The second dose : ਲੁਧਿਆਣਾ : ਕੋਵਿਡ-19 ਨੂੰ ਰੋਕਣ ਲਈ ਕੋਵਿਡਸ਼ੀਲਡ ਦੀ ਦੂਜੀ ਖੁਰਾਕ ਕੱਲ ਸਿਵਿਲ ਹਸਪਤਾਲ, ਐਮ.ਸੀ.ਐਚ. ਵਰਧਮਾਨ ਅਤੇ ਯੂ.ਸੀ.ਐਚ.ਸੀ. ਜਵੱਦੀ ਅਤੇ ਸਿਵਿਲ ਸਰਜਨ ਦਫਤਰ ਵਿਖੇ ਲਗਾਈ ਜਾਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡਾ. ਕਿਰਨ ਆਹਲੂਵਾਲੀਆ ਨੇ ਦੱਸਿਆ ਕਿ ਕੱਲ 19 ਅਪ੍ਰੈਲ, 2021 ਤੋਂ ਸਿਹਤ ਵਿਭਾਗ ਵੱਲੋ ਕੋਵਿਡਸ਼ੀਲਡ ਦੀ ਦੂਜੀ ਖੁਰਾਕ ਸਿਵਲ ਹਸਪਤਾਲ, ਐਮ.ਸੀ.ਐਚ. ਵਰਧਮਾਨ, ਯੂ.ਸੀ.ਐਚ.ਸੀ. ਜਵੱਦੀ ਅਤੇ ਸਿਵਿਲ ਸਰਜਨ ਦਫਤਰ ਵਿਖੇ ਵਿਸ਼ੇਸ ਕੈਂਪ ਰਾਹੀਂ ਲਗਾਈ ਜਾ ਰਹੀ ਹੈ। ਉਨ੍ਹਾਂ ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਦੀ ਦੂਜੀ ਡੋਜ਼ ਬਕਾਇਆ ਹੈ ਉਹ ਇਹਨਾਂ ਹਸਪਤਾਲਾਂ ਵਿੱਚ ਜਾਕੇ ਆਪਣਾ ਟੀਕਾਕਰਨ ਕਰਵਾ ਸਕਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਸਿਹਤ ਵਿਭਾਗ ਦਾ ਮਾਸ ਸਿੱਖਿਆ ਅਤੇ ਮੀਡੀਆ (ਐਮ.ਈ.ਐਮ) ਵਿੰਗ ਨੇ ਲੋਕਾਂ ਨੂੰ ਟੀਕਾਕਰਨ ਪ੍ਰਤੀ ਜਾਗਰੂਕ ਕਰਨ ਅਤੇ ਇਸ ਸੰਬੰਧੀ ਅਫਵਾਹਾਂ ਨੂੰ ਦੂਰ ਕਰਨ ਲਈ ਜਾਗਰੂਕਤਾ ਮੁਹਿੰਮ ਨੂੰ ਤੇਜ਼ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਾਗਰੂਕਤਾ ਟੀਮਾਂ ਸਿਹਤ ਵਿਭਾਗ ਦੇ ਦਿਸ਼ਾ- ਨਿਰਦੇਸ਼ਾਂ ‘ਤੇ ਕੰਮ ਕਰ ਰਹੀਆਂ ਹਨ ਅਤੇ ਹੁਣ ਉਨ੍ਹਾਂ ਨੂੰ ਇਹ ਸੁਨਿਸ਼ਚਿਤ ਕਰਨ ‘ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ ਗਿਆ ਹੈ ਕਿ ਲੋਕ ਸਰਕਾਰ ਦੁਆਰਾ ਜਾਰੀ ਕੀਤੇ ਜਾ ਰਹੇ ਦਿਸ਼ਾ-ਨਿਰਦੇਸ਼ਾਂ ਤੋਂ ਜਾਣੂ ਹੋਣ ਅਤੇ ਉਨ੍ਹਾਂ ਦਾ ਧਿਆਨ ਨਾਲ ਪਾਲਣ ਵੀ ਕਰਨ। ਇਸਦੇ ਨਾਲ ਹੀ ਟੀਮਾਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਵੱਧ ਤੋਂ ਵੱਧ ਲੋਕ ਟੀਕਾਕਰਨ ਲਈ ਅੱਗੇ ਆਉਣ। ਸਿਵਲ ਸਰਜਨ ਲੁਧਿਆਣਾ ਡਾ. ਸੁਖਜੀਵਨ ਕੱਕੜ ਨੇ ਕਿਹਾ ਕਿ ਕੋਰੋਨਾ ਨਾਲ ਨਜਿੱਠਣਾ ਇਕੱਲੇ ਇੱਕ ਵਿਅਕਤੀ ਦਾ ਕੰਮ ਨਹੀਂ ਹੈ ਅਤੇ ਨਾਲ ਹੀ ਸਰਕਾਰ ਵੀ ਇਸ ਮਹਾਂਮਾਰੀ ਨੂੰ ਇੱਕਲੇ ਖਤਮ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਇਹ ਆਮ ਨਾਗਰਿਕ ਹੀ ਹਨ ਜੋ ਵੱਡੀ ਭੂਮਿਕਾ ਅਦਾ ਕਰਦੇ ਹਨ। ਜੇ ਲੋਕ ਕੋਰੋਨਾ ਤੋਂ ਪਹਿਲਾਂ ਵਰਗੀ ਆਮ ਜ਼ਿੰਦਗੀ ਵਿਚ ਵਾਪਸ ਆਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਟੀਕਾ ਲਗਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ।
ਜਿਲ੍ਹਾ ਟੀਕਾਕਰਨ ਅਫਸਰ ਡਾ. ਪੁਨੀਤ ਜੁਨੇਜਾ ਨੇ ਕਿਹਾ ਕਿ ਲੋਕਾਂ ਨੂੰ ਟੀਕੇ ਬਾਰੇ ਕਿਸੇ ਵੀ ਤਰ੍ਹਾਂ ਦੀਆਂ ਮਿੱਥਾਂ ਜਾਂ ਅਫਵਾਹਾਂ ‘ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਟੀਕਾ ਵਿਆਪਕ ਟੈਸਟਾਂ ਅਤੇ ਜਾਂਚਾਂ ਤੋਂ ਬਾਅਦ ਹੀ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ। ਇਸ ਲਈ ਉਨ੍ਹਾਂ ਨੂੰ ਟੀਕੇ ਦੀ ਗੁਣਵੱਤਾ ਬਾਰੇ ਚਿੰਤਾ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ, 45 ਸਾਲ ਤੋਂ ਉਪਰ ਦੇ ਲੋਕ ਇਸ ਵਾਇਰਸ ਦੇ ਸਭ ਤੋਂ ਵੱਧ ਸੰਭਾਵਿਤ ਹਨ ਅਤੇ ਕੁਝ ਲਈ ਇਹ ਜਾਨਲੇਵਾ ਵੀ ਹੋ ਗਿਆ ਹੈ। ਇਸ ਲਈ ਵਾਇਰਸ ਤੋਂ ਬਚਣ ਲਈ ਲੋਕਾਂ ਨੂੰ ਹਮੇਸ਼ਾਂ ਮਾਸਕ ਪਹਿਨਣਾ ਚਾਹੀਦਾ ਹੈ, ਹੱਥ ਧੋਣੇ ਚਾਹੀਦੇ ਹਨ, ਸਮਾਜਕ ਦੂਰੀ ਬਣਾਈ ਰੱਖਣੀ ਚਾਹੀਦੀ ਹੈ ਅਤੇ ਆਪਣੇ ਅਤੇ ਆਪਣੇ ਪਰਿਵਾਰ ਦੇ ਲਾਭ ਲਈ ਟੀਕਾ ਲਗਵਾਉਣਾ ਚਾਹੀਦਾ ਹੈ।