India sees 3.46 lakh Covid cases: ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਤਬਾਹੀ ਮਚਾ ਰਹੀ ਹੈ। ਜਿਸ ਕਾਰਨ ਹਰ ਰਾਜ ਵਿੱਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ । ਦੇਸ਼ ਦੇ ਹਰ ਰਾਜ ਵਿੱਚ ਸਥਿਤੀ ਇੰਨੀ ਭਿਆਨਕ ਹੋ ਗਈ ਹੈ ਕਿ ਮਰੀਜ਼ਾਂ ਨੂੰ ਹਸਪਤਾਲ ਵਿੱਚ ਬੈੱਡ ਤੱਕ ਨਹੀਂ ਮਿਲ ਰਹੇ ਹਨ ਅਤੇ ਕੋਰੋਨਾ ਮਰੀਜ਼ ਹਸਪਤਾਲ ਦੇ ਬਾਹਰ ਹੀ ਦਮ ਤੋੜ ਰਹੇ ਹਨ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਕੋਰੋਨਾ ਦੇ ਨਵੇਂ ਕੇਸ ਆਉਣ ਤੋਂ ਬਾਅਦ ਦੇਸ਼ ਵਿੱਚ ਕੁੱਲ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 1 ਕਰੋੜ 66 ਲੱਖ 10 ਹਜ਼ਾਰ 481 ਹੋ ਗਈ ਹੈ । ਪਿਛਲੇ 24 ਘੰਟਿਆਂ ਵਿੱਚ ਕੈਰੋਨਾ ਵਾਇਰਸ ਦੇ 3,46,786 ਨਵੇਂ ਕੇਸ ਸਾਹਮਣੇ ਆਏ ਹਨ, ਜਦੋਂ ਕਿ 2624 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਸਿਹਤ ਮੰਤਰਾਲੇ ਦੇ ਅਨੁਸਾਰ ਦੇਸ਼ ਵਿੱਚ ਹੁਣ ਤੱਕ 1 ਕਰੋੜ 38 ਲੱਖ 67 ਹਜ਼ਾਰ 997 ਲੋਕ ਠੀਕ ਹੋ ਚੁੱਕੇ ਹਨ, ਜਦੋਂਕਿ ਇਸ ਸਮੇਂ 25 ਲੱਖ 52 ਹਜ਼ਾਰ 940 ਸਰਗਰਮ ਕੇਸ ਹਨ । ਪਿਛਲੇ 24 ਘੰਟਿਆਂ ਵਿੱਚ ਹੋਈਆਂ ਮੌਤਾਂ ਤੋਂ ਬਾਅਦ ਦੇਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ 1 ਲੱਖ 89 ਹਜ਼ਾਰ 544 ਹੋ ਗਈ ਹੈ।
ਮਹਾਰਾਸ਼ਟਰ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਦਾ ਕਹਿਰ ਜਾਰੀ ਹੈ । ਰਾਜ ਵਿੱਚ ਸ਼ੁੱਕਰਵਾਰ ਨੂੰ ਕੋਰੋਨਾ ਮਹਾਂਮਾਰੀ ਦੇ ਕਾਰਨ 773 ਲੋਕਾਂ ਦੀ ਮੌਤ ਹੋ ਗਈ, ਜੋ ਕਿ ਇੱਕ ਦਿਨ ਵਿੱਚ ਸਭ ਤੋਂ ਵੱਧ ਹੋਈਆਂ ਮੌਤਾਂ ਦੀ ਗਿਣਤੀ ਹੈ । ਉੱਥੇ ਹੀ ਇਸ ਦੌਰਾਨ 66,836 ਤੋਂ ਵੱਧ ਮਾਮਲੇ ਵੀ ਸਾਹਮਣੇ ਆਏ ਹਨ । ਹਾਲਾਂਕਿ, ਰਾਜ ਲਈ ਰਾਹਤ ਇਹ ਹੈ ਕਿ ਇਸ ਦੌਰਾਨ 74,045 ਮਰੀਜ਼ ਸਿਹਤਮੰਦ ਹੋ ਕੇ ਘਰ ਪਰਤੇ ਹਨ। ਇਸਦੇ ਨਾਲ ਹੀ ਰਾਜ ਵਿੱਚ 6,91,851 ਕਿਰਿਆਸ਼ੀਲ ਕੇਸ ਹਨ।
ਦੱਸ ਦੇਈਏ ਕਿ ਮਹਾਰਾਸ਼ਟਰ ਤੋਂ ਇਲਾਵਾ ਦਿੱਲੀ ਵਿੱਚ ਵੀ ਕੋਰੋਨਾ ਦਾ ਤਾਂਡਵ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ 348 ਲੋਕਾਂ ਦੀ ਮੌਤ ਕੋਰੋਨਾ ਦੀ ਲਾਗ ਕਾਰਨ ਹੋਈ ਹੈ। ਉੱਥੇ ਹੀ 24 ਘੰਟਿਆਂ ਦੌਰਾਨ ਇੱਥੇ 24331 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ।