ICSE Board Exams 2021: ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਕਾਫ਼ੀ ਘਾਤਕ ਸਿੱਧ ਹੋ ਰਹੀ ਹੈ । ਹਰ ਦਿਨ ਰਿਕਾਰਡ ਤੋੜ ਸੰਕ੍ਰਮਣ ਦੇ ਨਵੇਂ ਮਾਮਲੇ ਦਰਜ ਕੀਤੇ ਜਾ ਰਹੇ ਹਨ । ਉੱਥੇ ਹੀ ਦੂਜੇ ਪਾਸੇ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ CBSE ਸਮੇਤ ਦੇਸ਼ ਦੇ ਕਈ ਰਾਜਾਂ ਦੇ ਬੋਰਡ ਨੇ 10ਵੀਂ ਅਤੇ 12ਵੀਂ ਜਮਾਤ ਦੀ ਪ੍ਰੀਖਿਆ ਨੂੰ ਮੁਲਤਵੀ ਕਰ ਦਿੱਤਾ ਹੈ ਜਾਂ ਰੱਦ ਕਰ ਦਿੱਤਾ ਹੈ। ਇਸ ਕੜੀ ਵਿੱਚ ਹੁਣ ICSE ਬੋਰਡ ਨੇ ਵੀ 10ਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ।
ਗੌਰਤਲਬ ਹੈ ਕਿ ICSE ਦੀ 10ਵੀਂ ਬੋਰਡ ਦੀ ਪ੍ਰੀਖਿਆ 4 ਮਈ ਨੂੰ ਸ਼ੁਰੂ ਹੋਣੀ ਸੀ ਅਤੇ 7 ਜੂਨ ਨੂੰ ਖ਼ਤਮ ਹੋਣ ਵਾਲੀ ਸੀ। ਪਹਿਲਾਂ 10ਵੀਂ ਜਮਾਤ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਚੋਣਵੀਂ ਰੱਖੀ ਗਈ ਸੀ ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ICSE ਬੋਰਡ ਵੱਲੋਂ 12ਵੀਂ ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ। ਬੋਰਡ ਨੇ ਕਿਹਾ ਸੀ ਕਿ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ 12ਵੀਂ ਦੀ ਪ੍ਰੀਖਿਆ ਦੀਆਂ ਨਵੀਆਂ ਤਾਰੀਕਾਂ ਦਾ ਐਲਾਨ ਕੀਤਾ ਜਾਵੇਗਾ । ਜਾਣਕਾਰੀ ਅਨੁਸਾਰ ਪ੍ਰੀਖਿਆ ਦੀਆਂ ਨਵੀਆਂ ਤਾਰੀਕਾਂ ਦਾ ਐਲਾਨ ਜੂਨ ਵਿੱਚ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ 2 ਲੱਖ 59 ਹਜ਼ਾਰ 170 ਨਵੇਂ ਕੇਸ ਦਰਜ ਕੀਤੇ ਗਏ ਹਨ । ਉੱਥੇ ਹੀ ਕੱਲ੍ਹ 1761 ਲੋਕਾਂ ਦੀ ਮੌਤ ਹੋ ਗਈ, ਜੋ ਇੱਕ ਦਿਨ ਵਿੱਚ ਸਭ ਤੋਂ ਵੱਧ ਹੈ। ਹੁਣ ਦੇਸ਼ ਵਿਚ ਸਰਗਰਮ ਮਾਮਲਿਆਂ ਦੀ ਕੁੱਲ ਗਿਣਤੀ 20 ਲੱਖ 31 ਹਜ਼ਾਰ 977 ਹੋ ਗਈ ਹੈ।
ਇਹ ਵੀ ਦੇਖੋ: ਰੁਲਦੂ ਸਿੰਘ ਮਾਨਸਾ ਨੇ ਕਿਹਾ ਜੇ ਇੰਦਰਾ ਗਾਂਧੀ ਦੀ ਐਮਰਜੰਸੀ ਨਹੀਂ, ਤਾਂ ਮੋਦੀ ਦੀ ਵੀ ਨਹੀਂ ਰਹਿਣੀ