Faridkot beheading case : ਫਰੀਦਕੋਟ ਦੇ ਦੀਪ ਸਿੰਘ ਵਾਲਾ ਕਤਲ ਕਾਂਡ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਪੁੱਤਰ ਹੀ ਪਿਤਾ ਦਾ ਕਾਤਲ ਨਿਕਲਿਆ ਹੈ। ਜਾਂਚ ਵਿਚ ਖੁਲਾਸਾ ਹੋਇਆ ਹੈ ਕਿ ਪੁੱਤਰ ਨੇ ਦੋਸਤਾਂ ਤੇ ਨੌਕਰ ਨਾਲ ਮਿਲ ਕੇ ਪਿਤਾ ਦਾ ਕਤਲ ਕੀਤਾ। ਉਨ੍ਹਾਂ ਨੇ ਪਹਿਲਾਂ ਹਰਪਾਲ ਸਿੰਘ ਨੂੰ ਨਸ਼ੇ ਦਾ ਟੀਕਾ ਲਗਾਇਆ ਤੇ ਫਿਰ ਉਸ ਦਾ ਗਲਾ ਵੱਢ ਦਿੱਤਾ। ਇਸ ਤੋਂ ਬਾਅਦ ਸਿਰ ਨੂੰ ਘਰ ਵਿਚ ਹੀ ਟੋਇਆ ਪੁੱਟ ਕੇ ਉਸ ਵਿਚ ਵੱਢਿਆ ਹੋਇਆ ਸਿਰ ਦੱਬ ਦਿੱਤਾ। ਪੁਲਿਸ ਨੇ ਕਤਲ ਕੇਸ ਵਿੱਚ ਮ੍ਰਿਤਕ ਹਰਪਾਲ ਸਿੰਘ ਦਾ ਸਿਰ ਵੀ ਬਰਾਮਦ ਕਰ ਲਿਆ ਗਿਆ ਹੈ ਅਤੇ ਨਾਲ ਹੀ ਮ੍ਰਿਤਕ ਦੇ ਪੁੱਤਰ ਪੀਪਲ ਸਿੰਘ, ਉਸ ਦੇ ਦੋਸਤ ਗੁਰਸੇਵਤ ਸਿੰਘ ਅਤੇ ਨੌਕਰ ਜਸਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਖੁਲਾਸਾ ਕੀਤਾ ਹੈ ਕਿ ਨਸ਼ਿਆਂ ਅਤੇ ਜ਼ਮੀਨੀ ਵਿਵਾਦ ਇਸ ਕਤਲ ਦਾ ਮੁੱਖ ਕਾਰਨ ਹਨ। ਪੁਲਿਸ ਨੇ ਇਸ ਕਤਲ ਵਿੱਚ ਵਰਤੀ ਗਈ ਸਮੱਗਰੀ ਵੀ ਬਰਾਮਦ ਕੀਤੀ ਹੈ। ਜਦੋਂ ਕਿ ਪੁਲਿਸ ਨੇ ਸਾਰੇ ਘਰ ਦੀ ਤਲਾਸ਼ੀ ਲਈ, ਮ੍ਰਿਤਕ ਦਾ ਸਿਰ ਉੱਥੋਂ ਹੀ ਬਰਾਮਦ ਕਰ ਲਿਆ ਗਿਆ ਹੈ। ਪੁਲਿਸ ਇਸ ਮਾਮਲੇ ਦੀ ਨਿਰੰਤਰ ਜਾਂਚ ਕਰ ਰਹੀ ਹੈ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਫਰੀਦਕੋਟ ਦੇ ਦੀਪ ਸਿੰਘ ਵਾਲਾ ਵਿਖੇ ਹਰਪਾਲ ਸਿੰਘ ਦਾ ਬਹੁਤ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਸ ਨਾਲ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਫੈਲ ਗਿਆ ਸੀ। ਹਰਪਾਲ ਸਿੰਘ ਦਾ ਸਿਰ ਵੱਢ ਕੇ ਸਰੀਰ ਤੋਂ ਵੱਖ ਕਰ ਦਿੱਤਾ ਗਿਆ ਸੀ ਤੇ ਉਦੋਂ ਤੋਂ ਹੀ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ। ਕਤਲ ਕੇਸ ਦੀ ਗੁੱਥੀ ਨੂੰ ਅੱਜ ਪੁਲਿਸ ਵੱਲੋਂ ਸੁਲਝਾ ਲਿਆ ਗਿਆ ਹੈ ਤੇ ਕਾਤਲ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।