Land dispute of : ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡ ਹਸਨਪੁਰ ਵਿਖੇ ਧੱਕੇ ਨਾਲ 30 ਏਕੜ ਕਣਕ ਦੀ ਫ਼ਸਲ ਵੱਢਣ ਦੇ ਮਾਮਲੇ ਵਿੱਚ ਅੱਜ ਸੁਖਜੀਤ ਕੌਰ ਨੇ ਹਲਕਾ ਦਾਖਾ ਕਾਂਗਰਸ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ,ਉਨ੍ਹਾਂ ਦੇ ਕਰੀਬੀ ਡਾ. ਕਰਨ ਵੜਿੰਗ, ਥਾਣਾ ਦਾਖਾ ਦੇ ਮੁਖੀ ਇੰਸਪੈਕਟਰ ਪ੍ਰੇਮ ਸਿੰਘ ਅਤੇ ਦਿਹਾਤੀ ਪੁਲਿਸ ਪ੍ਰਸ਼ਾਸਨ ‘ਤੇ ਗੰਭੀਰ ਆਰੋਪ ਲਗਾਏ ਹਨ। ਅੱਜ ਇੱਥੇ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਦੌਰਾਨ ਸੁਖਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੀ ਪਿੰਡ ਹਸਨਪੁਰ ਵਿਖੇ ਜੱਦੀ 30 ਏਕੜ ਜ਼ਮੀਨ ਹੈ, ਜਿਸ ਤੇ ਮਾਣਯੋਗ ਅਦਾਲਤ ਵੱਲੋਂ ਸਟੇਟ ਸਕੋ ਕੀਤਾ ਗਿਆ ਹੈ। ਜਿਸ ਦੀ ਕਾਪੀ ਨਾਲ ਨੱਥੀ ਹੈ। ਜਿਸ ਉੱਪਰ ਕਣਕ ਦੀ ਖੜੀ ਫ਼ਸਲ ਦੇ ਸਬੰਧ ਵਿੱਚ ਲੁਧਿਆਣਾ ਦਿਹਾਤੀ ਦੀ ਪੁਲਿਸ ਐੱਸ ਐੱਸ ਪੀ ਜਗਰਾਉਂ ਅਤੇ ਇੰਸਪੈਕਟਰ ਪ੍ਰੇਮ ਸਿੰਘ ਵੱਲੋਂ ਖ਼ੁਦ ਮਾਣਯੋਗ ਅਦਾਲਤ ਵਿੱਚ ਮੇਰੇ ਕਬਜ਼ੇ ਸਬੰਧੀ ਰਿਪੋਰਟ ਦਿੱਤੀ ਹੋਈ ਹੈ। ਜਿਸ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਦੱਸਿਆ ਹੈ ਕਿ ਇਸ ਜ਼ਮੀਨ ‘ਤੇ ਕਬਜਾ ਸੁਖਜੀਤ ਕੌਰ ਦਾ ਹੈ ਅਤੇ ਇਨ੍ਹਾਂ ਵੱਲੋਂ ਹੀ ਕਣਕ ਦੀ ਫ਼ਸਲ ਬੀਜੀ ਗਈ ਹੈ ਅਤੇ ਇਹ ਹੀ ਫ਼ਸਲ ਵੱਢਣ ਦੇ ਪਾਬੰਦ ਹਨ। ਜਿਸ ਦੀ ਕਾਪੀ ਨਾਲ ਨੱਥੀ ਹੈ।
ਸੁਖਜੀਤ ਕੌਰ ਨੇ ਦੱਸਿਆ ਕਿ ਮਿਤੀ 16 ਅਪ੍ਰੈਲ ਨੂੰ ਅਸੀਂ ਆਪਣੀ ਕਣਕ ਦੀ ਫ਼ਸਲ ਵੱਢਣ ਲਈ ਕੰਬਾਈਨ ਲਗਾਈ ਗਈ ਸੀ, ਤਾਂ ਥਾਣਾ ਦਾਖਾ ਦੇ ਇੰਸਪੈਕਟਰ ਪ੍ਰੇਮ ਸਿੰਘ ਵੱਲੋਂ ਪੁਲਿਸ ਟੀਮ ਅਤੇ ਅਣਪਛਾਤੇ ਦੋ ਦਰਜਨ ਗੁੰਡਿਆਂ ਨਾਲ ਆ ਕੇ ਫ਼ਸਲ ਦੀ ਕਟਵਾਈ ਰੋਕ ਦਿੱਤੀ ਅਤੇ ਸਾਡੀ ਨਜ਼ਦੀਕੀ ਔਰਤ ਅੰਜਲੀ ਭੱਲਾ ਨਾਲ ਕੁੱਟ ਮਾਰ ਕੀਤੀ ਅਤੇ ਉਸ ਦੇ ਕੱਪੜੇ ਪਾੜ ਦਿੱਤੇ ਅਤੇ ਫ਼ਸਲ ਕੱਟਣ ਲਈ ਆਈ ਕੰਬਾਈਨ ਨੂੰ ਵੀ ਥਾਣੇ ਲੈ ਗਏ। ਇਸ ਸਬੰਧ ਵਿੱਚ ਜੱਦੋ ਅਸੀ ਥਾਣੇ ਗਏ ਤਾਂ ਇੰਸਪੈਕਟਰ ਪ੍ਰੇਮ ਸਿੰਘ ਵੱਲੋਂ ਸਾਨੂੰ ਭੱਦੀ ਭਾਸ਼ਾ ਦੀ ਵਰਤੋਂ ਕਰਦੇ ਹੋਏ ਕਿਹਾ ਕਿ ਕੈਪਟਨ ਸੰਦੀਪ ਸਿੰਘ ਸੰਧੂ ਵੱਲੋਂ ਹੁਕਮ ਹਨ ਕਿ ਇਹ ਫ਼ਸਲ ਸੁਖਵਿੰਦਰ ਕੌਰ ਨੂੰ ਵਢਾਉਣੀ ਹੈ, ਤੁਸੀਂ ਜੋ ਕਰਨਾ ਹੈ ਕਰ ਲਵੋ। ਸੁਖਜੀਤ ਕੌਰ ਨੇ ਦੱਸਿਆ ਕਿ ਅਸੀਂ ਇਹ ਸਾਰਾ ਮਾਮਲਾ ਐੱਸ ਐੱਸ ਪੀ ਜਗਰਾਉਂ ਚਰਨਜੀਤ ਸਿੰਘ ਸੋਹਲ ਦੇ ਧਿਆਨ ਵਿੱਚ ਲਿਆਂਦਾ ਤਾਂ ਉਨ੍ਹਾਂ ਵੱਲੋਂ ਸਾਨੂੰ ਇਨਸਾਫ਼ ਦਾ ਭਰੋਸਾ ਦਿੱਤਾ। ਮਿਤੀ 16 ਅਪ੍ਰੈਲ ਨੂੰ ਹੀ ਅਸੀਂ ਸਾਡੀ ਨਜ਼ਦੀਕੀ ਅੰਜਲੀ ਭੱਲਾ ਦੀ ਹੋਈ ਕੁੱਟਮਾਰ ਸਬੰਧੀ ਮੈਡੀਕਲ ਕਰਵਾ ਕੇ ਪੁਲਿਸ ਸ਼ਿਕਾਇਤ ਦਰਜ਼ ਕਰਵਾ ਦਿੱਤੀ ਸੀ,ਪਰ ਸਾਡੀ ਸ਼ਿਕਾਇਤ ਤੇ ਕੋਈ ਕਾਰਵਾਈ ਨਹੀ ਹੋਈ।
ਸੁਖਜੀਤ ਕੌਰ ਨੇ ਕਿਹਾ ਕਿ ਮਿਤੀ 19 ਅਪ੍ਰੈਲ ਰਾਤ ਨੂੰ ਇੰਸਪੈਕਟਰ ਪ੍ਰੇਮ ਸਿੰਘ ਦੀ ਹਾਜ਼ਰੀ ਵਿੱਚ ਸੌ ਦੇ ਕਰੀਬ ਗੁੰਡਿਆਂ ਵੱਲੋਂ ਤਿੰਨ ਕੰਬਾਈਨਾਂ ਨਾਲ ਕਣਕ ਵੱਢਣ ਬਾਰੇ ਜਦੋਂ ਮੈਨੂੰ ਪਤਾ ਤਾਂ ਮੈਂ ਤੁਰੰਤ ਆਪਣੇ ਘਰ ਲੁਧਿਆਣਾ ਤੋਂ ਹਸਨਪੁਰ ਜਾਣ ਲਈ ਨਿਕਲੀ ਤਾਂ ਮੇਰੀ ਗੱਡੀ ਦੇ ਪਿੱਛੇ ਦੋ ਗੱਡੀਆਂ ਲੱਗ ਗਈਆ, ਜਿਨ੍ਹਾਂ ਵੱਲੋਂ ਆਪਣੀਆਂ ਗੱਡੀਆਂ ਮੇਰੀ ਗੱਡੀ ਦੇ ਬਰਾਬਰ ਲਗਾ ਕੇ ਮੈਨੂੰ ਗਾਲ੍ਹਾਂ ਕੱਢਣ ਦੇ ਨਾਲ ਮਾਰ ਦੇਣ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਉਨ੍ਹਾਂ ਕਿਹਾ ਕਿ ਜਦ ਉਨ੍ਹਾਂ ਵੱਲੋਂ ਆਪਣੀ ਗੱਡੀ ਤੇਜ਼ ਕਰਦੇ ਅੱਗੇ ਨਿਕਲਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਕਤ ਗੁੰਡਿਆਂ ਵੱਲੋਂ ਹਵਾਈ ਫਾਇਰ ਵੀ ਕੀਤੀ ਗਏ, ਜਿਸ ਕਾਰਨ ਮੈਂ ਘਬਰਾ ਕੇ ਆਪਣੇ ਪਿੰਡ ਜਾਣ ਦੀ ਬਜਾਏ ਥਾਣਾ ਦਾਖਾ ਵਿਖੇ ਚਲੀ ਗਈ। ਉਨ੍ਹਾਂ ਕਿਹਾ ਕਿ ਮੈਂ ਇਸ ਸਾਰੇ ਮਾਮਲੇ ਬਾਰੇ ਐੱਸ ਐੱਸ ਪੀ ਜਗਰਾਉਂ ਚਰਨਜੀਤ ਸਿੰਘ ਸੋਹਲ ਅਤੇ ਆਈ ਜੀ ਲੁਧਿਆਣਾ ਨੌਨਿਹਾਲ ਸਿੰਘ ਨਾਲ ਫੋਨ ਤੇ ਵਾਰ-ਵਾਰ ਗੱਲ ਕਰਦੀ ਰਹੀ ਅਤੇ ਪੁਲਿਸ ਹੈਲਪ ਲਾਇਨ 181 ਅਤੇ 100 ਨੰਬਰ ਤੇ ਸ਼ਿਕਾਇਤ ਦਰਜ ਕਰਵਾਉਂਦੀ ਰਹੀ, ਪਰ ਮੈਨੂੰ ਕੋਈ ਇਨਸਾਫ਼ ਨਹੀ ਮਿਲਿਆ। ਜਿਸ ਦੀ ਕਾਲ ਰਿਟੇਲ ਨਾਲ ਨੱਥੀ ਹੈ। ਥਾਣਾ ਦਾਖਾ ਇੰਸਪੈਕਟਰ ਪ੍ਰੇਮ ਸਿੰਘ ਅਤੇ ਡੀ ਐੱਸ ਪੀ ਵੱਲੋਂ ਸ਼ਰੇਆਮ ਕਾਨੂੰਨ ਨੂੰ ਛਿੱਕੇ ਟੰਗ ਕੇ ਮੇਰੀ ਜਬਰੀ ਕਣਕ ਦੀ ਫ਼ਸਲ ਵਢਾ ਕੇ ਸ਼ਰੇਆਮ ਮੇਰੇ ਹੱਕ ‘ਤੇ ਡਾਕਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਉਹ ਅੱਜ ਐੱਸ ਐੱਸ ਪੀ ਜਗਰਾਉਂ ਚਰਨਜੀਤ ਸਿੰਘ ਸੋਹਲ ਨੂੰ ਮਿਲ ਕੇ ਆਏ ਹਨ ਅਤੇ ਉਨ੍ਹਾਂ ਵੱਲੋਂ ਇੰਸਪੈਕਟਰ ਪ੍ਰੇਮ ਸਿੰਘ ਨੂੰ ਸਸਪੈਂਡ ਕਰਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦਾ ਮੈਨੂੰ ਭਰੋਸਾ ਦਿੱਤਾ ਹੈ। ਸੁਖਜੀਤ ਕੌਰ ਨੇ ਕਿਹਾ ਕਿ ਜੇਕਰ ਪੁਲਿਸ ਅਧਿਕਾਰੀਆਂ ਵੱਲੋਂ ਅਗਲੇ 24 ਘੰਟੇ ਵਿੱਚ ਇੰਸਪੈਕਟਰ ਪ੍ਰੇਮ ਸਿੰਘ ਨੂੰ ਸਸਪੈਂਡ ਕਰਦੇ ਦੋਸ਼ੀਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਨਹੀ ਕੀਤਾ ਤਾਂ ਮੈਂ ਮਾਣਯੋਗ ਹਾਈਕੋਰਟ ਵਿੱਚ ਅਪੀਲ ਦੇ ਨਾਲ ਐੱਸ ਐੱਸ ਪੀ ਜਗਰਾਉਂ ਦੇ ਦਫ਼ਤਰ ਬਾਹਰ ਧਰਨੇ ‘ਤੇ ਬੈਠਾਂਗੀ।
ਸੁਖਜੀਤ ਕੌਰ ਨੇ ਕਿਹਾ ਕਿ ਉਹ ਪਿਛਲੇ 30 ਸਾਲ ਤੋਂ ਕਾਂਗਰਸ ਪਾਰਟੀ ਦੇ ਸਰਗਰਮ ਮੈਂਬਰ ਹਨ ਅਤੇ ਮੌਜੂਦਾ ਸਮੇਂ ਮਾਰਕੀਟ ਕਮੇਟੀ ਮੂਨਕ ਦੇ ਚੇਅਰਪਰਸਨ ਵੀ ਹਨ, ਪਰ ਜਿਸ ਕਦਰ ਕੈਪਟਨ ਸੰਦੀਪ ਸੰਧੂ ਵੱਲੋਂ ਸੀ ਐਨ ਦਫ਼ਤਰ ਦਾ ਗਲਤ ਇਸਤੇਮਾਲ ਕਰਦੇ ਆਮ ਲੋਕਾਂ ਨਾਲ ਧੱਕਾ ਕੀਤਾ ਜਾਦਾ ਹੈ, ਉਹ ਬੇਹੱਦ ਸ਼ਰਮਨਾਕ ਹੈ। ਉਹ ਜਲਦ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਪ੍ਰਧਾਨ ਸੁਨੀਲ ਜਾਖੜ ਸਮੇਤ ਦਿੱਲੀ ਵਿਖੇ ਸੀਨੀਅਰ ਕਾਂਗਰਸ ਨੇਤਾਵਾਂ ਨਾਲ ਸੰਪਰਕ ਕਰਦੇ ਕੈਪਟਨ ਸੰਦੀਪ ਸੰਧੂ ਨਾਂ ਦਾ ਕਾਂਗਰਸ ਨੂੰ ਲੱਗਿਆ ਕਲੰਕ ਸਾਫ਼ ਕਰਵਾਉਣ ਦਾ ਯਤਨ ਕਰਨਗੇ। ਸੁਖਜੀਤ ਕੌਰ ਨੇ ਕੈਪਟਨ ਸੰਦੀਪ ਸੰਧੂ ਅਤੇ ਇੰਸਪੈਕਟਰ ਪ੍ਰੇਮ ਸਿੰਘ ਤੇ ਡਾ. ਕਰਨ ਵੜਿੰਗ ਤੋਂ ਆਪਣੀ ਜਾਨ ਨੂੰ ਖ਼ਤਰਾ ਹੋਣ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜੇਕਰ ਭਵਿੱਖ ਅੰਦਰ ਉਸ ਨੂੰ ਜਾ ਉਸ ਦੇ ਪਰਿਵਾਰ ਨੂੰ ਕੋਈ ਵੀ ਜਾਨੀ ਨੁਕਸਾਨ ਪਹੁੰਚਦਾ ਹੈ, ਤਾਂ ਉਸ ਦੇ ਉਕਤ ਤਿੰਨੋ ਵਿਅਕਤੀ ਜ਼ਿੰਮੇਵਾਰ ਹੋਣਗੇ। ਸੁਖਜੀਤ ਕੌਰ ਨੇ ਕਿਹਾ ਕਿ ਮੇਰੇ ਨਾਲ ਹੋਈ ਇਸ ਵਧੀਕੀ ਕਾਰਨ ਹਲਕਾ ਦਾਖਾ ਵਿੱਚ ਵਿਚਰਦੇ ਹੋਏ ਮੈਨੂੰ ਸੈਂਕੜੇ ਅਜਿਹੇ ਲੋਕ ਮਿਲੇ ਜੋ ਇੰਸਪੈਕਟਰ ਪ੍ਰੇਮ ਸਿੰਘ ਅਤੇ ਕੈਪਟਨ ਸੰਦੀਪ ਸੰਧੂ ਤੋਂ ਬੇਹੱਦ ਪੀੜਤ ਹਨ। ਉਨ੍ਹਾਂ ਕਿਹਾ ਕਿ ਉਹ ਹੁਣ ਹਲਕਾ ਦਾਖਾ ਦੇ ਪੀੜਤ ਲੋਕਾਂ ਦੀ ਆਵਾਜ਼ ਵੀ ਬਣਨਗੇ ਅਤੇ ਕਾਂਗਰਸ ਅਤੇ ਪੁਲਿਸ ਦੀਆਂ ਵਧੀਕੀਆਂ ਖ਼ਿਲਾਫ਼ ਸੰਘਰਸ਼ ਦਾ ਰਾਬਤਾ ਅਖ਼ਤਿਆਰ ਕਰਨਗੇ।