Woman accuses Prince : ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਅੱਜ ਬਹੁਤ ਹੀ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ ਜਿਥੇ ਇੱਕ ਮਹਿਲਾ ਨੇ ਇੰਗਲੈਂਡ ਦੇ ਪ੍ਰਿੰਸ ਹੈਰੀ ‘ਤੇ ਵਿਆਹ ਤੋਂ ਮੁਕਰਨ ਦਾ ਦੋਸ਼ ਲਗਾਇਆ ਗਿਆ ਹੈ। ਉਸ ਦਾ ਕਹਿਣਾ ਹੈ ਕਿ ਪ੍ਰਿੰਸ ਹੈਰੀ ਨੇ ਉਸ ਨਾਲ ਵਿਆਹ ਕਰਵਾਉਣ ਦਾ ਵਾਅਦਾ ਕੀਤਾ ਹੈ ਤੇ ਹੁਣ ਉਹ ਆਪਣੇ ਵਾਅਦੇ ਤੋਂ ਮੁਕਰ ਰਿਹਾ ਹੈ। ਇਸ ਲਈ ਉਸ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਜਾਣੇ ਚਾਹੀਦੇ ਹਨ।
ਜੱਜ ਨੇ ਮਹਿਲਾ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਜਿਸ ‘ਚ ਉਸ ਨੇ ਕਿਹਾ ਸੀ ਕਿ ਪ੍ਰਿੰਸ ਹੈਰੀ ਨੇ ਉਸ ਨਾਲ ਵਿਆਹ ਦਾ ਵਾਅਦਾ ਕੀਤਾ ਸੀ। ਅਦਾਲਤ ਨੇ ਇਸ ਨੂੰ ‘ਦਿਨ ‘ਚ ਸੁਪਨੇ ਦੇਖਣਾ’ ਦੱਸਿਆ ਹੈ। ਮਹਿਲਾ ਨੇ ਇਹ ਵੀ ਕਿਹਾ ਕਿ ਉਸ ਨੇ ਸੋਸ਼ਲ ਮੀਡੀਆ ‘ਤੇ ਪ੍ਰਿੰਸ ਹੈਰੀ ਨਾਲ ਹੀ ਗੱਲ ਕੀਤੀ ਸੀ ਜਿਸ ‘ਤੇ ਜੱਜ ਨੇ ਕਿਹਾ ਕਿ ਹੋ ਸਕਦਾ ਹੈ ਕਿ ਪ੍ਰਿੰਸ ਹੈਰੀ ਪੰਜਾਬ ਦੇ ਇੱਕ ਪਿੰਡ ਵਿੱਚ ਇੱਕ ਸਾਈਬਰ ਕੈਫੇ ਵਿੱਚ ਬੈਠਾ ਹੋਵੇ ਤੇ ਉਸ ਨਾਲ ਗੱਲ ਕਰ ਰਿਹਾ ਹੋਵੇ। ਇਸ ਦੇ ਨਾਲ ਹੀ ਅਦਾਲਤ ਨੇ ਆਪਣੇ ਹੁਕਮ ਵਿੱਚ ਲਿਖਿਆ ਕਿ ਮਹਿਲਾ ਵਕੀਲ ਵੱਲੋਂ ਪ੍ਰਿੰਸ ਹੈਰੀ ਨਾਲ ਗੱਲਬਾਤ ਲਈ ਦਿੱਤੇ ਗਏ ਸਬੂਤ ਝੂਠੇ ਹਨ। ਵੱਖ-ਵੱਖ ਸੋਸ਼ਲ ਮੀਡੀਆ ‘ਤੇ ਜਾਅਲੀ ਆਈ.ਡੀ. ਬਣਾ ਕੇ ਗੱਲ ਕੀਤੀ ਗਈ। ਮਹਿਲਾ ਵਕੀਲ ਦੀ ਪਟੀਸ਼ਨ ‘ਤੇ ਜਵਾਬ ਦਿੰਦਿਆਂ ਹਾਈਕੋਰਟ ਨੇ ਕਿਹਾ ਕਿ ਇਹ ਸਭ ਸਿਰਫ ਸੁਪਨਿਆਂ ਦੀ ਦੁਨੀਆਂ ਵਿਚ ਰਹਿ ਕੇ ਕੀਤਾ ਜਾ ਸਕਦਾ ਹੈ। ਇਸ ਲਈ, ਪਟੀਸ਼ਨ ਸੁਣਨਯੋਗ ਨਹੀਂ ਹੈ ਅਤੇ ਇਸ ਨੂੰ ਰੱਦ ਕੀਤਾ ਜਾਂਦਾ ਹੈ।