Deep sidhu bail plea : 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ‘ਤੇ ਹੋਈ ਘਟਨਾ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਦੀਪ ਸਿੱਧੂ ਦੀ ਜ਼ਮਾਨਤ ਅਰਜ਼ੀ ਅੱਜ ਵੀਰਵਾਰ ਨੂੰ ਮੁੜ ਸੁਣਵਾਈ ਹੋਵੇਗੀ। ਦੀਪ ਸਿੱਧੂ ਦੀ ਜ਼ਮਾਨਤ ਪਟੀਸ਼ਨ ‘ਤੇ 15 ਅਪ੍ਰੈਲ ਨੂੰ ਦਿੱਲੀ ਦੀ ਇੱਕ ਅਦਾਲਤ ਆਪਣਾ ਫੈਸਲਾ ਸੁਣਾਏਗੀ। ਅਦਾਲਤ ਨੇ ਸੋਮਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਦੀਪ ਸਿੱਧੂ ਦੀ ਦਾਇਰ ਜ਼ਮਾਨਤ ਅਰਜ਼ੀ ‘ਤੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਵਧੀਕ ਸੈਸ਼ਨ ਜੱਜ ਨੀਲੋਫਰ ਅਬੀਦਾ ਪਰਵੀਨ ਨੇ ਦੀਪ ਸਿੱਧੂ ਦੁਆਰਾ ਦਾਇਰ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਕਰਦਿਆਂ ਫੈਸਲਾ ਰਾਖਵਾਂ ਰੱਖਿਆ ਸੀ, ਜਿਸ ‘ਚ ਦੀਪ ‘ਤੇ ਹਿੰਸਾ ਭੜਕਾਉਣ ਦੇ ਦੋਸ਼ ਲਗਾਏ ਗਏ ਹਨ। ਹਾਲਾਂਕਿ ਇਸ ਮੌਕੇ ਦੀਪ ਸਿੱਧੂ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਸੀ ਕਿ ਲਾਲ ਕਿਲੇ ‘ਤੇ ਸਿਰਫ਼ ਮੌਜੂਦਗੀ ਨਾਲ ਹੀ ਇਹ ਨਹੀਂ ਮੰਨਿਆ ਜਾ ਸਕਦਾ ਕਿ ਉਹ ਹਿੰਸਾ ਕਰਨ ਵਾਲੇ ਲੋਕਾਂ ਨਾਲ ਸ਼ਾਮਿਲ ਸੀ। ਉਨ੍ਹਾਂ ਕਿਹਾ ਕਿ ਦੀਪ ਸਿੱਧੂ ਇਮਾਨਦਾਰ ਨਾਗਰਿਕ ਹੈ ਅਤੇ ਉਹ ਸਿਰਫ਼ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਿਹਾ ਹੈ।
ਦਰਅਸਲ ਟਰੈਕਟਰ ਰੈਲੀ ਲਈ ਕੇਂਦਰੀ ਦਿੱਲੀ ਵਿੱਚ ਦਾਖਲ ਹੋਏ ਕੁੱਝ ਕਿਸਾਨ ਲਾਲ ਕਿਲ੍ਹੇ ਪਹੁੰਚ ਗਏ ਸੀ ਅਤੇ ਇੱਥੇ ਕੁੱਝ ਪ੍ਰਦਰਸ਼ਨਕਾਰੀ ਨੌਜਵਾਨਾਂ ਨੂੰ ਨਿਸ਼ਾਨ ਸਾਹਿਬ ਲਹਿਰਾਉਂਦੇ ਵੇਖਿਆ ਗਿਆ ਸੀ। ਇੱਥੇ ਵੱਡੀ ਗਿਣਤੀ ਵਿੱਚ ਕਿਸਾਨ ਵੀ ਮੌਜੂਦ ਸਨ। ਜਾਣਕਾਰੀ ਦੇ ਅਨੁਸਾਰ ਨੇ ਇੱਥੇ ਕਿਲ੍ਹੇ ਦੇ ਬਿਲਕੁਲ ਨੇੜੇ, ਪੌੜੀਆਂ ਦੇ ਨੇੜੇ ਇੱਕ ਛੋਟੇ ਜਿਹੇ ਪੋਲ ‘ਤੇ ਕੇਸਰੀ ਝੰਡਾ ਲਹਿਰਾਇਆ ਗਿਆ ਸੀ। ਹਾਲਾਂਕਿ ਨੌਜਵਾਨਾਂ ਵਲੋਂ ਇੱਥੇ ਲਾਲ ਕਿਲ੍ਹੇ ਦੇ ਤਿਰੰਗੇ ਨਾਲ ਛੇੜਛਾੜ ਨਹੀਂ ਕੀਤੀ ਗਈ ਹੈ, ਬਲਕਿ ਨਿਸ਼ਾਨ ਸਾਹਿਬ ਨੂੰ ਇੱਕ ਖ਼ਾਲੀ ਪੋਲ ‘ਤੇ ਲਹਿਰਾਇਆ ਗਿਆ ਸੀ। ਗੌਰਤਲਬ ਹੈ ਕਿ ਦੀਪ ਸਿੱਧੂ ‘ਤੇ ਵੱਖ-ਵੱਖ ਧਾਰਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਦੀਪ ਸਿੱਧੂ ਨੂੰ 8 ਫਰਵਰੀ ਦੀ ਰਾਤ ਨੂੰ ਦਿੱਲੀ ਪੁਲਿਸ ਵੱਲੋਂ ਕਰਨਾਲ ਬਾਈਪਾਸ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਤੀਸ ਹਜਾਰੀ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ। ਜਿਸ ਤੋਂ ਬਾਅਦ ਦੀਪ ਸਿੱਧੂ ਨੂੰ ਕੋਰਟ ਵੱਲੋਂ 14 ਦਿਨ ਦੀ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਸੀ।
ਇਹ ਵੀ ਦੇਖੋ : ਅੱਜ ਹੋਵੇਗੀ ‘Deep Sidhu ‘ ਦੀ ਰਿਹਾਈ? ਸਭਦੀਆਂ ਨਜ਼ਰਾਂ ਟਿੱਕੀਆਂ ਦਿੱਲੀ ਵੱਲ Live ਅਪਡੇਟ…!