਲੀ ਪ੍ਰਚਾਰ ਹੈ।