Granddaughter kills grandmother : ਹੁਸ਼ਿਆਰਪੁਰ ਸ਼ਹਿਰ ‘ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਹੁਸ਼ਿਆਰਪੁਰ ਦੇ ਥਾਣਾ ਹਰਿਆਣਾ ਦੇ ਪਿੰਡ ਬੱਸੀ ਕਾਲੇ ਖਾਂ ਵਿੱਚ ਇੱਕ ਨਾਬਾਲਗ ਬੱਚੇ ਨੇ ਆਪਣੀ ਦਾਦੀ ਦੀ ਹੱਤਿਆ ਕਰ ਦਿੱਤੀ ਹੈ। ਉਸ ਨੇ ਉਸ ਦੇ ਸਿਰ ਵਿੱਚ ਰਾਡ ਮਾਰ ਕੇ ਕਤਲ ਕਰ ਦਿੱਤਾ। ਇੰਨਾ ਹੀ ਨਹੀਂ ਮੁਲਜ਼ਮ ਨੇ ਕਤਲ ਦੇ ਸਾਰੇ ਸਬੂਤ ਮਿਟਾਉਣ ਦੇ ਇਰਾਦੇ ਨਾਲ ਲਾਸ਼ ਨੂੰ ਅੱਗ ਲਾ ਦਿੱਤੀ। ਪੁਲਿਸ ਨੇ ਕਤਲ ਵਿੱਚ ਵਰਤੀ ਗਈ ਰਾਡ ਨੂੰ ਕਬਜ਼ੇ ਵਿੱਚ ਲੈ ਕੇ ਦੋਸ਼ੀ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੁਆਰਾ ਕੀਤੀ ਮੁਢਲੀ ਜਾਂਚ ਵਿਚ ਸਾਹਮਣੇ ਆਇਆ ਕਿ ਨਾਬਾਲਗ ਦੀ ਦਾਦੀ ਬੀਮਾਰੀ ਕਾਰਨ ਪਿਛਲੇ ਕੁਝ ਮਹੀਨਿਆਂ ਤੋਂ ਬਿਸਤਰੇ ‘ਤੇ ਸੀ। ਉਹ ਉਸ ਨੂੰ ਪੜ੍ਹਾਈ ਲਈ ਕਹਿੰਦੀ ਸੀ। ਇਸ ਤੋਂ ਤੰਗ ਆ ਕੇ ਉਸਨੇ ਟੀ. ਵੀ. ‘ਤੇ ਕ੍ਰਾਈਮ ਸੀਰੀਅਲ ਦੇਖ ਕੇ ਕਤਲ ਕਰਨ ਦੀ ਯੋਜਨਾ ਬਣਾਈ ਸੀ।
ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਜੀਤ ਸਿੰਘ ਵਾਸੀ ਪਿੰਡ ਬੱਸੀ ਕਾਲੇ ਖਾਂ ਥਾਣਾ ਹਰਿਆਣਾ ਵਲੋਂ ਬਿਆਨ ਦਿੱਤਾ ਗਿਆ ਸੀ ਕਿ ਉਸਦੀ ਮਾਤਾ ਜੋਗਿੰਦਰ ਕੌਰ ਕਰੀਬ ਸਾਢੇ ਤਿੰਨ ਮਹੀਨੇ ਤੋਂ ਸੱਜੀ ਲੱਤ ਦੀ ਹੱਡੀ ਟੁੱਟਣ ਕਾਰਨ ਬੈਡ ‘ਤੇ ਹੀ ਸਨ। ਹਰਜੀਤ ਸਿੰਘ ਨੇ ਦੱਸਿਆ ਕਿ 12 ਅਪ੍ਰੈਲ ਨੂੰ ਉਸਦੇ ਵਿਆਹ ਦੀ ਵਰ੍ਹੇਗੰਢ ਹੋਣ ਕਾਰਨ ਉਹ ਆਪਣੀ ਪਤਨੀ ਜਸਪਾਲ ਕੌਰ ਨਾਲ ਦੁਪਹਿਰ ਦੇ ਕਰੀਬ 2 ਵਜੇ ਸਕੂਟਰ ‘ਤੇ ਖਰੀਦਦਾਰੀ ਲਈ ਹਰਿਆਣਾ ਵਿਖੇ ਗਿਆ ਸੀ ਅਤੇ ਜਦੋਂ ਉਹ ਵਾਪਿਸ ਪਿੰਡ ਨੂੰ ਆ ਰਹੇ ਸਨ ਤਾਂ ਰਸਤੇ ਵਿੱਚ ਉਸਦੇ ਬੇਟੇ ਜੁਵਰਾਜ ਸਿੰਘ ਨੇ ਫੋਨ ਕਰਕੇ ਕਿਹਾ ਕਿ ਜਲਦੀ ਘਰ ਆ ਜਾਓ ਘਰ ਵਿੱਚ ਕੁਝ ਬੰਦਿਆਂ ਨੇ ਹਮਲਾ ਕਰ ਦਿੱਤਾ ਹੈ। ਜਦੋਂ ਹਰਜੀਤ ਸਿੰਘ ਤੇ ਉਸਦੀ ਪਤਨੀ ਜਸਪਾਲ ਕੌਰ ਆਪਣੇ ਇਕ ਗੁਆਂਢੀ ਨੂੰ ਨਾਲ ਲੈ ਕੇ ਮੇਨ ਗੇਟ ‘ਤੇ ਪਹੁੰਚੇ ਤਾਂ ਉਹ ਬੰਦ ਪਿਆ ਸੀ ਜਿਸ ‘ਤੇ ਉਨਾਂ ਘਰ ਦੇ ਛੋਟੇ ਗੇਟ ਰਾਹੀਂ ਦਾਖਲ ਹੋ ਕੇ ਅੰਦਰ ਦੇਖਿਆ ਕਿ ਉਨ੍ਹਾਂ ਦੀ ਮਾਤਾ ਦੇ ਕਮਰੇ ਵਿੱਚ ਅਤੇ ਉਸਦੇ ਬੈਡ ਨੂੰ ਅੱਗ ਲੱਗੀ ਹੋਈ ਸੀ। ਦੂਸਰੇ ਕਮਰੇ ਵਿੱਚ ਜੁਵਰਾਜ ਸਿੰਘ ਬੈਡ ਬਾਕਸ ਵਿਚ ਲੰਮਾ ਪਿਆ ਸੀ ਅਤੇ ਬੈਡ ਬਾਕਸ ਦੇ ਸਾਰੇ ਕੱਪੜੇ ਖਿਲਰੇ ਪਏ ਸਨ ਅਤੇ ਉਸ ਦੇ ਹੱਥ ਪੈਰ ਚੁੰਨੀ ਨਾਲ ਬੰਨੇ ਹੋਏ ਸਨ। ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਹਰਜੀਤ ਸਿੰਘ ਦੇ ਬਿਆਨਾਂ ਅਨੁਸਾਰ ਉਨ੍ਹਾਂ ਨੇ ਉਸਦੇ ਹੱਥ ਪੈਰ ਖੋਲੇ ਅਤੇ ਰੌਲਾ ਪੈਣ ‘ਤੇ ਪਿੰਡ ਦੇ ਲੋਕ ਵੀ ਇਕੱਠੇ ਹੋ ਗਏ ਜਿਥੇ ਜੁਵਰਾਜ ਨੇ ਦੱਸਿਆ ਕਿ ਚਾਰ ਜਣੇ ਪੌੜੀਆਂ ਕੋਲੋਂ ਘਰ ਵਿੱਚ ਦਾਖਲ ਹੋਏ ਸਨ ਅਤੇ ਉਸਨੂੰ ਹੱਥ ਪੈਰ ਬੰਨ ਕੇ ਬੈੱਡ ਵਿਚ ਸੁੱਟ ਦਿੱਤਾ ਸੀ ਅਤੇ ਦਾਦੀ ਦੇ ਕਮਰੇ ਤੇ ਉਸਦੇ ਬੈਡ ਨੂੰ ਅੱਗ ਲਗਾ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਜੁਵਰਾਜ ਨੇ ਕਿਹਾ ਕਿ ਅਣਪਛਾਤੇ ਵਿਅਕਤੀਆਂ ਨੇ ਧਮਕੀ ਦਿੱਤੀ ਕਿ ਉਹ ਆਪਣੇ ਪਿਤਾ ਨੂੰ ਕਹੇ ਕਿ ਕੇਸ ਵਾਪਸ ਲੈ ਲਵੋ ਨਹੀਂ ਤਾਂ ਸਾਰਾ ਟੱਬਰ ਮਾਰ ਦਿੱਤਾ ਜਾਵੇਗਾ। ਅੱਗ ਦੌਰਾਨ ਬਜੁਰਗ ਦਾ ਸਰੀਰ ਬੁਰੀ ਤਰ੍ਹਾਂ ਸੜ ਗਿਆ ਸੀ ਅਤੇ ਉਸਦੇ ਮੱਥੇ ਦੇ ਸੱਜੇ ਪਾਸੇ ਡੂੰਘੇ ਜਖਮ ਦਾ ਨਿਸ਼ਾਨ ਸੀ। ਪੁਲਿਸ ਵਲੋਂ ਹਰਜੀਤ ਸਿੰਘ ਦੇ ਬਿਆਨਾਂ ‘ਤੇ ਥਾਣਾ ਹਰਿਆਣਾ ਵਿਖੇ ਆਈ.ਪੀ.ਸੀ. ਦੀ ਧਾਰਾ 302/201/34 ਤਹਿਤ ਮਾਮਲਾ ਦਰਜ ਕੀਤਾ ਗਿਆ।
ਜਿਲਾ ਪੁਲਿਸ ਮੁਖੀ ਨੇ ਦੱਸਿਆ ਕਿ ਮਾਮਲੇ ਨੂੰ ਸੁਲਝਾਉਣ ਲਈ ਐਸ.ਪੀ. (ਡੀ) ਰਵਿੰਦਰ ਪਾਲ ਸਿੰਘ ਸੰਧੂ, ਡੀ. ਐਸ. ਪੀ. (ਦਿਹਾਤੀ) ਗੁਰਪ੍ਰੀਤ ਸਿੰਘ ਅਤੇ ਥਾਣਾ ਹਰਿਆਣਾ ਦੇ ਇੰਸਪੈਕਟਰ ਹਰਗੁਰਦੇਵ ਸਿੰਘ ‘ਤੇ ਅਧਾਰਤ ਟੀਮ ਬਣਾਈ ਗਈ ਜਿਸ ਨੇ ਬਹੁਤ ਹੀ ਬਾਰੀਕੀ ਨਾਲ ਜਾਂਚ ਕਰਦਿਆਂ ਅਤੇ ਹਾਲਾਤਾਂ ਨੂੰ ਦੇਖਦੇ ਹੋਏ ਸ਼ੱਕ ਦੇ ਆਧਾਰ ‘ਤੇ ਜੁਵਰਾਜ ਸਿੰਘ ਤੋਂ ਪੁੱਛਗਿੱਛ ਕੀਤੀ ਤਾਂ ਇਹ ਪਾਇਆ ਗਿਆ ਕਿ ਇਹ ਕਤਲ ਸੋਚੀ ਸਮਝੀ ਸਾਜਿਸ਼ ਤਹਿਤ ਜੁਵਰਾਜ ਸਿੰਘ ਵਲੋਂ ਹੀ ਕੀਤਾ ਗਿਆ ਸੀ। ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਟੀਮ ਵਲੋਂ ਪੁੱਛਗਿੱਛ ਦੌਰਾਨ ਜੁਵਰਾਜ ਨੇ ਦੱਸਿਆ ਕਿ ਉਹ ਆਪਣੀ ਦਾਦੀ ਕੋਲੋਂ ਬਹੁਤ ਦੁਖੀ ਸੀ ਅਤੇ ਉਸਦੇ ਕਤਲ ਬਾਰੇ ਸੋਚਦਾ ਰਹਿੰਦਾ ਸੀ। ਉਸਨੇ ਹੀ 12 ਅਪ੍ਰੈਲ ਨੂੰ ਦਾਦੀ ਦੇ ਸਿਰ ਵਿਚ ਲੋਹੇ ਦੀ ਰਾਡ ਨਾਲ ਸੱਟਾਂ ਮਾਰ ਕੇ ਕਤਲ ਕਰਨ ਉਪਰੰਤ ਤੇਲ ਪਾ ਕੇ ਅੱਗ ਲਾ ਦਿਤੀ ਅਤੇ ਇਹ ਸਾਰੀ ਕਹਾਣੀ ਘੜ ਲਈ ਜਿਸ ਉਪਰੰਤ ਆਪਣੇ ਮਾਤਾ-ਪਿਤਾ ਨੂੰ ਫੋਨ ਕਰਕੇ ਘਰ ਵਿਚ ਹਮਲਾ ਹੋਣ ਬਾਰੇ ਜਾਣਕਾਰੀ ਦਿੱਤੀ। ਜਿਕਰਯੋਗ ਹੈ ਕਿ ਪੁਲਿਸ ਨੇ ਦੋਸ਼ੀ ਵਲੋਂ ਵਾਰਦਾਤ ਵਿਚ ਵਰਤੀ ਗਈ ਰਾਡ, ਤੇਲ ਦੀ ਕੈਨੀ ਅਤੇ ਬੋਤਲ ਆਦਿ ਬਰਾਮਦ ਕਰ ਲਈ ਹੈ।