Committee of Inquiry : ਅੱਜ ਜਿਲ੍ਹਾ ਅੰਮ੍ਰਿਤਸਰ ਵਿਚ ਨੀਲਕੰਠ ਹਸਪਤਾਲ ਵਿਚ ਆਕਸੀਜਨ ਦੀ ਕਮੀ ਨਾਲ 6 ਮਰੀਜ਼ਾਂ ਦੀ ਮੌਤ ਹੋ ਗਈ ਤੇ ਪਰਿਵਾਰ ਵਾਲਿਆਂ ਦੇ ਰੋ ਰੋ ਕੇ ਬੁਰੇ ਹਾਲ ਹੋ ਰਹੇ ਹਨ। ਮੌਤ ਹੋਣ ਤੋਂ ਬਾਅਦ ਕੋਈ ਵੀ ਪ੍ਰਸ਼ਾਸਨਿਕ ਜਾਂ ਸਿਹਤ ਅਧਿਕਾਰੀ ਮੌਕੇ ਤੇ ਨਹੀਂ ਪੁੱਜਾ । ਹਸਪਤਾਲ ਦੇ ਮਾਲਕ ਸੁਨੀਲ ਦੇਵਗਨ ਨੇ ਕਿਹਾ ਕਿ ਉਨ੍ਹਾਂ ਦੇ ਹਸਪਤਾਲ ਵਿੱਚ ਆਕਸੀਜਨ ਦੀ ਕਮੀ ਹੈ। ਇਸ ਲਈ ਉਹ ਕੋਈ ਵੀ ਕਰੋਨਾ ਮਰੀਜ਼ ਦਾਖਲ ਨਹੀਂ ਕਰ ਰਹੇ ਹਨ। ਪਰ ਮਰੀਜ਼ਾਂ ਦੇ ਵਾਰ ਵਾਰ ਕਹਿਣ ‘ਤੇ ਉਹ ਉਨ੍ਹਾਂ ਤੋਂ ਇਕ ਪੇਪਰ ਸਾਈਨ ਕਰਵਾ ਲੈਂਦੇ ਹਨ ਜਿਸ ‘ਤੇ ਲਿਖਿਆ ਹੈ ਕਿ ਆਕਸੀਜਨ ਦੀ ਕਮੀ ਕਰ ਕੇ ਅਗਰ ਮਰੀਜ਼ ਦੀ ਮੌਤ ਹੋਈ ਤਾਂ ਹਸਪਤਾਲ ਇਸ ਲਈ ਜ਼ਿੰਮੇਵਾਰ ਨਹੀਂ ਹੋਵੇਗਾ। ਪੰਜਾਬ ਦੇ ਕੇਂਦਰੀ ਮੰਤਰੀ ਓਮ ਪ੍ਰਕਾਸ਼ ਸੋਨੀ ਦਾ ਕਹਿਣਾ ਹੈ ਕਿ ਇਹ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਉਣਾ ਚਾਹੀਦਾ ਸੀ। ਇਸ ਮਾਮਲੇ ਦੀ ਜਾਂਚ ਲਈ ਇਕ ਜਾਂਚ ਕਮੇਟੀ ਬਣਾਈ ਗਈ ਹੈ ।
ਇਸ ਘਟਨਾ ਸਬੰਧੀ ਹਸਪਤਾਲ ਦੇ MD ਨੇ ਪ੍ਰਸ਼ਾਸਨ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰੀ ਹਸਪਤਾਲਾਂ ‘ਚ ਆਕਸੀਜਨ ਦੀ ਸਪਲਾਈ ਕੀਤੀ ਜਾ ਰਹੀ ਹੈ, ਪਰ ਨਿੱਜੀ ਹਸਪਤਾਲਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਆਕਸੀਜਨ ਦੀ ਕਮੀ ਹੋਣ ਕਾਰਨ ਅਸੀਂ ਮਰੀਜ਼ਾਂ ਨੂੰ ਦਾਖਲ ਕਰਨ ਤੋਂ ਮਨ੍ਹਾਂ ਕਰ ਰਹੇ ਹਾਂ ਪਰ ਜਦੋਂ ਮਰੀਜ਼ ਇਲਾਜ ਕਰਵਾਉਣ ਦੀ ਜਿੱਦ ਕਰਨ ਲੱਗ ਜਾਂਦਾ ਹੈ ਤਾਂ ਉਨ੍ਹਾਂ ਤੋਂ ਲਿਖਿਤ ਰੂਪ ਵਿੱਚ ਲਿਖਵਾਇਆ ਜਾਂਦਾ ਹੈ ਕਿ ਕਿਸੇ ਵੀ ਹਾਦਸੇ ਦੇ ਹੋਣ ਲਈ ਹਸਪਤਾਲ ਪ੍ਰਸ਼ਾਸਨ ਜਿੰਮੇਵਾਰ ਨਹੀਂ ਹੋਵੇਗਾ।
ਨੀਲਕੰਠ ਹਸਪਤਾਲ ਅੰਮ੍ਰਿਤਸਰ ਵਿਚ ਆਕਸੀਜਨ ਦੀ ਘਾਟ ਹੋਣ ਕਾਰਨ ਦੇਰ ਰਾਤ ਜਿਹੜੇ 6 ਮਰੀਜ਼ਾਂ ਦੀ ਮੌਤ ਹੋ ਗਈ ਹੈ ਉਨ੍ਹਾਂ ਦੀ ਪਛਾਣ ਕਵਲਜੀਤ ਕੌਰ, ਗੁਰਦਾਸਪੁਰ , ਘੁਮਾਣ (ਅੰਮ੍ਰਿਤਸਰ) ਤੋਂ ਬਲਵੰਤ ਸਿੰਘ, ਛੇਹਰਟਾ ਤੋਂ ਰਾਮ ਪਿਆਰੀ, ਦੀਦਾਰ ਸਿੰਘ ਜੰਡਿਆਲਾ ਅੰਮ੍ਰਿਤਸਰ , ਤਰਤਾਰਨ ਦੇ ਰਹਿਣ ਵਾਲੇ ਸੁਖਦੇਵ ਸਿੰਘ ਵਜੋਂ ਹੋਈ ਹੈ। ਬਟਾਲਾ ਤੋਂ ਰਹਿਣ ਵਾਲਾ ਗੁਰਪ੍ਰੀਤ ਸਿੰਘ ਹੋਰ ਕਾਰਨਾਂ ਕਰਕੇ ਉੱਥੇ ਦਾਖ਼ਲ ਹੋਇਆ ਸੀ ਪਰ ਆਕਸੀਜਨ ਨਾ ਮਿਲਣ ਕਾਰਨ ਉਸ ਨੇ ਵੀ ਦਮ ਤੋੜ ਦਿੱਤਾ।