Happy Ambedkar Jayanti 2021: ਡਾਕਟਰ ਭੀਮਰਾਓ ਅੰਬੇਡਕਰ ਦਾ ਜਨਮ 14 ਅਪ੍ਰੈਲ 1891 ਨੂੰ ਹੋਇਆ ਸੀ। ਉਹ ਆਜ਼ਾਦ ਭਾਰਤ ਦਾ ਪਹਿਲਾ ਕਾਨੂੰਨ ਅਤੇ ਨਿਆਂ ਮੰਤਰੀ, ਭਾਰਤੀ ਸੰਵਿਧਾਨ ਦਾ ਨਿਰਮਾਤਾ ਅਤੇ ਭਾਰਤ ਗਣਤੰਤਰ ਦਾ ਮੋਢੀ ਪਿਤਾ ਸੀ। ਭਾਰਤ ਅਤੇ ਹੋਰ ਥਾਵਾਂ ਤੇ ਉਨ੍ਹਾਂ ਨੂੰ ਅਕਸਰ ਬਾਬਾ ਸਾਹਿਬ, ਮਰਾਠੀ ਅਤੇ ਹਿੰਦੀ ‘ਚ ਯਾਨੀ “ਆਦਰਯੋਗ ਪਿਤਾ” ਕਹਿੰਦੇ ਸਨ। ਬਾਬਾ ਸਾਹਿਬ ਅੰਬੇਡਕਰ ਨੇ ਕੋਲੰਬੀਆ ਯੂਨੀਵਰਸਿਟੀ ਅਤੇ ਲੰਡਨ ਸਕੂਲ ਆਫ਼ ਇਕਨਾਮਿਕਸ ਵਿੱਚੋਂ ਅਰਥ ਸ਼ਾਸਤਰ ‘ਚ ਡਾਕਟਰੇਟ ਪ੍ਰਾਪਤ ਕੀਤੀ ਅਤੇ ਕਾਨੂੰਨ, ਅਰਥ ਸ਼ਾਸਤਰ ਅਤੇ ਰਾਜਨੀਤਕ ਵਿਗਿਆਨ ਵਿੱਚ ਖੋਜ ਲਈ ਇੱਕ ਵਿਦਵਾਨ ਦੇ ਰੂਪ ਵਿੱਚ ਪ੍ਰਸਿੱਧੀ ਹਾਸਲ ਕੀਤੀ ਸੀ। ਆਪਣੇ ਸ਼ੁਰੂਆਤੀ ਕਰੀਅਰ ਵਿੱਚ ਉਹ ਇੱਕ ਅਰਥਸ਼ਾਸਤਰੀ, ਪ੍ਰੋਫੈਸਰ ਅਤੇ ਵਕੀਲ ਸਨ।
1990 ਵਿੱਚ ਬਾਬਾ ਸਾਹਿਬ ਅੰਬੇਡਕਰ ਨੂੰ ਮਰਨ ਉਪਰੰਤ ਭਾਰਤ ਦਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ਭਾਰਤ ਰਤਨ ਦਿੱਤਾ ਗਿਆ। ਅੰਬੇਡਕਰ ਦੀ ਵਿਰਾਸਤ ਵਿੱਚ ਪ੍ਰਸਿੱਧ ਸਭਿਆਚਾਰ ਵਿੱਚ ਕਈ ਯਾਦਗਾਰਾਂ ਅਤੇ ਸਮਾਰਕ ਸ਼ਾਮਲ ਹਨ। ਅੰਬੇਡਕਰ ਦਾ ਜਨਮ 14 ਅਪ੍ਰੈਲ 1891 ਨੂੰ ਮੱਧ ਪ੍ਰਦੇਸ਼ ਦੇ ਡਾ ਅੰਬੇਦਕਰ ਨਗਰ ਦੀ ਫੌਜੀ ਛਾਉਣੀ ਵਿੱਚ ਹੋਇਆ ਸੀ। ਉਹ ਰਾਮਜੀ ਮਾਲੋਜੀ ਸਿਕਪਾਲ ਅਤੇ ਭੀਮਾਬਾਈ ਸਿਕਪਾਲ ਦਾ 14 ਵਾਂ ਅਤੇ ਆਖਰੀ ਬੱਚਾ ਸੀ। ਅੰਬੇਡਕਰ ਦਾ ਜਨਮ ਮਹਾਰ (ਦਲਿਤ) ਜਾਤੀ ਵਿੱਚ ਹੋਇਆ ਸੀ ਜਿਸਨੂੰ ਅਛੂਤ ਸਮਝਿਆ ਜਾਂਦਾ ਸੀ ਅਤੇ ਸਮਾਜਿਕ-ਆਰਥਿਕ ਵਿਤਕਰੇ ਦੇ ਅਧੀਨ ਸੀ।
1897 ਵਿੱਚ ਅੰਬੇਡਕਰ ਦਾ ਪਰਿਵਾਰ ਮੁੰਬਈ ਚਲਾ ਗਿਆ ਜਿੱਥੇ ਅੰਬੇਡਕਰ ਐਲਫਿੰਟਨ ਹਾਈ ਸਕੂਲ ‘ਚ ਦਾਖਲ ਹੋਣ ਵਾਲਾ ਇਕੋ-ਇੱਕ ਅਛੂਤ ਬਣ ਗਿਆ। 1906 ‘ਚ 15 ਸਾਲ ਦੀ ਉਮਰ ਵਿੱਚ ਉਸ ਦਾ ਵਿਆਹ ਇੱਕ 9 ਸਾਲ ਦੀ ਲੜਕੀ ਰਮਾਬਾਈ ਨਾਲ ਕਰ ਦਿੱਤਾ ਸੀ। ਬਾਬਾ ਸਾਹਿਬ ਨੇ ਭਾਰਤੀ ਰਾਸ਼ਟਰੀ ਕਾਂਗਰਸ ਤੇ ਇਨਾਂ ਦੇ ਲੀਡਰਾਂ ਦੀ ਗ਼ਲਤ ਨੀਤੀਆਂ ਦੀ ਅਲੋਚਨਾ ਵੀ ਕੀਤੀ। ਬਾਬਾ ਸਾਹਿਬ ਬ੍ਰਿਟਿਸ਼ ਰਾਜ ਦੀ ਅਸਫ਼ਲਤਾ ਤੋਂ ਵੀ ਅਸੰਤੁਸ਼ਟ ਸਨ। ਉਨਾਂ ਨੇ ਦਲਿਤ ਸਮਾਜ ਵੀ ਪੜਿਆ-ਲਿਖਿਆ ਹੋਵੇ ਦੀ ਗੱਲ ਤੇ ਪੂਰਾ ਪਹਿਰਾ ਦਿੱਤਾ। 1935 ਵਿੱਚ ਆਪ ਜੀ ਨੇ ਸਰਕਾਰੀ ਲਾਅ ਕਾਲਜ਼ ਵਿੱਚ ਪ੍ਰਿੰਸੀਪਲ ਦਾ ਅਹੁਦਾ ਹਾਸਲ ਕੀਤਾ। ਇਸ ਤਰ੍ਹਾਂ 2 ਸਾਲ ਤੱਕ ਉਨਾਂ ਇਸ ਪ੍ਰਿੰਸੀਪਲ ਦੇ ਅਹੁਦੇ ਤੇ ਕੰਮ ਕੀਤਾ।
ਮੁੰਬਈ ਵਿੱਚ ਰਹਿ ਕੇ ਉਨਾਂ ਨੇ ਆਪਣੇ ਲਈ ਇੱਕ ਘਰ ਦਾ ਨਿਰਮਾਣ ਵੀ ਕਰ ਲਿਆ ਸੀ। ਉੱਥੇ ਉਨਾਂ ਨੇ ਲਗਭਗ 50,000 ਕਿਤਾਬਾਂ ਦੀ ਇੱਕ ਲਾਇਬ੍ਰੇਰੀ ਵੀ ਸਥਾਪਤ ਕੀਤੀ। ਇੱਕ ਲੰਬੀ ਬਿਮਾਰੀ ਕਾਰਨ ਆਪ ਜੀ ਦੀ ਪਤਨੀ ਦਾ ਸਵਰਗਵਾਸ ਹੋ ਗਿਆ ਸੀ। ਬਾਬਾ ਸਾਹਿਬ ਡਾਇਬਟੀਜ਼ ਦੇ ਰੋਗ ਤੋਂ ਪੀੜਤ ਸਨ ਫਿਰ 6 ਦਸੰਬਰ 1956 ਨੂੰ ਆਪਣੇ ਦਿੱਲੀ ਵਾਲੇ ਨਿਵਾਸ ਸਥਾਨ ਤੇ ਉਨਾਂ ਦਾ ਸਵਰਗਵਾਸ ਹੋ ਗਿਆ। ਉਨਾਂ ਨੇ ਭਾਰਤੀ ਸਮਾਜ ਲਈ ਜੋ ਕੁਰਬਾਨੀਆਂ ਦਿੱਤੀਆਂ ਹਨ ਉਹ ਨਾ-ਭੁੱਲਣਯੋਗ ਹਨ। ਉਨਾਂ ਨੇ ਆਪਣਾ ਸਾਰਾ ਜੀਵਨ ਸਮਾਜ ਭਲਾਈ ਦੇ ਲੇਖੇ ਲਾ ਦਿੱਤਾ। ਅੱਜ ਵੀ 14 ਅਪ੍ਰੈਲ ਦਾ ਦਿਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੇ ਜਨਮ ਦਿਨ ਦੇ ਤੌਰ ਤੇ ਮਨਾਇਆ ਜਾਂਦਾ ਹੈ।