JEE Main Exam 2021: ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ। ਕੋਰੋਨਾ ਦੇ ਵੱਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਰਾਸ਼ਟਰੀ ਟੈਸਟਿੰਗ ਏਜੰਸੀ NTA ਨੇ JEE Main 2021 ਅਪ੍ਰੈਲ ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ । ਪ੍ਰੀਖਿਆ ਦੇ ਦੋ ਸੈਸ਼ਨ ਫਰਵਰੀ ਅਤੇ ਮਾਰਚ ਵਿੱਚ ਆਯੋਜਿਤ ਕੀਤੇ ਜਾ ਚੁੱਕੇ ਹਨ। NTA ਨੇ ਵਿਦਿਆਰਥੀਆਂ ਅਤੇ ਮਾਪਿਆਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਮੰਗ ਕਾਰਨ ਪ੍ਰੀਖਿਆ ਨੂੰ 10 ਦਿਨ ਪਹਿਲਾਂ ਮੁਲਤਵੀ ਕਰ ਦਿੱਤਾ ਹੈ। ਦੱਸ ਦੇਈਏ ਕਿ ਇਹ ਪ੍ਰੀਖਿਆ 27 ਤੋਂ 30 ਅਪ੍ਰੈਲ ਤੱਕ ਆਯੋਜਿਤ ਕੀਤੀ ਜਾਣੀ ਸੀ। ਪ੍ਰੀਖਿਆ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ।
ਦਰਅਸਲ, ਇਸ ਸਬੰਧੀ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ । ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਉਨ੍ਹਾਂ ਨੇ NTA ਨੂੰ ਪ੍ਰੀਖਿਆ ਮੁਲਤਵੀ ਕਰਨ ਦਾ ਸੁਝਾਅ ਦਿੱਤਾ ਸੀ। ਸਿੱਖਿਆ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਪ੍ਰੀਖਿਆ ਦੀਆਂ ਨਵੀਆਂ ਤਰੀਕਾਂ ਪ੍ਰੀਖਿਆ ਤੋਂ 15 ਦਿਨ ਪਹਿਲਾਂ ਜਾਰੀ ਕੀਤੀਆਂ ਜਾਣਗੀਆਂ । ਜਿਨ੍ਹਾਂ ਵਿਦਿਆਰਥੀਆਂ ਨੇ ਅਪ੍ਰੈਲ ਸੈਸ਼ਨ ਦੀ ਪ੍ਰੀਖਿਆ ਲਈ ਬਿਨੈ ਕੀਤਾ ਹੈ, ਉਹ ਆਪਣੀ ਇਮਤਿਹਾਨ ਦੀਆਂ ਨਵੀਆਂ ਤਰੀਕਾਂ ਨੂੰ ਅਧਿਕਾਰਤ ਵੈਬਸਾਈਟ ‘ਤੇ ਵੇਖਣ ਦੇ ਯੋਗ ਹੋਣਗੇ।
ਦੱਸ ਦੇਈਏ ਕਿ ਇਸ ਸਾਲ JEE Main 2021 ਦੀ ਪ੍ਰੀਖਿਆ 4 ਸੈਸ਼ਨਾਂ ਵਿੱਚ ਆਯੋਜਿਤ ਕੀਤੀ ਜਾਣੀ ਹੈ। ਫਰਵਰੀ ਸੈਸ਼ਨ 23 ਤੋਂ 26 ਫਰਵਰੀ ਅਤੇ ਮਾਰਚ ਸੈਸ਼ਨ 16 ਤੋਂ 18 ਮਾਰਚ ਤੱਕ ਆਯੋਜਿਤ ਕੀਤਾ ਜਾ ਚੁੱਕਿਆ ਹੈ। ਪ੍ਰੀਖਿਆ ਦੇ ਤੀਜੇ ਸੈਸ਼ਨ ਤੋਂ ਪਹਿਲਾਂ ਦੇਸ਼ ਵਿੱਚ ਆਈ ਕੋਰੋਨਾ ਦੀ ਦੂਜੀ ਲਹਿਰ ਕਾਰਨ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ। ਹਾਲਾਂਕਿ, ਮਈ ਤੋਂ ਸ਼ੁਰੂ ਹੋਣ ਵਾਲੀਆਂ ਬੋਰਡ ਦੀਆਂ ਪ੍ਰੀਖਿਆਵਾਂ ਵੀ ਮਹਾਂਮਾਰੀ ਦੇ ਕਾਰਨ ਮੁਲਤਵੀ ਕਰ ਦਿੱਤੀਆਂ ਗਈਆਂ ਹਨ।
ਦੱਸ ਦੇਈਏ ਕਿ ਬੋਰਡ ਵੱਲੋਂ ਹਾਲੇ ਤੱਕ ਅਪ੍ਰੈਲ ਸੈਸ਼ਨ ਦੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਨਹੀਂ ਕੀਤੇ ਗਏ ਹਨ। ਨਵੀਂ ਪ੍ਰੀਖਿਆ ਦੀਆਂ ਤਰੀਕਾਂ ਦੇ ਜਾਰੀ ਹੋਣ ਤੋਂ ਬਾਅਦ ਵਿਦਿਆਰਥੀ NTA ਦੀ ਅਧਿਕਾਰਤ ਵੈਬਸਾਈਟ jeemain.nic.in ‘ਤੇ ਜਾ ਕੇ ਆਪਣਾ ਦਾਖਲਾ ਕਾਰਡ ਡਾਊਨਲੋਡ ਕਰ ਸਕਣਗੇ।