Interpretation of difficult : ਇੱਕ ਵਾਰ ਅੱਠਵੇਂ ਗੁਰੂ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਇਕ ਨਗਰ ਵਿਚ ਪੜਾਅ ਕੀਤਾ ਦੂਰ ਦੂਰ ਦੇ ਲੋਕ ਤੇ ਉਸ ਪਿੰਡ ਦੇ ਲੋਕ ਦਰਸ਼ਨ ਕਰਨ ਨੂੰ ਆਏ । ਉਸ ਨਗਰ ਵਿਚ ਇਕ ਲਾਲ ਨਾਮ ਦਾ ਪੰਡਤ ਸੀ । ਉਸਨੇ ਗੀਤਾ ਤੇ ਸੰਸਕ੍ਰਿਤ ਦੇ ਹੋਰ ਗ੍ਰੰਥ ਪੜੇ ਹੋਏ ਸਨ । ਉਸਨੂੰ ਵਿਦਿਆ ਦਾ ਹੰਕਾਰ ਸੀ। ਉਸਨੇ ਜਦੋਂ ਸਤਿਗੁਰੂ ਨੇ ਜੀ ਦੇ ਦਰਸ਼ਨ ਕੀਤੇ ਤਾਂ ਉਸਦੇ ਮਨ ਵਿਚ ਹੰਕਾਰ ਨੇ ਆ ਡੇਰੇ ਲਾਏ ਹੁੰਕਾਰ ਦੇ ਨਾਲ ਸ਼ੰਕਾ ਆ ਫੁਰੀ ਕਿ ਇਨ੍ਹਾਂ ਦਾ ਨਾਮ ਹਰਿਕ੍ਰਿਸ਼ਨ ਹੈ ਜਿਸਦਾ ਅਰਥ ਵਡੇ ਕ੍ਰਿਸ਼ਨ ਜੀ ਪਰ ਇਨ੍ਹਾਂ ਦੀ ਆਯੂ ਬਹੁਤ ਛੋਟੀ ਹੈ । ਉਸ ਦੁਆਪਰ ਦੇ ਯਾਦਵੰਸ਼ੀ ਕ੍ਰਿਸ਼ਨ ਨੇ ਤਾਂ ਗੀਤਾ ਦਾ ਉਚਾਰਨ ਕੀਤਾ ਸੀ ਮੈਂ ਇਹ ਜਾਨਣਾ ਚਾਹੁੰਦਾ ਹਾਂ ਕਿ ਕੀ ਇਹ ਹਰ ਕ੍ਰਿਸ਼ਨ ਜੀ ਜੋ ਆਪਣੇ ਆਪਨੂੰ ਸਚੇ ਸਤਿਗੁਰੂ ਵੀ ਆਖਵਾਉਂਦੇ ਹਨ ਭਲਾ ਗੀਤਾ ਦੇ ਅਰਥ ਕਰ ਸਕਦੇ ਹਨ ਕਿ ਨਹੀਂ ਹੈ ਇਹ ਸ਼ੰਕਾ ਉਹਨੇ ਮਨ ਵਿਚ ਧਾਰੀ। ਸਤਿਗੁਰੂ ਪੰਡਤ ਦੀ ਮਨੋਭਾਵਨਾ ਨੂੰ ਸਮਝ ਗਏ । ਉਨ੍ਹਾਂ ਪੰਡਤ ਲਾਲ ਨੂੰ ਪੁਛਿਆ – ਪੰਡਤ ਜੀ ! ਕਿਹੜੀਆਂ ਵਿਚਾਰਾਂ ਵਿਚ ਗੋਤੇ ਖਾ ਰਹੈ ਜੇ ? ਜੇ ਕੋਈ ਸ਼ੰਕਾ ਫੁਰਿਆ ਹੈ ਤਾਂ ਉਸਨੂੰ ਪ੍ਰਗਟ ਕਰੋ ।
ਹੇ ਸਤਿਗੁਰੂ ! ਮੇਰੇ ਹਿਰਦੇ ਵਿਚ ਆਈ ਹੈ ਕਿ ਮੈਂ ਆਪ ਕੋਲੋਂ ਗੀਤਾ ਦੇ ਅਰਥ ਸੁਣਾ ਕਿਉਂਕਿ ਮੈਨੂੰ ਗੀਤਾ ਗਿਆਨ ਨਾਲ ਪਰੀਤ ਹੈ । ਦੀਨ ਦਇਆਲ ਸਤਿਗੁਰੂ ਜੀ ਮੁਸਕਰਾਏ ਇਕ ਨਿਰਾਲੀ ਮੁਸਕਰਾਹਟ ਨਾਲ ਪੰਡਤ ਨੂੰ ਆਖਣ ਲਗੇ ਪੰਡਿਤ ਜੀ ! ਆਪਨੂੰ ਸ਼ੱਕ ਹੈ ਕਿ ਮੈਂ ਪੜਿਆ ਹੋਇਆ ਨਹੀਂ । ਇਸ ਵਾਸਤੇ ਮੇਰੀ ਪ੍ਰੀਖਿਆ ਕਰਨਾ ਚਾਹੁੰਦੇ ਜੇ ਜਾਓ ਕਿਸੇ ਅਨਪੜ੍ਹ ਆਦਮੀ ਨੂੰ ਲਭਕੇ ਲੈ ਆਓ । ਉਸ ਕੋਲੋਂ ਗੀਤਾ ਦੇ ਅਰਥ ਕਰਾਏ ਜਾਣਗੇ । ਕਿਉਂਕਿ ਜੇ ਮੈਂ ਅਰਥ ਕੀਤੇ ਤਾਂ ਫਿਰ ਆਪ ਨੂੰ ਸ਼ੱਕ ਰਹੇਗਾ ਕਿ ਸ਼ਾਇਦ ਇਹਨਾਂ ਦੇ ਬਜ਼ੁਰਗਾਂ ਨੇ ਇਹਨਾਂ ਨੂੰ ਗੀਤਾ ਪੜ੍ਹਾਈ ਹੋਵੇ । ਇਹ ਸੁਣਕੇ ਪੰਡਤ ਸ਼ਰਮਿੰਦਾ ਵੀ ਹੋਇਆ ਤੇ ਖੁਸ਼ ਵੀ ਉਹ ਸਤਿਗੁਰੂ ਜੀ ਕੋਲੋਂ ਉਠਕੇ ਨਗਰ ਨੂੰ ਚਲਿਆ ਗਿਆ । ਉਸ ਨਗਰ ਵਿਚ ਇੱਕ ਛਜੂ ਝੀਵਰ ਸੀ । ਭਾਈ ਛਜੂ ਬਹੁਤ ਗਰੀਬ ਤੇ ਮੂਰਖ ਸੀ । ਉਹ ਭੱਠੀ ਉਤੇ ਦਾਣੇ ਭੁੰਨਦਾ ਰਹਿੰਦਾ । ਦੀਨ ਦੁਨੀਆਂ ਤੇ ਆਪਣੇ ਆਪ ਦਾ ਉਸਨੂੰ ਕੋਈ ਗਿਆਨ ਨਹੀਂ ਸੀ । ਪੰਡਤ ਲਾਲ ਉਸ ਨੂੰ ਸਤਿਗੁਰਾਂ ਦੇ ਹਜ਼ੂਰ ਲੈ ਆਇਆ।
ਸਤਿਗੁਰੂ ਨੇ ਭਾਈ ਛਜੂ ਨੂੰ ਦੇਖਦੇ ਸਾਰ ਆਖਿਆ ਆ ਪੰਡਿਤ ਛਜੂ ! ਤੂੰ ਪੂਰਬਲੇ ਜਨਮ ਦਾ ਪੰਡਤ ਹੈਂ ਕਰਮਾਂ ਦੀ ਭਾਗੀ ਗਿਆਨ ਤੋਂ ਦੂਰ ਚਲਿਆ ਗਿਆ ਸੈਂ । ਪੰਡਿਤ ਜੀ ਹੁਰਾਂ ਨੂੰ ਗੀਤਾ ਦੇ ਅਰਥ ਕਰਕੇ ਸੁਣਾ। ਸਤਿਗੁਰੂ ਜੀ ਦੇ ਇਸ ਬਚਨ ਨੇ ਸਚਮੁਚ ਛਜੂ ਦੀ ਆਤਮਾ ਨੂੰ ਸੁਰਜੀਤ ਕਰ ਦਿਤਾ । ਉਸਨੂੰ ਗਿਆਨ ਹੋ ਗਿਆ ਪਰ ਛਜੂ ਅਜੇ ਘਬਰਾਹਟ ਵਿਚ ਸੀ ਉਹ ਹਥ ਜੋੜਕੇ ਸਤਿਗੁਰੂ ਜੀ ਅਗੇ ਪ੍ਰਾਰਥਨਾ ਕਰਨ ਲਗਾ ਦਾਤਾ! ਇਹ ਜੀਵ ਪੁਤਲੀ ਦੀ ਨਿਆਈਂ ਹੈ । ਪੰਡਤ ਲਾਲ ਛਜੂ ਅਗਿਆਨੀ ਦੀ ਜ਼ੁਬਾਨੋਂ ਗਿਆਨੀਆਂ ਵਰਗੇ ਬਚਨ ਸੁਣਕੇ ਕੁਝ ਸ਼ਰਮਿੰਦਾ ਹੋਇਆ ਪਰ ਉਸਦੇ ਮਨ ਦੀ ਸ਼ੰਕਾ ਅਜੇ ਵੀ ਦੂਰ ਨਾ ਹੋਈ । ਅੰਤਰਜਾਮੀ ਸਤਿਗੁਰੂ ਉਹਦੇ ਮਨੋਭਾਵਾਂ ਨੂੰ ਜਾਚ ਗਏ ਤੇ ਆਖਣ ਲਗੇ- ਹਾਂ ਪੰਡਤ ਜੀ ! ਆਪ ਗੀਤਾ ਦਾ ਸਲੋਕ ਪੜੋ ਤੇ ਛੱਜੂ ਰਾਮ ਅਰਥ ਕਰੇਗਾ । ਇਹ ਆਖਕੇ ਸਤਿਗੁਰਾਂ ਨੇ ਛਜੂ ਦੇ ਸਿਰ ਉਤੇ ਆਪਣੀ ਛਿਟੀ ਰਖ ਦਿਤੀ । ਉਸ ਛਿਟੀ ਦੇ ਰਖਣ ਨਾਲ ਛਜੂ ਸਚਮੁਚ ਪੰਡਤ ਹੋ ਗਿਆ । ਗੀਤਾ ਦਾ ਹਰ ਇਕ ਸ਼ਬਦ ਉਸ ਦੀ ਜ਼ਬਾਨ ਉਤੇ ਆ ਗਿਆ | ਪੰਡਤ ਲਾਲ ਨੇ ਇਕ ਸਲੋਕ ਪੜਿਆ , ਜਿਸ ਸਲੋਕ ਨੂੰ ਉਹ ਸਭ ਤੋਂ ਕਠਿਨ ਤੇ ਭਾਵ ਅਨੁਸਾਰ ਮਹਿੰਗਾ ਸਮਝਦਾ ਸੀ । ਸ਼ਲੋਕ ਨੂੰ ਸੁਣਕੇ ਛੱਜੂ ਨੇ ਉਸਦਾ ਅਰਥ ਕੀਤਾ , ਸ੍ਰੀ ਕ੍ਰਿਸ਼ਨ ਜੀ ਆਖ ਰਹੇ ਨੇ – ਹੇ ਅਰਜਨ ! ਮੋਹ ਦੀ ਕਾਲਖ ਲਾ ਹੇ ਬਿਨਾਂ ਆਤਮਾ ਨਿਰਮਲ ਨਹੀਂ ਹੁੰਦੀ । ਆਤਮਾ ਦੇ ਨਿਰਮਲ ਹੋਏ ਬਿਨਾਂ ਸਚੇ ਗਿਆਨ ਦਾ ਗਿਆਨ ਨਹੀਂ ਹੁੰਦਾ । ਇਉਂ ਸਰਲ ਅਰਥ ਸੁਣਕੇ ਪੰਡਤ ਲਾਲ ਦੀਆਂ ਅੱਖਾਂ ਨੀਵੀਆਂ ਹੋ ਗਈਆਂ , ਉਹ ਸਤਿਗੁਰਾਂ ਜੀ ਦੇ ਚਰਨ ਕਮਲਾਂ ਉਤੇ ਡਿਗ ਪਿਆ । ਉਸਨੇ ਮੱਥਾ ਟੇਕਿਆ ।