Bhagat Ravidas Ji : ਭਗਤ ਰਵਿਦਾਸ ਜੀ ਦੇ ਸਮੇਂ ‘ਤੇ ਪੀਪਾ ਨਾਂ ਦਾ ਰਾਜਾ ਹੁੰਦਾ ਸੀ। ਉਹ ਦੇ ਰਾਜ ਵਿਚ ਹਮੇਸ਼ਾ ਧਾਰਮਿਕ ਗੱਲਾਂ ਹੀ ਹੁੰਦੀਆਂ ਸਨ। ਰਾਜੇ ਪੀਪੇ ਨੇ ਸਤਿਸੰਗ ਵਿੱਚ ਇਹ ਸੁਣਿਆ ਸੀ ਕਿ ਭਗਤੀ ਕੀਤੀ ਤਾਂ ਹੀ ਥਾਂਏ ਪੈਂਦੀ ਹੈ। ਜੇਕਰ ਮਨੁੱਖ ਨੇ ਕੋਈ ਗੁਰੂ ਧਾਰਨ ਕੀਤਾ ਹੋਵੇ। ਕੋਈ ਜੋਗ ਗੁਰੂ ਨਾ ਮਿਲਣ ਕਰਕੇ ਰਾਜੇ ਦਾ ਮਨ ਬਹੁਤ ਵਿਚਲਤ ਰਹਿੰਦਾ ਸੀ ਕਿ ਕੋਈ ਪੂਰਨ ਗੁਰੂ ਨਜ਼ਰ ਨਹੀਂ ਆ ਰਿਹਾ ਇਹ ਨਾ ਹੋਵੇ ਕਿ ਮੇਰੀ ਇਹ ਉਮਰ ਨਿਗੁਰੇ ਦੀ ਹੀ ਬੀਤ ਜਾਵੇ। ਇਕ ਦਿਨਾ ਰਾਜੇ ਨੇ ਆਪਣੀ ਸਭਾ ਬੁਲਾਈ ਤੇ ਕਿਹਾ ਕਿ ਕੋਈ ਅਜਿਹਾ ਸੰਤ ਮਹਾਤਮਾ ਦੱਸੋ ਜੋ ਪੂਰਨ ਹੋਵੇ ਤਾਂ ਕਿ ਮੈਂ ਉਸਨੂੰ ਆਪਣਾ ਗੁਰੂ ਧਾਰਨ ਕਰ ਸਕਾਂ। ਕਿਸੇ ਨੇ ਦੱਸਿਆ ਕਿ ਬਨਾਰਸ ਵਿੱਚ ਭਗਤ ਰਵੀਦਾਸ ਜੀ ਬਾਰੇ ਦੱਸਿਆ ਤੇ ਰਾਜੇ ਨੇ ਭਗਤ ਰਵਿਦਾਸ ਜੀ ਨੂੰ ਆਪਣਾ ਗੁਰੂ ਧਾਰਨ ਕਰਨ ਦਾ ਮਨ ਬਣਾ ਲਿਆ।
ਰਾਜੇ ਨੇ ਗੱਲ ਸੁਣੀ ਤੇ ਕਿਹਾ ਕਿ ਜਿਸ ਦੇ ਹਿਰਦੇ ਚ ਪ੍ਰਭੂ ਵਸਿਆ ਹੋਵੇ ਉਹ ਭਾਵੇਂ ਕਿਸੇ ਵੀ ਜਾਤੀ ਨਾਲ ਸਬੰਧ ਰੱਖਣ ਵਾਲਾ ਕਿਉਂ ਨਾ ਹੋਵੇ। ਪ੍ਰਭੂ ਦੇ ਦਰ ਤੇ ਪਰਵਾਨ ਹੈ। ਅਜਿਹੇ ਮਹਾਂਪੁਰਸ਼ ਦੇ ਦਰਸ਼ਨ ਹੀ ਭਾਗਾਂ ਨਾਲ ਪ੍ਰਾਪਤ ਹੁੰਦੇ ਹਨ। ਰਾਜਾ ਅਥਾਹ ਸ਼ਰਧਾ ਤੇ ਮਨ ਵਿੱਚ ਪਿਆਰ ਲੈ ਕੇ ਭਗਤ ਰਵਿਦਾਸ ਜੀ ਦੇ ਦਰਸ਼ਨਾਂ ਨੂੰ ਪਹੁੰਚਿਆ ਤੇ ਕਿਹਾ ਕਿ ਇਸ ਅਗਨ ਸਾਗਰ ‘ਚੋਂ ਬਾਂਹ ਪਕੜ ਬਾਹਰ ਕੱਢ ਦਿਓ। ਭਗਤ ਰਵਿਦਾਸ ਜੀ ਨੇ ਰਾਜੇ ਦੇ ਮਨ ਦੀ ਸੱਚੀ ਸ਼ਰਧਾ ਤੇ ਪ੍ਰੇਮ ਨੂੰ ਭਾਂਸ ਲਿਆ ਤੇ ਮਨ ਵਿੱਚ ਖਿਆਲ ਕੀਤਾ ਕਿ ਇਹ ਰਾਜਾ ਕਿਧਰ ਜਪ ਤਪ ਦੇ ਚੱਕਰਾਂ ਚ ਪਵੇਗਾ ਇਸਨੂੰ ਸਿੱਧਾ ਹੀ ਮੁਕਤ ਕਰ ਦਿੰਦੇ ਹਾਂ। ਭਗਤ ਰਵਿਦਾਸ ਜੀ ਨੇ ਰਾਜੇ ਨੂੰ ਸਿੱਧਾ ਹੀ ਪਾਰ ਉਤਾਰਨ ਦੀ ਮਨ ਵਿੱਚ ਬਿੱਧ ਬਣਾਈ ਤੇ ਰਾਜੇ ਨੂੰ ਆਪਣਾ ਭਾਂਡਾ ਜਿਸ ਵਿੱਚ ਉਹ ਚਮੜੇ ਨੂੰ ਭਿਉਂ ਕੇ ਰੱਖਦੇ ਸਨ ਦਾ ਪਾਣੀ ਪੀਣ ਨੂੰ ਦਿੱਤਾ। ਜਦ ਭਗਤ ਰਵਿਦਾਸ ਜੀ ਨੇ ਕਿਹਾ ਰਾਜਨ ਅਸੀਂ ਤੈਨੂੰ ਆਪਣਾ ਚੇਲਾ ਸਵਿਕਾਰ ਕਰਦੇ ਹਾਂ ਲਓ ਇਹ ਜਲ ਚਰਨ ਅੰਮ੍ਰਿਤ ਦੇ ਤੌਰ ਤੇ ਛੱਕ ਲਵੋ। ਰਾਜੇ ਨੇ ਜਦ ਉਹ ਬਰਤਨ ਦੇਖਿਆ ਤੇ ਪਾਣੀ ਦੇਖਿਆ ਜਿਹੜਾ ਕਿ ਚਮੜੇ ਕਰਕੇ ਮੁਸ਼ਕ ਮਾਰ ਰਿਹਾ ਸੀ ਤੇ ਮੈਲਾ ਵੀ ਬਹੁਤ ਸੀ। ਰਾਜੇ ਦਾ ਮਨ ਥਿੜ੍ਹਕ ਗਿਆ ਮਨ ਵਿੱਚ ਸ਼ੰਕਾ ਆ ਗਿਆ ਕਿ ਇਹ ਗੰਦਾ ਪਾਣੀ ਐਨਾ ਗੰਦਾ ਪਾਣੀ ਮੈਂ ਪੀਵਾਂ ਹੁਣ ਇਹ ਪੀਣਾਂ ਪਵੇਗਾ। ਪਹਿਲਾਂ ਆਪ ਹੀ ਅਰਦਾਸਾਂ ਕੀਤੀਆਂ ਸੀ ਕਿ ਮੈਨੂੰ ਚੇਲਾ ਬਣਾ ਲਵੋ ਤੇ ਹੁਣ ਨਾਂਹ ਵੀ ਨਹੀਂ ਕਰ ਸਕਦਾ ਕਿ ਮੈਂ ਇਹ ਗੰਦਾ ਪਾਣੀ ਨਹੀਂ ਪੀਣਾ।ਰਾਜੇ ਦੇ ਮਨ ਵਿੱਚ ਵਿਚਾਰਾਂ ਦਾ ਘਮਸਾਨ ਚਲ ਰਿਹਾ ਸੀ। ਰਵੀਦਾਸ ਜੀ ਨੇ ਦੇਣਾ ਤਾਂ ਬਹੁਤ ਕੁਝ ਸੀ ਪਰ ਨਾਲ ਪਰੀਖਿਆ ਵੀ ਤਾਂ ਲੈਣੀ ਹੀ ਸੀ। ਪਰ ਰਾਜਾ ਇਸ ਪਰੀਖਿਆ ਵਿਚੋਂ ਥਿੜ੍ਹਕ ਗਿਆ।
ਰਾਜੇ ਨੇ ਮਨ ਵਿੱਚ ਚਲਾਕੀ ਕੀਤੀ ਕਿ ਹੱਥ ਤਾਂ ਪਾਣੀ ਪੀਣ ਲਈ ਅੱਗੇ ਕਰ ਦਿੱਤੇ ਪਰ ਜਦ ਹੀ ਭਗਤ ਜੀ ਨੇ ਉਹ ਅੰਮ੍ਰਿਤ ਰੂਪੀ ਜਲ ਰਾਜੇ ਦੇ ਹੱਥਾਂ ਵਿੱਚ ਪਾਇਆ ਤਾਂ ਰਾਜੇ ਨੇ ਹੱਥ ਢਿੱਲੇ ਕਰ ਲਏ ਜਿਸ ਨਾਲ ਉਹ ਸਾਰਾ ਜਲ ਰਾਜੇ ਦੀਆਂ ਬਾਹਾਂ ਵਿੱਚ ਦੀ ਹੁੰਦਾ ਹੋਇਆ ਕੁਝ ਉਸਦੇ ਕੁੜਤੇ ਨੂੰ ਲੱਗ ਗਿਆ ਤੇ ਕੁਝ ਡੁੱਲ੍ਹ ਗਿਆ। ਭਗਤ ਰਵਿਦਾਸ ਜੀ ਸਾਰਾ ਕੁਝ ਦੇਖ ਰਹੇ ਸਨ ਮਨ ਵਿੱਚ ਜਾਣਦੇ ਸਨ ਪਰ ਮੁਸਕਰਾ ਰਹੇ ਸਨ ਰਾਜੇ ਦੀ ਚਲਾਕੀ ਦੇਖਕੇ। ਰਾਜਾ ਆਪਣੇ ਮਹਿਲਾਂ ਵਿੱਚ ਆਇਆ ਉਹ ਪੁਸ਼ਾਕ ਉਤਾਰੀ ਜਿਸ ਤੇ ਅੰਮ੍ਰਿਤ ਡੁੱਲ੍ਹਾ ਸੀ ਚਮੜੇ ਦੇ ਦਾਗ ਲੱਗ ਗਏ ਸਨ। ਪੁਸ਼ਾਕ ਉਤਾਰੀ ਤੇ ਧੋਬੀ ਨੂੰ ਧੋਣ ਲਈ ਦੇ ਦਿੱਤੀ। ਧੋਬੀ ਦੀ ਇਕ ਛੋਟੀ ਬੱਚੀ ਸੀ ਜਿਸਨੇ ਉਹ ਪੁਸ਼ਾਕ ਜਿਸ ‘ਤੇ ਚਮੜੇ ਦਾਗ ਲੱਗੇ ਸਨ। ਉਸਨੂੰ ਮੂੰਹ ਵਿੱਚ ਪਾਕੇ ਚੂਸਣਾ ਸ਼ੁਰੂ ਕਰ ਦਿੱਤਾ। ਜਿਉਂ ਜਿਉਂ ਚੂਸਦੀ ਗਈ ਉਹ ਅੰਮ੍ਰਿਤ ਜਿਹੜਾ ਭਗਤ ਰਵਿਦਾਸ ਜੀ ਨੇ ਰਾਜੇ ਨੂੰ ਦਿੱਤਾ ਸੀ ਉਸ ਲੜਕੀ ਦੇ ਅੰਦਰ ਪਹੁੰਚ ਗਿਆ ਤੇ ਉਸਦੇ ਬਜਰ ਕਪਾਟ ਖੁੱਲ ਗਏ। ਤਿੰਨਾਂ ਲੋਕਾਂ ਦੀ ਸੋਝੀ ਆ ਗਈ ਬ੍ਰਹਮ ਗਿਆਨ ਹੋ ਗਿਆ। ਲੱਗੀ ਰਾਮ ਰਾਮ ਜਪਣ ਜਿਹੜੀ ਗੱਲ ਕਹੇ ਉਹ ਸੱਚੀ ਹੋ ਜਾਇਆ ਕਰੇ ਸ਼ਹਿਰ ਵਿੱਚ ਰੌਲਾ ਪੈ ਗਿਆ ਕਿ ਛੋਟੀ ਬੱਚੀ ‘ਚ ਪਰਮਾਤਮਾ ਵਸ ਗਿਆ ਹੈ। ਜੋ ਕੋਈ ਦੁਖੀਆ ਆਉਂਦਾ ਹੈ ਸਹੀ ਹੋ ਜਾਂਦਾ ਹੈ। ਬੱਚੀ ਦੀ ਵਡਿਆਈ ਰਾਜੇ ਕੋਲ ਪਹੁੰਚੀ ਤਾਂ ਰਾਜਾ ਵੀ ਦਰਸ਼ਨਾਂ ਨੂੰ ਆ ਗਿਆ। ਜਦ ਬੱਚੀ ਨੇ ਰਾਜੇ ਨੂੰ ਦੇਖਿਆ ਤਾਂ ਬੜਾ ਅਦਬ ਦਿੱਤਾ ਤੇ ਕਿਹਾ ਕਿ ਮੇਰੇ ਮੁਰਸ਼ਦ ਆ ਗਏ ਰਾਜਾ ਬਹੁਤ ਹੈਰਾਨ ਹੋਇਆ ਕਿ ਮੈਂ ਇਸਦਾ ਮੁਰਸ਼ਦ ਕਿਵੇਂ ਹੋਇਆ ਤਾਂ ਉਸ ਬੱਚੀ ਨੇ ਸਾਰੀ ਗੱਲ ਦੱਸੀ। ਰਾਜਾ ਮੱਥੇ ਤੇ ਹੱਥ ਮਾਰਕੇ ਬਹੁਤ ਪਛਤਾਇਆ ਤੇ ਭੱਜਾ ਭਗਤ ਰਵਿਦਾਸ ਜੀ ਕੋਲ ਜਾ ਚਰਨਾਂ ਤੇ ਡਿੱਗਾ ਤੇ ਬੋਲਿਆ ਹੁਣ ਬਖਸ਼ੋ ਪ੍ਰਭੂ ਭਗਤ ਜੀ ਨੇ ਫੁਰਮਾਇਆ ਹੁਣ ਵੇਲਾ ਲੰਘ ਗਿਆ ਹੈ ਰਾਜਨ ਹੁਣ ਘਾਲਣਾ ਘਾਲੋ ਤੇ ਘਾਲ ਦੇ ਰਸਤੇ ਦੁਆਰਾ ਹੀ ਪ੍ਰਭੂ ਪ੍ਰਾਪਤੀ ਹੋ ਸਕਦੀ ਹੈ।